ਸੁਰੰਗਾਂ ਵਾਲੇ ਮਰਦ: ਫਲਸਤੀਨੀ ਲੜਾਕਿਆਂ ਨਾਲ ਖਾਸ ਗੱਲਬਾਤ (ਕਿਸ਼ਤ ੧)
"ਅਸੀਂ ਸੰਘਰਸ਼ ਅਤੇ ਲੜਾਈ ਦਾ ਹਰ ਤਰੀਕਾ (ਸਮੇਤ ਸ਼ਾਂਤਮਈ ਸੰਘਰਸ਼) ਅਜਮਾਇਆ ਹੈ ਪਰ ਅਸਲੀਅਤ ਇਹੀ ਹੈ ਕਿ ਅਖਬਾਰਾਂ ਦੀਆਂ ਸੁਰਖੀਆਂ ਖੂਨ ਦੇ ਨਾਲ ਹੀ ਲਿੱਖੀਆਂ ਜਾਂਦੀਆਂ ਹਨ। ਇਹ ਸਚਾਈ ਫਲਸਤੀਨ ਤੱਕ ਸੀਮਤ ਨਹੀਂ"।
ਜੁਲਾਇ ੨੦੨੪ ਵਿੱਚ ਡ੍ਰੌਪ ਸਾਈਟ ਨਿਊਜ਼ ਦੇ ਜੇਰੇਮੀ ਸਕੈਹਿਲ ਨੇ ਹਮਾਸ ਦੇ ਸੀਨੀਅਰ ਅਧਿਕਾਰੀਆਂ ਨਾਲ ਕਈ ਇੰਟਰਵਿਊਆਂ ਕੀਤੀਆਂ ਅਤੇ ਨਾਲ ਹੀ ਉਹਨਾਂ ਵੱਲੋਂ ਜਾਰੀ ਕੀਤੇ ਗਏ ਬਿਆਨਾਂ ਦੀ ਵਿਆਪਕ ਸਮੀਖਿਆ ਕੀਤੀ। ਅੱਜ ਅਸੀਂ ਉਸ ਲੰਮੀ ਗੱਲਬਾਤ ਦੇ ਕੁੱਝ ਹਿੱਸੇ ਪੰਥ-ਪੰਜਾਬ ਪ੍ਰਾਜੈਕਟ ਦੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਦੁਨੀਆਂ ਵਿੱਚ ਚੱਲ ਰਹੀ ਉੱਥਲ-ਪੁੱਥਲ ਅਤੇ ਗੁਰੀਲਾ ਜੰਗ ਦੇ ਬਦਲ ਰਹੇ ਅਸਾਵੀਂ ਹਲਾਤਾਂ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਆਪਾਂ ਉਨ੍ਹਾਂ ਵਿਅਕਤੀਆਂ ਅਤੇ ਜੁਝਾਰੂ ਧਿਰਾਂ ਦੇ ਦ੍ਰਿਸ਼ਟੀਕੋਣ ਨੂੰ ਸਮਝੀਏ ਜਿਨ੍ਹਾਂ ਨੇ ਆਪਣੀ ਹਿੰਮਤ ‘ਤੇ ਅਕਤੂਬਰ ੨੦੨੩ ਦੇ ਅਨੋਖੇ ਹਮਲੇ ਨਾਲ ਜੰਗ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਇਜ਼ਰਾਈਲ ਦਾ ਨਸਲਘਾਤੀ ਮੁਹਿੰਮ ਅਰੰਭਿਆ ਗਿਆ। ਸੰਤੁਲਿਤ ਰਾਏ ਬਣਾਉਣ ਵਾਸਤੇ ਅਤੇ ਦੁਨੀਆਂ ਦੇ ਵਰਤਾਰਿਆਂ ਨੂੰ ਸਮਝਣ ਲਈ ਇਸ ਹਮਲੇ ਅਤੇ ਚੱਲ ਰਹੀ ਲੜਾਈ ਦੇ ਮਾਇਨਿਆਂ ਅਤੇ ਰਣਨੀਤੀ ਬਾਰੇ ਉਨ੍ਹਾਂ ਹੀ ਆਗੂਆਂ ਤੋਂ ਸਿੱਧਾ ਸੁਣਨਾ ਜ਼ਰੂਰੀ ਹੈ।
Readers can click here to read Jeremy Scahill’s original report “On the Record with Hamas” in English.
ਜੇਰੇਮੀ ਸਕੈਹਿਲ | www.dropsitenews.com
ਪਿਛਲੇ ੭੬ ਸਾਲਾਂ ਦਾ ਫਲਸਤੀਨੀ ਇਤਿਹਾਸ ਇਜ਼ਰਾਈਲ ਦੇ ਅੱਤਿਆਚਾਰਾਂ ਅਤੇ ਜੰਗੀ ਅਪਰਾਧਾਂ (ਵਾਰ ਕ੍ਰਾਇਮਜ਼) ਦਾ ਨਿਰੰਤਰ ਸਿਲਸਿਲਾ ਰਿਹਾ ਹੈ। ਹਮਾਸ ਨੇ ਇਸ ਖਾਸ ਮੌਕੇ 'ਤੇ ਅਜਿਹੀ ਵੱਡੀ ਕਾਰਵਾਈ ਕਿਉਂ ਕੀਤੀ?
੭ ਅਕਤੂਬਰ ੨੦੨੩ ਨੂੰ ਸਮੇਂ ਦੀਆਂ ਹਲਾਤਾਂ ਅਤੇ ਰਣਨੀਤੀ ਨੂੰ ਲੈ ਕੇ ਹਮਾਸ ਦੇ ਵਿਚਾਰਾਂ ਨੂੰ ਉਹੀ ਲੋਕ ਸਭ ਤੋਂ ਵਧੀਆ ਬਿਆਨ ਸਕਦੇ ਹਨ ਜੋ ਸੁਰੰਗਾਂ ਵਾਲੇ ਮਰਦ ਗਾਜ਼ਾ ਵਿੱਚ ਇਜ਼ਰਾਈਲੀ ਫੌਜਾਂ ਦੁਆਰਾ ਅੱਜ ਤੱਕ ਸ਼ਿਕਾਰ ਕੀਤੇ ਜਾ ਰਹੇ ਹਨ। ਵਿਆਪਕ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਇਹ ਫੈਸਲਾ ਜ਼ਮੀਨੀ ਪੱਧਰ 'ਤੇ ਹਮਾਸ ਦੇ ਨੇਤਾ ਯਾਹਯਾ ਸਿਨਵਰ ਅਤੇ ਅਲ-ਕਾਸਮ ਬ੍ਰਿਗੇਡ ਦੇ ਕਮਾਂਡਰ ਮੁਹੰਮਦ ਦੀਫ ਨੇ ਕੀਤਾ ਕਿ ਇਸ ਹਮਲੇ ਰਾਹੀਂ ਇਤਿਹਾਸ ਦੀ ਦਿਸ਼ਾ ਨੂੰ ਕਿਵੇਂ ਅਤੇ ਕਦੋਂ ਬਦਲਿਆ ਜਾਵੇਗਾ।
ਅਮਰੀਕੀ ਅਤੇ ਇਜ਼ਰਾਇਲੀ ਖਬਰਖਾਨੇ ਵੱਲੋਂ ਭੈੜੇ ਚਰਿੱਤਰ ਚਿੱਤਰਣ ਦੇ ਬਾਵਜੂਦ, ਸਿਨਵਰ ਦੀਆਂ ਲਿਖਤਾਂ ਅਤੇ ਮੀਡੀਆ ਇੰਟਰਵਿਊਆਂ ਸੰਕੇਤ ਦਿੰਦੀਆਂ ਹਨ ਕਿ ਉਹ ਸਪੱਸ਼ਟ ਤੌਰ 'ਤੇ ਪਰਿਭਾਸ਼ਿਤ ਰਾਜਨੀਤਿਕ ਉਦੇਸ਼ਾਂ ਵਾਲਾ ਇੱਕ ਸੂਝਵਾਨ ਚਿੰਤਕ ਹੈ ਜੋ ਹਥਿਆਰਬੰਦ ਸੰਘਰਸ਼ ਨੂੰ ਟੀਚੇ ਦੀ ਪ੍ਰਾਪਤੀ ਲਈ ਸਾਧਨ ਵਜੋਂ ਦੇਖਦਾ ਹੈ। ਉਹ ਇੱਕ ਪੜ੍ਹੇ-ਲਿਖੇ ਰਾਜਨੀਤਿਕ ਖਾੜਕੂ ਦਾ ਪ੍ਰਭਾਵ ਦਿੰਦਾ ਹੈ, ਨਾ ਕਿ ਕਿਸੇ ਅਜਿਹੇ ਸਿਰਫਿਰੇ ਨੇਤਾ ਦਾ ਜੋ ਇੱਕ ਸਮੂਹਿਕ ਆਤਮਘਾਤੀ ਯੁੱਧ 'ਤੇ ਬਿਨਾਂ ਮਤਲਬ ਤੋਂ ਉਤਾਰੂ ਹਨ। ਸਿਨਵਰ ਨਾਲ ਤਿੰਨ ਸਾਲ ਤੱਕ ਸਿੱਧੇ ਤੌਰ 'ਤੇ ਕੰਮ ਕਰਨ ਵਾਲੇ ਹਮਾਸ ਦੇ ਅਧਿਕਾਰੀ ਗਜ਼ੀ ਹਮਦ ਨੇ ਕਿਹਾ, "ਸਿਨਵਰ ਇਸ ਸਿਰਜੀ ਗਈ ਭੱਦੀ ਤਸਵੀਰ ਵਰਗਾ ਨਹੀਂ ਹੈ ਜੋ ਸੁਰੰਗਾਂ ਵਿੱਚ ਰਹਿਣ ਵਾਲਾ ਦੋ ਸਿੰਗਾਂ ਵਾਲਾ ਰਾਖਸ਼ਸ਼ ਹੈ। ਯੁੱਧ ਦੇ ਸਮੇਂ, ਉਹ ਬਹੁਤ ਮਜ਼ਬੂਤ ਹੁੰਦਾ ਹੈ। ਇਹਦੀ ਸ਼ਖ਼ਸੀਅਤ ਬਹੁਤ ਹੀ ਮਜ਼ਬੂਤ ਹੈ। ਜੇ ਉਹ ਲੜਨਾ ਚਾਹੁੰਦਾ ਹੈ, ਤਾਂ ਉਹ ਗੰਭੀਰਤਾ ਅਤੇ ਦ੍ਰਿੜਤਾ ਨਾਲ ਲੜਦਾ ਹੈ।"
੧੯੮੮ ਵਿਚ, ਹਮਾਸ ਦੀ ਸਥਾਪਨਾ ਦੇ ਕੁਝ ਮਹੀਨਿਆਂ ਬਾਅਦ ਹੀ, ਸਿਨਵਰ ਨੂੰ ਇਜ਼ਰਾਈਲੀ ਫੌਜਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਇਜ਼ਰਾਈਲ ਦੇ ਕਥਿਤ ਸਹਿਯੋਗੀਆਂ/ਮੁਖਬਰਾਂ ਦਾ ਹੱਥੀਂ ਕਤਲ ਕਰਨ ਦੇ ਦੋਸ਼ ਵਿਚ ਚਾਰ ਉਮਰ ਕੈਦਾਂ ਦੀ ਸਜ਼ਾ ਸੁਣਾਈ ਸੀ। ਇਜ਼ਰਾਈਲੀ ਜੇਲ੍ਹ ਵਿੱਚ ਆਪਣੇ ੨੨ ਸਾਲਾਂ ਦੌਰਾਨ, ਉਹ ਇਬਰਾਨੀ ਭਾਸ਼ਾ (ਹੀਬ੍ਰੂ) ਵਿੱਚ ਨਿਪੁੰਨ ਹੋ ਗਿਆ ਅਤੇ ਇਜ਼ਰਾਈਲੀ ਸਟੇਟ ਦੇ ਇਤਿਹਾਸ, ਇਸਦੇ ਰਾਜਨੀਤਿਕ ਸਭਿਆਚਾਰ ਅਤੇ ਇਸਦੇ ਖੁਫੀਆ ਅਤੇ ਫੌਜੀ ਉਪਕਰਣਾਂ ਦਾ ਅਧਿਐਨ ਕੀਤਾ। ਉਸਨੇ ਇਜ਼ਰਾਈਲੀ ਖੁਫੀਆ ਏਜੰਸੀ ਸ਼ਿਨ ਬੇਟ ਦੇ ਕਈ ਸਾਬਕਾ ਮੁਖੀਆਂ ਦੀਆਂ ਜਰਨਲਾਂ ਦਾ ਹੱਥੀਂ ਅਨੁਵਾਦ ਕੀਤਾ। ਸਿਨਵਰ ਨੇ ੨੦੧੮ ਵਿੱਚ ਇੱਕ ਇਤਾਲਵੀ ਪੱਤਰਕਾਰ ਨੂੰ ਦੱਸਿਆ, "ਜਦੋਂ ਮੈਂ [ਜੇਲ੍ਹ] ਵਿੱਚ ਗਿਆ, ਉਦੋਂ ੧੯੮੮ ਸੀ, ਸ਼ੀਤ ਯੁੱਧ (ਕੋਲਡ ਵਾਰ) ਅਜੇ ਵੀ ਚੱਲ ਰਿਹਾ ਸੀ ਅਤੇ ਇੱਥੇ (ਫਲਸਤੀਨ ਵਿੱਚ), ਇੰਤਿਫਾਦਾ (ਜੁਝਾਰੂ ਲਹਿਰ) ਜਾਰੀ ਸੀ। ਉਦੋਂ ਤਾਜ਼ਾ ਖ਼ਬਰਾਂ ਦੇ ਪ੍ਰਚਾਰ ਲਈ, ਅਸੀਂ ਕਾਗਜ਼ੀ ਪਰਚੇ ਛਾਪਦੇ ਰਹੇ। ਜਦੋਂ ਮੈਂ ਬਾਹਰ ਆਇਆ ਤਾਂ ਇੰਟਰਨੈਟ ਵਰਗੇ ਤਕਨੀਕ (ਟੈਕਨਾਲੋਜੀ) ਦੇ ਆਹਮੋ ਸਾਹਮਣੇ ਹੋਇਆ… ਪਰ ਸੱਚ ਕਹਾਂ ਤਾਂ ਮੈਂ ਜੇਲ੍ਹ 'ਚੋਂ ਕਦੇ ਬਾਹਰ ਆਇਆ ਹੀ ਨਹੀਂ–ਮੈਂ ਸਿਰਫ ਜੇਲ੍ਹਾਂ ਬਦਲੀਆਂ। ਅਤੇ ਇਸ ਸਭ ਦੇ ਬਾਵਜੂਦ, ਪੁਰਾਣੀ ਜੇਲ੍ਹ ਇਸ ਨਵੀਂ ਨਾਲੋਂ ਕਿਤੇ ਵਧੀਆ ਸੀ। ਮੇਰੇ ਕੋਲ ਪਾਣੀ ਸੀ, ਬਿਜਲੀ ਸੀ, ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਸਨ। ਗਾਜ਼ਾ ਵਿੱਚ ਰਹਿਣਾ ਇਹਦੇ ਮੁਕਾਬਲੇ ਬਹੁਤ ਮੁਸ਼ਕਲ ਹੈ"।
ਆਪਣੀਆਂ ਪਿੱਛਲੀਆਂ ਮੀਡੀਆ ਇੰਟਰਵਿਊਆਂ ਵਿੱਚ, ਸਿਨਵਰ ਨੇ ਹਮਾਸ ਨੂੰ ਇੱਕ ਫੌਜੀ ਵਿੰਗ ਦੇ ਨਾਲ ਲੈਸ ਅਸਲ ਵਿੱਚ ਇੱਕ ਸਮਾਜਿਕ ਅੰਦੋਲਨ ਵਜੋਂ ਚਿਤਵਿਆ ਹੈ ਅਤੇ ਇਸਦੇ ਰਾਜਨੀਤਿਕ ਟੀਚਿਆਂ ਨੂੰ ਫਲਸਤੀਨ ਦੇ ਸੁਤੰਤਰ ਸਟੇਟ ਦੀ ਮੁੜ ਸਥਾਪਨਾ ਦੇ ਇਤਿਹਾਸਕ ਸੰਘਰਸ਼ ਦੇ ਹਿੱਸੇ ਵਜੋਂ ਪੇਸ਼ ਕੀਤੇ ਹਨ। "ਮੈਂ ਹਮਾਸ ਵਿੱਚ ਗਾਜ਼ਾ ਦਾ ਨੇਤਾ ਹਾਂ, ਜੋ ਕਿ ਇੱਕ ਮਿਲੀਸ਼ੀਆ (ਹਥਿਆਰਬੰਦ ਗਰੁੱਪ) ਨਾਲੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ–ਇੱਕ ਕੌਮੀ ਮੁਕਤੀ ਲਹਿਰ ‘ਚ ਸ਼ਾਮਲ ਮੁਕੰਮਲ ਜਥੇਬੰਦੀ ਹੈ–ਅਤੇ ਮੇਰਾ ਮੁੱਖ ਫਰਜ਼ ਆਪਣੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਾ ਹੈ: ਫਲਸਤੀਨ ਦੀ ਰੱਖਿਆ ਕਰਨੀ ਅਤੇ ਇਸ ਦੀ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਕਰਨੀ। ਉਹ ਸਾਰੇ ਜੋ ਅਜੇ ਵੀ ਸਾਨੂੰ ਬੱਸ ਇੱਕ ਹਥਿਆਰਬੰਦ ਗੁੱਟ ਤੋਂ ਵੱਧ ਕੁਝ ਨਹੀਂ ਵੇਖਦੇ ਹਨ, ਤੁਹਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਹਮਾਸ ਅਸਲ ਵਿੱਚ ਕੀ ਹੈ... ਤੁਸੀਂ ਵਿਦਰੋਹ ਅਤੇ ਬਗਾਵਤ 'ਤੇ, ਟੀਚੇ ਦੀ ਬਜਾਏ ਸਾਧਨਾਂ 'ਤੇ ਧਿਆਨ ਕੇਂਦਰਿਤ ਕਰਦੇ ਹੋ। ਸਾਡਾ ਟੀਚਾ ਇੱਕ ਲੋਕਤੰਤਰ, ਬਹੁਲਵਾਦ, ਅਤੇ ਸਹਿਯੋਗ 'ਤੇ ਅਧਾਰਤ ਇੱਕ ਸੁਤੰਤਰ ਰਾਜ ਹੈ। ਇੱਕ ਅਜਿਹਾ ਰਾਜ ਜੋ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਕਰਦਾ ਹੈ, ਜਿੱਥੇ ਮਤਭੇਦਾਂ ਦਾ ਨਿਪਟਾਰਾ ਸ਼ਬਦਾਂ ਰਾਹੀਂ ਕੀਤਾ ਜਾਂਦਾ ਹੈ, ਬੰਦੂਕਾਂ ਰਾਹੀਂ ਨਹੀਂ। ਹਮਾਸ ਆਪਣੇ ਫੌਜੀ ਆਪਰੇਸ਼ਨਾਂ ਨਾਲੋਂ ਕਿਤੇ ਵਿਸ਼ਾਲ ਹੈ”।
ਹੋਰ ਜਿਹਾਦੀ ਸੰਗਠਨਾਂ ਨਾਲੋਂ ਇੱਕ ਖਾਸ ਫਰਕ ਇਹ ਵੀ ਹੈ ਕਿ ਸਿਨਵਰ ਵਰਗੇ ਹਮਾਸ ਆਗੂ ਲਗਾਤਾਰ ਅੰਤਰਰਾਸ਼ਟਰੀ ਕਾਨੂੰਨ ਅਤੇ ਯੂ.ਐਨ. ਦੇ ਮਤਿਆਂ ਦੀ ਗੱਲ ਕਰਦੇ ਹਨ ਜੋ ਦੱਸਦਾ ਹੈ ਕਿ ਇਨ੍ਹਾਂ ਨੂੰ ਸਿਆਸੀ ਗੱਲਬਾਤ (ਨਿਗੋਸ਼ੀਏਸ਼ਨ) ਦੀਆਂ ਬਰੀਕੀਆਂ ਅਤੇ ਸੀਮਤਾਵਾਂ ਦੀ ਚੰਗੀ ਸਮਝ ਹੈ। ੨੦੧੮ ਦੀ ਇੱਕ ਇੰਟਰਵਿਊ ਵਿੱਚ ਸਿਨਵਰ ਨੇ ਕਿਹਾ: “ਅਸੀਂ ਸਪੱਸ਼ਟ ਗੱਲ ਕਰੀਏ: ਅੰਤਰਰਾਸ਼ਟਰੀ ਕਾਨੂੰਨ ਤਹਿਤ ਵੀ ਹਥਿਆਰਬੰਦ ਸੰਘਰਸ਼ ਸਾਡਾ ਹੱਕ ਹੈ ਪਰ ਸਾਡੇ ਕੋਲ ਸਿਰਫ ਰਾਕਟ ਨਹੀਂ। ਅਸੀਂ ਸੰਘਰਸ਼ ਅਤੇ ਲੜਾਈ ਦਾ ਹਰ ਤਰੀਕਾ (ਸਮੇਤ ਸ਼ਾਂਤਮਈ ਸੰਘਰਸ਼) ਅਜਮਾਇਆ ਹੈ ਪਰ ਅਸਲੀਅਤ ਇਹੀ ਹੈ ਕਿ ਅਖਬਾਰਾਂ ਦੀਆਂ ਸੁਰਖੀਆਂ ਖੂਨ ਦੇ ਨਾਲ ਹੀ ਲਿੱਖੀਆਂ ਜਾਂਦੀਆਂ ਹਨ। ਇਹ ਸਚਾਈ ਫਲਸਤੀਨ ਤੱਕ ਸੀਮਤ ਨਹੀਂ। ਜੇ ਖੂਨ ਨਹੀਂ ਡੁੱਲਿਆ ਤਾਂ ਕੋਈ ਖਬਰ ਵੀ ਨਹੀਂ ਵਾਪਰੀ। ਪਰ ਸਮੱਸਿਆਂ ਸਾਡਾ ਸੰਘਰਸ਼ ਨਹੀਂ। ਸਮੱਸਿਆ ਇਜ਼ਰਾਇਲ ਦਾ ਨਜਾਇਜ਼ ਫੌਜੀ ਕਬਜ਼ਾ ਹੈ। ਜੇ ਅਜਿਹਾ ਕਬਜ਼ਾ ਨਾਂ ਹੁੰਦਾ ਤਾਂ ਸਾਡੇ ਕੋਲ ਰਾਕਟ ਨਾ ਹੁੰਦੇ। ਪੱਥਰ, ਮੌਲਟੌਵ ਕੌਕਟੇਲ, ਜਾਂ ਹੋਰ ਹਥਿਆਰ ਨਾਂ ਹੁੰਦੇ। ਸਾਡੀ ਵੀ ਆਮ ਜਿਹੀ ਜਿੰਦਗੀ ਹੁੰਦੀ”।
੨੦੧੮-੨੦੧੯ ਦਰਮਿਆਨ ਸਿਨਵਰ ਵਰਗੇ ਆਗੂਆਂ ਨੇ ਵੱਡੇ ਪੱਧਰ ‘ਤੇ ਗਾਜ਼ਾ ਦੇ ਫੌਜੀ ਸਰਹੱਦਾਂ ਦੇ ਆਲੇ ਦੁਆਲੇ ਸ਼ਾਂਤਮਈ ਮੁਜਾਹਰਿਆਂ ਨੂੰ ਹਮਾਇਤ ਦਿੱਤੀ ਜੋ “ਗ੍ਰੇਟ ਮਾਰਚ ਆਫ ਰੀਟਰਨ” (ਵਾਪਸੀ ਲਈ ਮਹਾ ਪੈਂਡਾ) ਵਜੋਂ ਜਾਣਿਆ ਜਾਂਦਾ। ਉਨ੍ਹਾਂ ਦਿਨਾਂ ਦੌਰਾਨ ਇੱਕ ਪ੍ਰੈਸ ਮਿਲਨੀ ਵਿੱਚ ਸਿਨਵਰ ਨੇ ਆਖਿਆ ਸੀ: “ਜੇ ਤਬਾਹੀ ਤੋਂ ਬਿਨਾ ਸਾਡਾ ਮਸਲਾ ਹੱਲ ਹੋ ਸਕਦਾ ਹੈ ਤਾਂ ਅਸੀਂ ਬਿਲਕੁਲ ਸੰਤੁਸ਼ਟ ਹੋਵਾਂਗੇ। ਅਸੀਂ ਵੀ ਚਹੁੰਦੇ ਹਾਂ ਕਿ ਸਾਨੂੰ ਆਪਣੇ ਹੱਕ ਸ਼ਾਂਤਮਈ ਤਰੀਕੇ ਨਾਲ ਮਿਲਨ। ਪਰ ਅਸਲੀਅਤ ਇਹ ਹੈ ਕਿ ਜੇ ਸਾਂਨੂੰ ਉਹ ਹੱਕ ਨਹੀਂ ਮਿਲਣਗੇ ਤਾਂ ਸਾਨੂੰ ਬਗਾਵਤ ਰਾਹੀਂ ਉਨ੍ਹਾਂ ਹੱਕਾਂ ਨੂੰ ਖੋਹ ਕੇ ਲੈਣ ਦਾ ਅਧਿਕਾਰ ਵੀ ਹੈ”।
ਸਕੈਹਿਲ ਨਾਲ ਗੱਲ ਕਰਦੇ ਹੋਏ ਹਮਾਸ ਦੇ ਰਾਜਨੀਤਕ ਬਿਊਰੋ ਦਾ ਇੱਕ ਸੀਨੀਰ ਅਧਿਕਾਰੀ, ਬੈਸਮ ਨਈਮ, ਨੇ ਸਪੱਸ਼ਟ ਸ਼ਬਦਾਂ ਵਿੱਚ ਉਸ ਨੂੰ ਕਿਹਾ: “ਅਸੀਂ ਇਜ਼ਰਾਇਲੀ ਅਤੇ ਹੋਰ ਤਾਕਤਾਂ ਦੇ ਅਧਿਕਾਰੀਆਂ ਨੂੰ ੭ ਅਕਤੂਬਰ ਤੋਂ ਪਹਿਲਾਂ ਵਾਰ ਵਾਰ ਕਿਹਾ ਕਿ (ਜੇ ਹਲਾਤ ਨਾਂ ਬਦਲੇ ਤਾਂ) ਇੱਕ ਭੁਚਾਲ ਆਵੇਗਾ ਅਤੇ ਇਸ ਭੁਚਾਲ ਦੇ ਸਿੱਟੇ ਫਲਸਤੀਨ ਦੇ ਸਰਹੱਦਾਂ ਨੂੰ ਪਾਰ ਕਰਦੇ ਦੂਰ ਦੂਰ ਤੱਕ ਹੋਣਗੇ”।