ਅਫ਼ਰੀਕਾ ਵਿੱਚ ਖੇਤੀਬਾੜੀ ਦੇ ਨਵਉਦਾਰਵਾਦੀ ਆਧੁਨਿਕੀਕਰਨ ਦਾ ਕਹਿਰ
ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਸਰਕਾਰ ਦੁਆਰਾ ਦਹਾਕਿਆਂ ਤੋਂ ਲਾਗੂ ਕੀਤੇ ਜਾ ਰਹੇ ਉਹਨਾਂ ਸਮਝੌਤਿਆਂ ਦਾ ਸਿੱਟਾ ਹੈ ਜਿਨ੍ਹਾਂ ਨਾਲ ਵਿਦੇਸ਼ੀ ਕੰਪਨੀਆਂ ਦਾ ਬਜ਼ਾਰ ਉੱਪਰ ਕਬਜ਼ਾ ਅਤੇ ਬੀਜ ਦੀਆਂ ਕੀਮਤਾਂ ਉੱਪਰ ਇਜ਼ਾਰੇਦਾਰੀ ਕਾਇਮ ਕੀਤੀ ਜਾਵੇਗੀ।
ਕ੍ਰਿਸਾਬੂ ਡਿਆਲੋ
April 14, 2021 | 8 min. read
Originally published in English by Hood Communist.
ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਸਰਕਾਰ ਦੁਆਰਾ ਦਹਾਕਿਆਂ ਤੋਂ ਲਾਗੂ ਕੀਤੇ ਜਾ ਰਹੇ ਉਹਨਾਂ ਸਮਝੌਤਿਆਂ ਦਾ ਸਿੱਟਾ ਹੈ ਜਿਨ੍ਹਾਂ ਨਾਲ ਵਿਦੇਸ਼ੀ ਕੰਪਨੀਆਂ ਅਤੇ ਵੱਡੇ ਧਨਾਢ ਸੇਠਾਂ ਦਾ ਬਜ਼ਾਰ ਉੱਪਰ ਕਬਜ਼ਾ ਅਤੇ ਬੀਜ ਦੀਆਂ ਕੀਮਤਾਂ ਉੱਪਰ ਇਜ਼ਾਰੇਦਾਰੀ ਕਾਇਮ ਕੀਤੀ ਜਾਵੇਗੀ।
ਅਫਰੀਕਾ ਦੇ ਕਿਸਾਨ ਵੀ ਹਰ ਸਾਲ ਅਮਰੀਕੀ (ਏ.ਜੀ.ਆਰ.ਏ) ਸਮਝੌਤੇ ਖਿਲਾਫ਼ ਵਿਦਰੋਹ ਕਰਦੇ ਹਨ ਜਿਸ ਨਾਲ ਖੇਤੀਬਾੜੀ ਦੇ ਸਮੁੱਚੇ ਕਿੱਤੇ ਨੂੰ "ਜਣਨ ਵਿਗਾੜਾਂ ਰਾਹੀਂ" (genetically modified) ਬੀਜ ਬਣਾਉਣ ਵਾਲੀਆਂ ਕੰਪਨੀਆਂ ਦੀ ਝੋਲੀ ਪਾ ਦਿੱਤਾ ਗਿਆ।
ਪੱਛਮੀ ਅਫਰੀਕਾ ਦੇ ਬਹੁਤ ਸਾਰੇ ਮੁਲਕਾਂ ਵਿੱਚ ਕਿਸਾਨ ਨੂੰ ਮਹਿੰਗੇ ਬੀਜ ਅਤੇ ਕੀਟਨਾਸ਼ਕ ਖਰੀਦਣ ਲਈ ਮਜਬੂਰੀ ਵੱਸ ਕਰਜ਼ਾ ਲੈਣਾ ਪੈਂਦਾ ਹੈ ਅਤੇ ਮਹੀਨਿਆਂ ਬੱਧੀ ਆਪਣੇ ਪਰਿਵਾਰਾਂ ਨਾਲ ਖੇਤਾਂ ਵਿੱਚ ਅਣਥੱਕ ਮਿਹਨਤ ਕਰਨੀ ਪੈਂਦੀ ਹੈ। ਕਮਾਈ ਦੀ ਵੱਡੀ ਰਕਮ ਬਹੁ-ਰਾਸ਼ਟਰੀ ਕੰਪਨੀਆਂ ਦੇ ਕਰਜ਼ੇ ਭਰਨ ਵਿੱਚ ਲੰਘ ਜਾਂਦੀ ਹੈ ਜਿਹਨਾਂ ਦੀ ਏ.ਜੀ.ਆਰ.ਏ ਨਾਲ ਮਿਲੀਭੁਗਤ ਹੈ ਜਿਸ ਨੂੰ ਬਿੱਲ ਗੇਟਸ ਫ਼ਾਊਂਡੇਸ਼ਨ ਤੋਂ ਪੈਸਾ ਮਿਲਦਾ ਹੈ। ਏ.ਜੀ.ਆਰ.ਏ. ਨੂੰ ਇੱਕ ਭਲਾਈ ਸੰਸਥਾ ਦੇ ਮਖੌਟੇ ਹੇਠ ਪ੍ਰਚਾਰਿਆ ਜਾਂਦਾ ਹੈ ਜੋ ਇੱਕ ਕਥਿਤ ਤੌਰ ਤੇ ਖੇਤੀ ਪੈਦਾਵਾਰ ਸੁਧਾਰਨ, ਸਥਾਨਕ ਖੇਤ ਮਾਲਕ ਅਤੇ ਛੋਟੇ ਖੇਤ ਮਜ਼ਦੂਰਾਂ ਲਈ ਸਹੂਲਤਾਂ ਮੁਹੱਈਆ ਕਰਦੀ ਹੈ। ਪਰ ਵਪਾਰਕ ਬੀਜਾਂ ਅਤੇ ਖੇਤੀ ਰਸਾਇਣਾਂ ਦੀ ਵਿਕਰੀ ਵਧਾਉਣ ਵਿੱਚ ਸਹਾਈ ਹੋਣ ਲਈ ਖਰਚੇ ਗਏ ਵੱਡੇ ਨਿਵੇਸ਼ ਅਫਰੀਕਾ ਦੇ ਦੇਸ਼ਾਂ ਵਿੱਚੋੰ ਭੁੱਖਮਰੀ ਨੂੰ ਖਤਮ ਕਰਨ ਅਤੇ ਛੋਟੇ ਕਿਸਾਨਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੇ ਟੀਚੇ ਪ੍ਰਾਪਤ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੇ ਹਨ। ਏ.ਜੀ.ਆਰ.ਏ. ਨੇ ਲੱਗਭਗ ੨ ਬਿਲੀਅਨ ਡਾਲਰ (੧ ਖਰਬ ੪੬ ਅਰਬ ਰੁਪਇਆ) ਦਾਨ ਵਜੋਂ ਇਕੱਠੇ ਕੀਤੇ ਅਤੇ ੩ ਮਿਲੀਅਨ ਡਾਲਰ (੨੨ ਕਰੋੜ ਰੁਪਇਆ) ਹੀ ਵੰਡੇ ਗਏ ਜੋ ਮੁੱਖ ਤੌਰ ਤੇ ਉਹਨਾਂ ਹੀ ਪ੍ਰੋਗਰਾਮਾਂ ਨੂੰ ਜੋ ਕਾਰਪੋਰੇਟਾਂ ਵੱਲੋਂ ਤਿਆਰ ਕੀਤੇ ਜਣਨ ਵਿਗਾੜਾਂ (Genetically modified) ਰਾਹੀਂ ਤਿਆਰ ਕੀਤੇ ਬੀਜ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਹੀ ਉਤਸ਼ਾਹਤ ਕਰਦੇ ਹਨ। ਏ.ਜੀ.ਆਰ.ਏ. ਨੇ ਉਹਨਾਂ ਦੇ ਪ੍ਰਭਾਵਾਂ ਬਾਰੇ ਕਦੇ ਕੋਈ ਵਿਆਪਕ ਮੁਲਾਂਕਣ ਜਾਂ ਸੂਚਨਾ ਪ੍ਰਦਾਨ ਨਹੀਂ ਕੀਤੀ, ਹਾਲਾਂਕਿ ਸੰਯੁਕਤ ਰਾਸ਼ਟਰ ਮਹਾਂਸਭਾ (United Nations General Assembly) ਨੇ ੧੯੯੭ ਵਿੱਚ ਆਪਣੇ ੫੩ ਵੇਂ ਸੈਸ਼ਨ ਦੌਰਾਨ ਜੈਵਿਕ ਵਿਭਿੰਨਤਾ ਸੰਬੰਧੀ ਕਨਵੈਨਸ਼ਨ ਵਿੱਚ ਇੱਕ ਮਤਾ ਪਾਸ ਕਰਦਿਆਂ ਕਿਹਾ ਸੀ “ਸੰਸਥਾਵਾਂ ਨਵੇਂ ਤਕਨੀਕੀ ਵਿਕਾਸ ਦਾ ਵਿਗਿਆਨਕ ਵਿਸ਼ਲੇਸ਼ਣ ਦੇ ਤਰੀਕਿਆਂ ਨਾਲ ਡੂੰਘਾ ਅਧਿਐਨ ਅਤੇ ਨਿਗਰਾਨੀ ਕਰਨ ਜਿਸ ਨਾਲ ਜੈਵਿਕ ਵਿਭਿੰਨਤਾ ਦੀ ਸੰਭਾਲ ਅਤੇ ਸੰਤੁਲਤ ਵਰਤੋਂ ਨਾਲ ਸੰਭਾਵਿਤ ਮਾੜੇ ਪ੍ਰਭਾਵਾਂ ਨੂੰ ਰੋਕਿਆ ਜਾ ਸਕੇ ਜਿਸ ਦਾ ਪ੍ਰਭਾਵ ਕਿਸਾਨਾਂ ਅਤੇ ਸਥਾਨਕ ਭਾਈਚਾਰਿਆਂ' ਤੇ ਪੈ ਸਕਦਾ ਹੈ।”
ਬਹੁਤ ਸਾਰੇ ਕਿਸਾਨ "ਜਣਨ ਵਿਗਾੜ ਵਾਲੇ" (Genetically modified) ਬੀਜਾਂ ਦੇ ਖ਼ਤਰੇ ਨਾਲ ਨਜਿੱਠਣ ਵਿੱਚ ਅਸਮਰੱਥ ਹਨ, ਉਹ ਮੰਨਦੇ ਹਨ ਕਿ ਇੱਕ ਵੱਡੇ ਜਾਲ ਵਿੱਚ ਫ਼ਸ ਗਏ ਹਨ ਜੋ ਕਿ ਗੇਟਸ ਫਾਊਂਡੇਸ਼ਨ ਦੇ ਸਰਕਾਰੀ ਕਰਿੰਦਿਆਂ ਦੀ ਮੱਦਦ ਨਾਲ ਬੁਣਿਆ ਗਿਆ।
ਭਾਵੇਂ ਸਰਕਾਰਾਂ ਦੇ ਵੀ ਕੁਝ ਸਲਾਹਕਾਰ ਹਨ, ਪਰ ਉਨ੍ਹਾਂ ਵਿਚੋਂ ਬਹੁਤ ਸਾਰੇ ਉਹ ਤਕਨੀਕੀ ਮਾਹਰ ਹਨ ਜਿਹੜੇ ਵੱਡੀਆਂ “ਵਿਦੇਸ਼ੀ” ਕੰਪਨੀਆਂ ਦੇ ਬੀਜਾਂ ਦੇ ਬਾਜ਼ਾਰ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਕਿਸਾਨਾਂ ਨੂੰ ਇਹ ਬੀਜ ਖ੍ਰੀਦਣ ਲਈ ਪ੍ਰੇਰਿਤ ਕਰਦੇ ਹਨ। ਇਹੀ ਕਾਰਨ ਹੈ ਕਿ ਸਟੇਟ ਦੀਆਂ ਕਿਸਾਨ ਮਾਰੂ ਖੇਤੀਬਾੜੀ ਨੀਤੀਆਂ ਇਹਨਾਂ ਕੰਪਨੀਆਂ ਦੇ ਫ਼ਾਇਦਿਆਂ ਵਾਲੀਆਂ ਹਨ ਜਿਸ ਨਾਲ ਦੇਸੀ ਬੀਜਾਂ ਦੀਆਂ ਕਿਸਮਾਂ ਖਤਮ ਹੋ ਗਈਆਂ ਹਨ। ਇਹ ਹੀ ਸਰਕਾਰੀ ਬੀਜ ਕੇਂਦਰਾਂ ਨੂੰ “ਬਹੁ-ਰਾਸ਼ਟਰੀ” ਕੰਪਨੀਆਂ ਦੇ ਗੁਦਾਮਾਂ ਵਿਚ ਤਬਦੀਲ ਕਰਨ ਪਿੱਛੇ ਕੇਂਦਰੀ ਕਾਰਨ ਸੀ। ਇਸ ਕਰਕੇ ਅਫਰੀਕੀ ਕਿਸਾਨ ਹਾਈਬ੍ਰਿਡ ਬੀਜਾਂ ਦੀ ਊਣਤਾਈਆਂ ਜਿਵੇਂ ਵੱਧ ਦਵਾਈਆਂ ਅਤੇ ਵੱਧ ਪਾਣੀ ਦੀ ਲੋੜ ਵਰਗੀਆਂ ਮੁਸ਼ਕਲਾਂ ਭਰੇ ਮਾੜੇ ਭਵਿੱਖ ਦਾ ਸਾਹਮਣਾ ਕਰ ਰਹੇ ਹਨ।
ਇਸ ਵਿਸ਼ੇ ਉੱਪਰ ਮੇਰੇ ਪੜ੍ਹਨ ਮੁਤਾਬਿਕ ਜਣਨ ਵਿਗਾੜਾਂ ਨਾਲ ਤਿਆਰ ਕੀਤੇ ਗਏ ਬੀਜ (Genetically modified) ਹੌਲੀ ਹੌਲੀ ਇੱਕ ਖਾਸ ਪ੍ਰਕਾਰ ਦੇ ਜਲਵਾਯੂ ਵਿੱਚ ਰੋਗ ਪ੍ਰਤਿਰੋਧਤਾ (Immunity to diseases) ਗੁਆ ਲੈਂਦੇ ਹਨ ਕਿਉਂਕਿ ਨਸਲਕਸ਼ੀ (Hybridization) ਦੀ ਪ੍ਰਕਿਰਿਆ ਆਪਣੇ ਆਪ ਵਿੱਚ ਸਿਰਫ ੧ ਜਾਂ ੨ ਬਿਮਾਰੀਆਂ ਦੇ ਟਾਕਰੇ ਲਈ ਸੇਧਿਤ ਹੁੰਦੀ ਹੈ ਅਤੇ ਇਸੇ ਕਰਕੇ ਪੌਦਿਆਂ ਨੂੰ ਵਧੇਰੇ ਪਾਣੀ, ਦਵਾਈਆਂ ਅਤੇ ਕੀਟਨਾਸ਼ਕਾਂ ਦੀ ਲੋੜ ਪੈਂਦੀ ਹੈ ਜਿਹੜਾ ਛੋਟੇ ਕਿਸਾਨਾਂ ਦੇ ਵੱਸੋਂ ਬਾਹਰ ਹੁੰਦਾ ਹੈ। ਇਸ ਮੁਨਾਫ਼ੇ ਵਾਲੇ ਧੰਦੇ ਕਰਕੇ "ਬਹੁ-ਰਾਸ਼ਟਰੀ" ਕੰਪਨੀਆਂ ਬੀਜਾਂ ਦੇ ਮਿਆਰ ਦੀ ਬਜਾਏ ਸਿਰਫ਼ ਮਾਤਰਾ ਬਾਰੇ ਹੀ ਸੋਚਦੀਆਂ ਹਨ।
ਯਕੀਨਨ ਖਰੀਦੀਆਂ ਗਈਆਂ ਦਵਾਈ ਦੀ ਮਾਤਰਾ ਵਧੇਗੀ ਹੀ ਕਿਉਂਕਿ ਜਿਹੜੀਆਂ ਕੰਪਨੀਆਂ ਬੀਜ ਵੇਚਦੀਆਂ ਹਨ ਉਹੀ ਦਵਾਈਆਂ ਅਤੇ ਕੀਟਨਾਸ਼ਕ ਵੇਚਦੀਆਂ ਹਨ। ਕਿਉਂਕਿ ਸਥਾਨਕ ਬੀਜਾਂ ਦੀਆਂ ਕਿਸਮਾਂ ਸਾਂਭਣ ਲਈ ਕੋਈ ਸਰਕਾਰੀ ਨੀਤੀ ਨਹੀਂ ਹੈ ਇਸੇ ਕਰਕੇ ਕਿਸਾਨਾਂ ਦੀ ਲੁੱਟ ਨਿਰੰਤਰ ਜਾਰੀ ਹੈ। ਵਿਦੇਸ਼ੀਆਂ ਕੰਪਨੀਆਂ ਦੀਆਂ ਦਲਾਲ ਜੁੰਡਲੀਆਂ ਕਈ ਕਿਸਮਾਂ ਦੇ ਸਥਾਨਕ ਬੀਜਾਂ ਦੀ ਪੂਰਤੀ ਲਈ ਦਬਾਅ ਪਾਉਂਦੀਆਂ ਹਨ।
ਅਮਰੀਕੀ ਕੰਪਨੀ ਮੋਨਸੈਂਟੋ ਵੱਲੋਂ ਵਪਾਰਕ ਤੌਰ ਤੇ ਜਾਰੀ ਕੀਤਾ ਗਿਆ ਰਾਊਂਡ ਅਪ ਗਲਾਈਫੋਸੇਟ (RoundUp glyphosate) ਅਫਰੀਕਾ ਵਿਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੀਟਨਾਸ਼ਕ ਹੈ। ਦਹਾਕਿਆਂ ਤੋਂ ਹੋ ਰਹੀ ਬਹੁਤ ਸਾਰੀ ਖੋਜ ਤੋਂ ਪਤਾ ਲੱਗਾ ਹੈ ਕਿ ਗਲਾਈਫੋਸੇਟ ਨਕਲੀ ਰਸਾਇਣ ਪੈਦਾ ਕਰਦਾ ਹੈ ਜੋ ਆਕਸੀਕਰਨ ਦਾ ਕਾਰਨ ਬਣਦੇ ਅਤੇ ਜਿਹਨਾਂ ਨਾਲ ਸਰੀਰ ਵਿਚ ਹਾਰਮੋਨਜ਼ (Hormones) ਦੀ ਗੜਬੜੀ, ਸਰੀਰਕ ਵਿਕਾਸ ਅਤੇ ਦਿਮਾਗੀ ਕਮਜ਼ੋਰੀਆਂ ਦੇ ਨਾਲ ਨਾਲ ਰੋਗ ਪ੍ਰਤਿਰੋਧ (Immunity) ਅਤੇ ਪ੍ਰਜਣਨ ਵਿੱਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵੱਡੇ ਪੱਧਰ 'ਤੇ ਗਲਾਈਫੋਸੇਟ ਅਤੇ ਕੈਂਸਰ ਦੇ ਸੰਬੰਧਾਂ ਕਰਕੇ ਖ਼ਾਸਕਰ ਨਾਨ-ਹੋਚਕਿਨ ਦਾ ਲਿੰਫੋਮਾ (ਐਨ.ਐਚ.ਐਲ) ਵਰਗੀਆਂ ਬਿਮਾਰੀਆਂ ਦਾ ਸਾਲ ੨੦੧੬ ਵਿੱਚ ਵਿਸ਼ਵ ਸਿਹਤ ਸੰਗਠਨ (WHO) ਦੀ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੁਆਰਾ ਗਲਾਈਫੋਸੇਟ ਨੂੰ ਇਕ ਸੰਭਾਵੀ ਮਨੁੱਖੀ ਕੈਂਸਰਕਾਰਕ (Carcinogen) ਦੇ ਤੌਰ 'ਤੇ ਐਲਾਨ ਦਿੱਤਾ ਗਿਆ ਹੈ। ਗਲਾਈਫੋਸੇਟ ਦੇ ਮਨੁੱਖੀ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਦੇ ਚਲਦਿਆਂ ਏ.ਜੀ.ਆਰ.ਏ ਕੀਟਨਾਸ਼ਕਾਂ ਵਿਚਲੇ ਰਸਾਇਣਾਂ ਨੂੰ ਸੁਰੱਖਿਅਤ ਦੱਸਦੀ ਹੈ। ਮੋਨਸੈਂਟੋ ਖਿਲਾਫ ਹਜ਼ਾਰਾਂ ਹੀ ਮੁਕੱਦਮੇ ਦਰਜ ਹਨ।
ਅਫਰੀਕਾ ਦੀ ਖੇਤੀਬਾੜੀ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਣ ਵਾਲਾ "ਕਲੋਰਪਾਈਰੀਫੋਸ" ਕੀਟਨਾਸ਼ਕ ਵੀ "ਡਾਓ ਕੈਮੀਕਲ" ਦੁਆਰਾ ਸ਼ੁਰੂ ਕੀਤਾ ਗਿਆ ਸੀ। ਦੁਰਸਬਨ ਅਤੇ ਲਾਰਸਬੈਨ ਦੇ ਕਿਰਿਆਸ਼ੀਲ ਅੰਸ਼ ਵਜੋਂ ਜਾਣਿਆ ਜਾਂਦਾ ਇਹ ਇਕ ਜੈਵਿਕ ਫਾਸਫੇਟ ਕੀਟਨਾਸ਼ਕ ਏਕਰੀਸਾਈਡ ਹੈ ਜੋ ਸੇਬ ਸੰਤਰੇ ਸਟ੍ਰਾਬੇਰੀ ਮੱਕੀ ਕਣਕ ਨਿੰਬੂ ਦੇ ਫਲ ਅਤੇ ਹੋਰ ਭੋਜਨ ਸਮੇਤ ਕਈ ਕਿਸਮਾਂ ਦੀਆਂ ਫਸਲਾਂ 'ਤੇ ਵਰਤਿਆ ਜਾਂਦਾ ਹੈ ਜੋ ਪਰਿਵਾਰਾਂ ਅਤੇ ਬੱਚਿਆਂ ਦੁਆਰਾ ਰੋਜ਼ਾਨਾ ਖਾਦਾ ਹਾ ਰਿਹਾ ਹੈ। ਬਦਕਿਸਮਤੀ ਨਾਲ ਕਲੋਰੀਪਾਈਰੀਫੋਸ ਨਿੰਬੂਆਂ ਫਲਾਂ ਅਤੇ ਖਰਬੂਜ਼ਿਆਂ ਉੱਪਰ ਉਨ੍ਹਾਂ ਨੂੰ ਧੋਣ ਅਤੇ ਛਿੱਲਣ ਦੇ ਬਾਅਦ ਵੀ ਰਹਿੰਦਾ ਹੈ। ਮੱਕੀ ਅਤੇ ਸੋਇਆਬੀਨ ਵਿਚ ਵੀ ਇਹ ਵੱਡੀ ਮਾਤਰਾ ਵਿੱਚ ਰਹਿ ਜਾਂਦਾ ਹੈ।
ਮੌਨਸੈਂਟੋ ਤੋਂ ਜਣਨ ਵਿਗਾੜ ਰਾਹੀਂ ਤਿਆਰ ਕੀਤੇ ਬੀਜਾਂ ਦੁਆਰਾ ਉਗਾਈ ਮੱਕੀ ਵਰਗੀਆਂ ਸਬਸਿਡੀ ਵਾਲੀਆਂ ਫਸਲਾਂ ਦੇ ਵਿਸਥਾਰ ਨੇ ਬਹੁਤ ਸਾਰੀਆਂ ਜਲਵਾਯੂ-ਰੋਧਕ (Climate-resistant) ਪੌਸ਼ਟਿਕ ਫਸਲਾਂ ਦੇ ਉਜਾੜੇ ਨਾਲ ਹੋਰ ਵਿਨਾਸ਼ ਕੀਤਾ ਹੈ। ਏ.ਜੀ.ਆਰ.ਏ ਤੋਂ ਪ੍ਰਚਾਰੇ ਜਾ ਰਹੇ ਲਾਭਾਂ (ਆਮਦਨੀ ਅਤੇ ਖ਼ੁਰਾਕ ਸੁਰੱਖਿਆ ਵਿੱਚ ਵਾਧਾ) ਦੇ ਬਾਵਜੂਦ ਜਿੱਥੇ ਜਿੱਥੇ ਮੱਕੀ ਦਾ ਉਤਪਾਦਨ ਵਧਿਆ ਹੈ ਆਮਦਨ ਅਤੇ ਖੁਰਾਕ ਸੁਰੱਖਿਆ ਘਟਿਆ ਹੀ ਹੈ ਵਧਿਆ ਨਹੀਂ। ਮਿਸਾਲ ਦੇ ਤੌਰ ‘ਤੇ ਰਵਾਂਢਾ ਦੇ ਛੋਟੇ ਕਿਸਾਨ ਪਰਿਵਾਰਾਂ ਵੱਲੋਂ ਮੱਕੀ ਦੀ ਪੈਦਾਵਾਰ ਵਿੱਚ ੭੦ ਪ੍ਰਤੀਸ਼ਤ ਵਾਧਾ ਹੋਇਆ ਪਰ ਠੀਕ ਉਸੇ ਸਮੇਂ ਵਿੱਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ ੧੫ ਪ੍ਰਤੀਸ਼ਤ ਵਾਧਾ ਹੋਇਆ। ਅੰਕੜਿਆਂ ਅਨੁਸਾਰ ਮੁੱਖ ਫਸਲਾਂ ਦੇ ਉਤਪਾਦਨ ਵਿੱਚ ਬਹੁਤ ਘੱਟ ਵਾਧਾ ਹੋਇਆ ਕਿਉਂਕਿ ਕਿਸਾਨਾਂ ਨੇ ਇਸ ਕਾਰਪੋਰੇਟ ਜਾਲ ਦੀ ਆੜ ਹੇਠ ਵਧੇਰੇ ਪੌਸ਼ਟਿਕ ਸਥਾਨਕ ਫਸਲਾਂ ਦਾ ਤਿਆਗ ਕਰਕੇ ਜਣਨ ਵਿਗਾੜ ਵਾਲੀ ਮੱਕੀ ਉਗਾਉਣ ਨੂੰ ਪਹਿਲ ਦਿੱਤੀ।
ਰਵਾਂਡਾ ਦਾ ਸਾਬਕਾ ਖੇਤੀਬਾੜੀ ਮੰਤਰੀ ਅਗਨੇਸ ਮਟਿਲਡਾ ਕਲੀਪਟਾ ਜੋ ਹੁਣ ਏ.ਜੀ.ਆਰ.ਏ ਦੀ ਪ੍ਰਧਾਨਗੀ ਕਰਦਾ ਹੈ ਨੂੰ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੇ ੨੦੨੧ ਦੇ ਵਿਸ਼ਵ ਭੋਜਨ ਸੰਮੇਲਨ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਭਾਂਵੇਂ ਏ.ਜੀ.ਆਰ.ਏ. ਵੱਲੋਂ ਲੱਖਾਂ ਛੋਟੇ-ਮੋਟੇ ਕਿਸਾਨ ਅਤੇ ਖਾਸ ਕਰਕੇ ਔਰਤਾਂ ਦੀ ਸਹਾਇਤਾ ਕਰਨ ਦੇ ਵਾਅਦੇ ਕੀਤੇ ਗਏ ਹਨ ਪਰ ਇਸਦੇ ਬਾਵਜੂਦ ਬਹੁਗਿਣਤੀ ਲੋਕਾਂ ਤੱਕ ਇਸ ਸੰਸਥਾ ਦੀ ਪਹੁੰਚ ਦਾ ਕੋਈ ਸਬੂਤ ਨਹੀਂ ਮਿਲਦਾ। ਜਦਕਿ ਦਰਮਿਆਨੀ ਜ਼ਮੀਨ ਵਾਲੇ ਕਿਸਾਨਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ ਵਿੱਚ ਜ਼ਿਆਦਾ ਪੁਰਸ਼ ਹਨ ਤੇ ਜਿਹਨਾਂ ਦੀ ਪਹੁੰਚ ਜ਼ਮੀਨਾਂ ਵਸੀਲਿਆਂ ਅਤੇ ਬਜ਼ਾਰ ਤੱਕ ਪਹਿਲਾਂ ਤੋਂ ਵੀ ਸੁਖਾਲਾ ਹੈ।
ਗਰੀਬੀ ਅਤੇ ਭੁੱਖਮਰੀ ਦੇ ਹਾਲਾਤਾਂ ਅਫਰੀਕਾ ਦੀਆਂ ਬਹੁਤ ਸਾਰੀਆਂ ਖੇਤੀਬਾੜੀ ਅਤੇ ਖੁਰਾਕ ਵਿੱਚ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੀਆਂ ਸੰਘਰਸ਼ਸ਼ੀਲ ਸੰਸਥਾਵਾਂ ਅਤੇ ਅੰਦੋਲਨਾਂ ਵਾਸਤੇ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਓਹੀ ਧਿਰਾਂ ਹਨ ਜੋ ਬਿਲ ਗੇਟਸ ਫਾਊਂਡੇਸ਼ਨ ਅਤੇ ਅਮਰੀਕੀ ਏ.ਜੀ.ਆਰ.ਏ ਦੇ ਨਵ-ਬਸਤੀਵਾਦੀ ਸਾਜਿਸ਼ ਦਾ ਵਿਰੋਧ ਕਰਦੀਆਂ ਹਨ ਜਿਹਨਾਂ ਨੀਤੀਆਂ ਤਹਿਤ ਜ਼ਮੀਨ ਦਾ ਵਿਗਾੜ ਤੇ ਖੇਤੀਬਾੜੀ ਦੀ ਜੈਿਵਕ ਵਿਭਿੰਨਤਾ ਦਾ ਨੁਕਸਾਨ ਅਤੇ ਖੁਦਮੁਖਤਿਆਰੀ ਖੁਸ ਰਹੀ ਹੈ। ਅਫਰੀਕੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਇਹ ਢਾਂਚਾ ਉਨ੍ਹਾਂ ਦੇ ਹਿੱਤਾਂ ਲਈ ਨਹੀਂ ਬਲਕਿ ਬਹੁ-ਰਾਸ਼ਟਰੀ ਕੰਪਨੀਆਂ ਦੇ ਮੁਨਾਫਿਆਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ। ਅਫਰੀਕੀ ਲੋਕਾਂ ਨੂੰ ਅਣਗਣਿਤ ਅਮਰੀਕੀ ਅਤੇ ਯੂਰਪੀ ਖੇਤੀਬਾੜੀ ਰਸਾਇਣ ਅਤੇ ਬੀਜ ਕੰਪਨੀਆਂ ਦੀ ਜ਼ਰੂਰਤ ਨਹੀਂ ਹੈ। ਓਹੋ ਜਿਹੇ ਢਾਂਚੇ ਦੀ ਲੋੜ ਹੈ ਜਿਸ ਰਾਹੀਂ ਵਿਸ਼ਵਿਆਪੀ ਵਪਾਰ ਆਰਥਿਕਤਾ ਕਰਜ਼ੇ ਦੇ ਮਸਲਿਆਂ ਵਿੱਚ ਸਾਡੇ ਨਾਲ ਨਿਆਂ ਹੋਵੇ ਤਾਂ ਜੋ ਵਿਸ਼ਵਵਿਆਪੀ ਅਰਥਚਾਰੇ ਵਿਚ ਅਫਰੀਕਾ ਨੂੰ ਪੈਰਾਂ ਸਿਰ ਕੀਤਾ ਜਾ ਸਕੇ। ਇਸ ਨਾਲ ਸਾਨੂੰ ਜ਼ਮੀਨੀ ਪੱਧਰ ਤੋਂ ਭਾਗੀਦਾਰੀ ਵਾਲੇ ਸਹੀ ਅਰਥਾਂ ਵਾਲੇ ਲੋਕਤੰਤਰੀ ਭਵਿੱਖ ਨੂੰ ਉਸਾਰਨ ਦਾ ਮੌਕਾ ਮਿਲੇਗਾ। ਗੇਟਸ ਫਾਊਂਡੇਸ਼ਨ ਦੀ ਖੇਤੀਬਾੜੀ ਮਾਡਲ ਦੀ ਪਹੁੰਚ ਲੋਕਾਂ ਦੀਆਂ ਲੋੜਾਂ ਨੂੰ ਪੂਰੇ ਕਰਨ ਦੇ ਬਜਾਏ ਅੰਤਰਰਾਸ਼ਟਰੀ ਅਰਥਚਾਰੇ ਲਈ ਵੱਧ ਮੁਨਾਫੇ ਵਾਲੀਆਂ ਫਸਲਾਂ ਲਈ ਮੰਡੀਆਂ ਬਣਾਉਣ ਤੱਕ ਸੀਮਤ ਹੈ ਹੈ ਜਿਹੜੀ ਵਾਤਾਵਰਣ ਸੰਕਟ ਅਤੇ ਕੋਵਿਡ-੧੯ ਮਹਾਂਮਾਰੀ ਕਰਕੇ ਪੈਦਾ ਹੋਏ ਦੋਹਰੇ ਸੰਕਟਾਂ ਨੂੰ ਨਜਿੱਠਣ ਵਾਲੀ ਨਵੀਂ ਉੱਭਰ ਰਹੀ ਸੋਚ ਨਾਲ ਵਿਰੋਧ ਰੱਖਦੀ ਹੈ। ਅਫਰੀਕਾ ਏ.ਜੀ.ਆਰ.ਏ ਅਤੇ ਇਸ ਦੇ ਆਧੁਨਿਕ ਬਸਤੀਵਾਦੀ ਚੁੰਗਲ ਤੋਂ ਮੁਕਤ ਹੀ ਬਿਹਤਰ ਰਹੇਗਾ।
ਅਫਰੀਕਾ ਦੀ ਬਹੁਤੀ ਖੇਤੀਬਾੜੀ ਅਤੇ ਭੋਜਨ ਪ੍ਰਣਾਲੀਆਂ ਨੂੰ ਕੁਝ ਇੱਕ ਪਰਉਪਕਾਰ ਦੇ ਮਖੌਟੇ ਵਾਲੇ ਪੂੰਜੀਪਤੀ, ਸਰਕਾਰਾਂ, ਸਹਾਇਤਾ ਏਜੰਸੀਆਂ ਅਤੇ ਪੱਛਮੀ ਅਕਾਦਮਿਕ ਸੰਸਥਾਵਾਂ ਜੋ ਮਹਾਂਦੀਪ 'ਤੇ ਖੇਤੀਬਾੜੀ ਵਿਕਸਤ ਕਰਨ ਦੀ ਗੱਲ ਕਰਦੀਆਂ ਹਨ। ਅਸਲ ਵਿੱਚ ਉਹ ਆਪਣੇ ਲਾਭ ਲਈ ਚਲਾਕ ਅਤੇ ਸੁਹਾਵਣੀ ਭਾਸ਼ਾ ਨਾਲ ਇੱਕ ਖਪਤਕਾਰ ਮਾਰਕੀਟ ਤਿਆਰ ਕਰ ਰਹੇ ਹਨ। ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਪੁਰਾਣੇ ਦੇਸੀ ਬੀਜਾਂ ਵਿੱਚ ਸਾਨੂੰ ਭੋਜਨ ਮੁਹੱਈਆ ਕਰਾ ਸਕਣ ਦੀ ਘੱਟ ਉਮੀਦ ਹੈ ਅਤੇ ਇਹਨਾਂ ਨੂੰ ਹਾਈਬ੍ਰਿਡ ਅਤੇ ਜੈਨੇਟਿਕਲੀ ਸੋਧਿਆ ਜਾਣਾ ਚਾਹੀਦਾ ਹੈ। ਸਾਨੂੰ ਦੱਸਿਆ ਗਿਆ ਕਿ ਸਾਨੂੰ ਵਧੇਰੇ ਊਰਜਾ ਦੀ ਜਰੂਰਤ ਹੈ ਅਤੇ ਸਾਨੂੰ ਕੁਝ ਫਸਲਾਂ ਦੇ ਬੀਜਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਅਸੀਂ ਆਪਣੀ ਧਰਤੀ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕਰ ਰਹੇ ਹਾਂ ਅਤੇ ਵਧੀਆ ਤਰੀਕੇ ਨਾਲ ਵਰਤਣ ਲਈ ਉਹਨਾਂ ਨੂੰ ਦੇ ਦਿੱਤੀ ਜਾਣੀ ਚਾਹੀਦੀ ਹੈ। ਸਾਨੂੰ ਦੱਸਿਆ ਜਾਂਦਾ ਹੈ ਕਿ ਸਾਡਾ ਖੇਤੀਬਾੜੀ ਬਾਰੇ ਗਿਆਨ ਪੱਛੜ ਗਿਆ ਹੈ ਅਤੇ ਸਾਨੂੰ ਪੱਛਮ ਦੇ ਗਿਆਨ ਨਾਲ ਨਵਿਉਣ ਦੀ ਜ਼ਰੂਰਤ ਹੈ। ਸਾਨੂੰ ਦੱਸਿਆ ਜਾਂਦਾ ਹੈ ਅਰਬਾਂ ਡਾਲਰ ਦਾ ਨਿਵੇਸ਼ ਲਈ ਸਾਨੂੰ ਇਕ ਕਾਰੋਬਾਰ ਦੀ ਜ਼ਰੂਰਤ ਹੈ ਅਤੇ ਪੱਛਮ ਦੇ ਇਨ੍ਹਾਂ ਨਿਵੇਸ਼ ਮੁਕਤੀਦਾਤਾਵਾਂ ਤੋਂ ਬਿਨਾਂ ਅਸੀਂ ਆਪਣੇ ਆਪ ਨੂੰ ਨਹੀਂ ਪਾਲ ਸਕਦੇ। ਸਾਡੀ ਦੁਨੀਆ ਦੇ ਚੰਗੇ ਭਵਿੱਖ ਲਈ ਸਾਨੂੰ ਇਹੀ ਸਮਝਾਇਆ ਜਾਂਦਾ ਹੈ ਕਿ ਸਾਨੂੰ ਮਹਿਜ਼ ਉਤਪਾਦਨ ਵਿੱਚ ਵਾਧਾ ਕਰਨਾ ਪਵੇਗਾ। ਇਸ ਕਪਟੀ ਸਲਾਹ ਵਿੱਚ ਸਿਹਤਮੰਦ ਪੌਸ਼ਟਿਕ ਅਤੇ ਸਾਡੇ ਸੱਭਿਆਚਾਰ ਅਨੁਸਾਰ ਢੁਕਵਾਂ ਭੋਜਨ ਬਾਰੇ ਬਿਲਕੁਲ ਨਹੀਂ ਗੱਲ ਕੀਤੀ ਜਾਂਦੀ ਜਿਹੜਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੈਦਾ ਹੁੰਦਾ ਹੈ। ਇਸ ਕਰਜ਼ੇ ਅਤੇ ਮੌਤ ਦੇ ਚੱਕਰਵਿਊ ਵਿੱਚ ਫੱਸ ਕੇ ਅੱਜ ਦੇ ਸਮੇਂ ਜੋ ਅਫਰੀਕੀ ਦੇਸ਼ ੧੯੮੦ ਦੇ ਦਹਾਕੇ ਤੱਕ ਸਵੈ-ਨਿਰਭਰ ਸਨ ਹੁਣ ਉਹੀ ਦੇਸ਼ ਆਪਣੀਆਂ ਖੇਤੀਬਾੜੀ ਜਰੂਰਤਾਂ ਦੀ ਪੂਰਤੀ ਲਈ ੯੫ ਪ੍ਰਤੀਸ਼ਤ ਬਾਹਰੋਂ ਮੰਗਵਾਉਂਦੇ ਹਨ।
“ਅਫਰੀਕਾ ਦੇ ਕਿਰਤੀਆਂ ਨੇ ਉਤਪਾਦਨ ਇਸ ਕਰਕੇ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਜੋ ਆਪ ਪੈਦਾ ਕੀਤੀਆਂ ਵਸਤਾਂ ਨੂੰ ਖਰੀਦਣ ਦੀ ਆਰਥਿਕ ਸ਼ਕਤੀ ਨਹੀਂ ਰਹੀ।” - ਥਾਮਸ ਸੰਕਰਾ