ਭਾਈ ਨਰਾਇਣ ਸਿੰਘ ਚੌੜਾ ਦੀ ਘਾਲਣਾ ਅਤੇ ਪੰਥਕ ਨਵ-ਉਸਾਰੀ
"ਬਾਦਲ ਦਲੀਆਂ ਦੀ ਮੁੜ ਬਹਾਲੀ ਲਈ ਇੱਕ ਨਾਟਕੀ ਤਰੀਕੇ ਨਾਲ ਤਨਖਾਹ ਲੱਗਣ ਦਾ ਬ੍ਰਿਤਾਂਤ ਚੱਲ ਰਿਹਾ ਸੀ ਜਿਸ ਨੂੰ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਦੇ ਪਿਸਤੌਲ ਦੇ ਖੜਾਕੇ ਨੇ ਪਲਾਂ ਵਿੱਚ ਹੀ ਬੇਪਰਦ ਕਰ ਦਿੱਤਾ"।
ਭਾਈ ਮੋਨਿੰਦਰ ਸਿੰਘ | ਬੁਲਾਰਾ, ਬੀ. ਸੀ. ਗੁਰਦੁਆਰਾਜ਼ ਕੌਂਸਲ | bcgurdwaras@gmail.com
ਪਿੱਛਲੇ ਕਈ ਮਹੀਨਿਆਂ ਤੋਂ ਪੰਥਕ ਹਲਕਿਆਂ ਵਿੱਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪੰਥਕ ਸੰਸਥਾਵਾਂ ਦੀ ਸਹੀ ਸੇਵਾ ਸੰਭਾਲ ਅਤੇ ਪ੍ਰਬੰਧ ਵਿੱਚ ਸੁਧਾਰ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਸੁਹਿਰਦ ਪੰਥਕ ਹਲਕਿਆਂ ਵਿੱਚ ਸੰਜੀਦਗੀ ਨਾਲ ਗੁਰੂ ਖਾਲਸਾ ਪੰਥ ਦੇ ਸੁਤੰਤਰ ਢਾਚਿਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤ ਦੀ ਮੁੜ ਉਸਾਰੀ ਲਈ ਦੀਰਘ ਵਿਚਾਰਾਂ ਅਤੇ ਕੋਸ਼ਿਸ਼ਾਂ ਕਾਫੀ ਚਿਰ ਤੋਂ ਹੋ ਰਹੀਆਂ ਹਨ।
ਓਥੇ ਇੰਡੀਅਨ ਵੋਟ ਰਾਜਨੀਤੀ ਦੇ ਅਧੀਨ ਚੱਲਣ ਵਾਲੇ ਬਾਦਲ ਦਲ ਵੱਲੋਂ ੨ ਦਸੰਬਰ ਨੂੰ ਇੱਕ ਪਰਪੰਚ ਰਚਿਆ ਗਿਆ ਜਿਸ ਰਾਹੀਂ ਬਾਦਲ ਦਲੀਆਂ ਦੀ ਮੁੜ ਬਹਾਲੀ ਲਈ ਇੱਕ ਨਾਟਕੀ ਤਰੀਕੇ ਨਾਲ ਤਨਖਾਹ ਲੱਗਣ ਦਾ ਬ੍ਰਿਤਾਂਤ ਚੱਲ ਰਿਹਾ ਸੀ ਜਿਸ ਨੂੰ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਦੇ ਪਿਸਤੌਲ ਦੇ ਖੜਾਕੇ ਨੇ ਪਲਾਂ ਵਿੱਚ ਹੀ ਬੇਪਰਦ ਕਰ ਦਿੱਤਾ। ਬਾਦਲ ਦਲੀਆਂ ਨੇ ਇੱਕ ਦਮ ਆਪਣਾ ਕਰੂਪ ਚਿਹਰਾ ਦੁਬਾਰਾ ਦਿਖਾ ਦਿੱਤਾ ਜਦੋਂ ਭਾਈ ਸਾਹਿਬ ਦੀ ਦਸਤਾਰ ਦੀ ਬੇਅਦਬੀ ਕਰਕੇ ਦਿੱਲੀ ਦਰਬਾਰ ਨਾਲ ਸੁਰ ਮਿਲਾਉਂਦੇ ਹੋਏ ਅਖੌਤੀ ਅੱਤਵਾਦ ਦਾ ਢੰਡੋਰਾ ਫਿਰ ਤੋਂ ਪਿੱਟਣਾ ਸ਼ੁਰੂ ਕਰ ਦਿੱਤਾ।
ਹੁਣ ਬਾਦਲ ਦਲ ਅਨੁਸਾਰ ਚੱਲਣ ਵਾਲੀ ਸ਼੍ਰੋਮਣੀ ਕਮੇਟੀ ਨੇ ਭਾਈ ਸਾਹਿਬ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਰੱਖ ਦਿੱਤੀ ਹੈ ਜੋ ਗੁਰੂ ਖਾਲਸਾ ਪੰਥ ਅਤੇ ਗੁਰੂ ਕੀਆਂ ਸੰਗਤਾਂ ਨੂੰ ਕਦੇ ਵੀ ਨਹੀਂ ਮਨਜ਼ੂਰ ਹੋਵੇਗਾ। ਬਾਦਲ ਦਲ, ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਵੱਲੋਂ ਲਾਏ ਗਏ ਜਥੇਦਾਰਾਂ ਦਾ ਰੱਲ ਕੇ ਰਚਿਆ ਡਰਾਮਾ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਇੰਡੀਅਨ ਸਟੇਟ ਦੇ ਅਧੀਨ ਚੱਲਣ ਵਾਲੇ ਕਿਸੇ ਵੀ ਅਦਾਰੇ ਰਾਹੀਂ ਪੰਥਕ ਸੰਸਥਾਵਾਂ ਦੀ ਪੰਥਕ ਨਵ-ਉਸਾਰੀ ਕਦੇ ਨਹੀਂ ਹੋ ਸਕਦੀ ਸਗੋਂ ਹੋਰ ਸਪੱਸ਼ਟ ਹੋਇਆ ਕਿ ਸਮ੍ਹੇਂ ਦੀ ਮੁੱਖ ਲੋੜ ਇਹੀ ਹੈ ਕਿ ਪੰਥ ਦਰਦੀ ਸਾਂਝੇ ਉੱਦਮਾਂ ਰਾਹੀਂ ਪੰਥਕ ਰਵਾਇਤ ਮੁਤਾਬਿਕ ਸਾਂਝੀ ਰਾਏ, ਸਾਂਝੇ ਫੈਸਲੇ, ਅਤੇ ਸਾਂਝੀ ਅਗਵਾਈ ਸਿਰਜਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਹੀ ਸੇਵਾ ਸੰਭਾਲ ਨੂੰ ਬਹਾਲ ਕਰਨ ਲਈ ਯਤਨਸ਼ੀਲ ਹੋਣ।
ਭਾਈ ਨਰਾਇਣ ਸਿੰਘ ਜੀ ਦੀ ਘਾਲਣਾ
ਭਾਈ ਨਰਾਇਣ ਸਿੰਘ ਚੌੜਾ ਉਨ੍ਹਾਂ ਹੀਰੇ ਵਰਗੇ ਪੰਥ ਦਰਦੀ ਨੌਜਵਾਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਤੀਜੇ ਘੱਲੂਘਾਰੇ ਤੋਂ ਬਾਅਦ ਸੀਸ ਤਲੀ ‘ਤੇ ਧਰਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਤਨਦੇਹੀ ਨਾਲ ਮੈਦਾਨਿ ਜੰਗ ‘ਚ ਨਿੱਤਰ ਕੇ ਜੰਗ ਲੜੀ ਅਤੇ ਜਾਲਮਾਂ ਨੂੰ ਵੰਗਾਰ ਪਾ ਕੇ ਐਲਾਨਿਆ ਕਿ ਗੁਰੂ ਖਾਲਸਾ ਪੰਥ ਅਜੇ ਜਿਉਂਦਾ ਹੈ। ਜਿੱਥੇ ਹਥਿਆਰਬੰਦ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਜੇਲ੍ਹ ਕੱਟੀ, ਓਥੇ ਭਾਈ ਨਰਾਇਣ ਸਿੰਘ ਨੇ ਸੰਘਰਸ਼ ਮੱਠਾ ਪੈਣ ਤੋਂ ਬਾਅਦ ਵੀ ਕਦੇ ਹੌਂਸਲਾ ਨਹੀਂ ਛੱਡਿਆ ਸਗੋਂ ਉਨ੍ਹਾਂ ਨੇ ਬਿੱਖੜੇ ਸਮ੍ਹਿਆਂ ਵਿੱਚ ਹੋਰ ਸ਼ਿੱਦਤ ਨਾਲ ਸੇਵਾ ਦੇ ਹਰ ਖੇਤਰ ਵਿੱਚ ਟਿਕਾਊ ਅਤੇ ਸਾਰਥਕ ਯਤਨ ਜਾਰੀ ਰੱਖੇ। ਸਿੱਖ ਜੁਝਾਰੂ ਲਹਿਰ ਦੀ ਵਿਰਾਸਤ ਨੂੰ ਸਾਂਭਦਿਆਂ ਕਈ ਕਿਤਾਬਾਂ ਲਿੱਖੀਆਂ ਅਤੇ ਬਹੁਤ ਸਾਰੇ ਸ਼ਹੀਦ ਪਰਿਵਾਰਾਂ ਨੂੰ ਲਾਮਬੰਦ ਕਰਕੇ ਦੋਸ਼ੀ ਪੁਲਸ ਅਫਸਰਾਂ ਖਿਲਾਫ ਸਫਲਤਾ ਸਹਿਤ ਕਾਨੂੰਨੀ ਕਾਰਵਾਈ ਕਰਕੇ ਕਈ ਜਾਲਮਾਂ ਨੂੰ ਦੋਸ਼ੀ ਸਾਬਤ ਕਰਵਾਇਆ। ਵਡੀ ਉੱਮਰ ਵਿੱਚ ਵੀ ਕਈ ਦਲੇਰਾਨਾ ਖਾੜਕੂ ਕਾਰਵਾਈਆਂ ਵਿੱਚ ਆਪਣਾ ਯੋਗਦਾਨ ਪਾਉਣ ਕਰਕੇ ਕਈ ਵਾਰ ਜੇਲ੍ਹ ਕੱਟੀ ਅਤੇ ਪਿੱਛਲੇ ਕਈ ਸਾਲਾਂ ਤੋਂ ਹੋਰ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਸਮੇਤ ਗੁਰਮਤਾ ਅਤੇ ਪੰਚ ਪ੍ਰਧਾਨੀ ਪੰਥਕ ਅਗਵਾਈ ਦੀ ਪੁਨਰ ਸੁਰਜੀਤੀ ਲਈ ਸਰਗਰਮ ਰਹੇ।
ਤਨਖਾਹ ਲਾਉਣ ਦਾ ਡਰਾਮਾ
ਬਾਦਲ ਦਲ ਦੇ ਅਖੌਤੀ ਬਾਗੀ ਧੜੇ ਦੀ ਸ਼ਿਕਾਇਤ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰਾਂ ਦੇ ਫੈਸਲੇ ਅਤੇ ਤਨਖਾਹ ਲਾਉਣ ਦੇ ਡਰਾਮਾ ਤੱਕ ਕਈ ਲੋਕਾਂ ਨੂੰ ਭੁਲੇਖਾ ਲੱਗਾ ਕਿ ਬਾਦਲ ਦਲੀਆਂ ਨੇ ਸੱਚੇ ਦਿਲੋਂ ਸ਼ਾਇਦ ਆਪਣੀ ਗਲਤੀ ਮੰਨੀ ਹੈ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਮੁੜ ਬਹਾਲ ਕਰਨ ਵਾਸਤੇ ਯਤਕ ਕਰਨਗੇ। ਭਾਵੇਂ ਕਿ ਇਸ ਸਾਰੀ ਪ੍ਰਕਿਰਿਆ ਨੂੰ ਪੰਥਕ ਜਥੇਬੰਦੀਆਂ ਨੂੰ ਨਵਿਆਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਮੁੜ ਬਹਾਲ ਕਰਨ ਦੀ ਕਵਾਇਦ ਦਾ ਭੁਲੇਖਾ ਪਾਉਣ ਵਿੱਚ ਕੁੱਝ ਸਮੇਂ ਲਈ ਸਫਲ ਹੋਏ ਇਹ ਗੱਲ ਹੁਣ ਸਾਫ ਹੋਈ ਹੈ ਕਿ ਜੋ ਵੀ ਵਾਪਰਿਆਂ ਉਹ ਅਸਲ ਵਿੱਚ ਕੁੱਝ ਸਿਆਸਤਦਾਨਾਂ ਵੱਲੋਂ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਜਸੀ ਮੁਫਾਦਾਂ ਲਈ ਦੁਰਵਰਤੋਂ ਕਰਨ ਦੀ ਘਿਨਾਉਣੀ ਹਰਕਤ ਫਿਰ ਕੀਤੀ ਹੈ।
ਦੋਸ਼ੀਆਂ ਦੇ ਗੁਨਾਹਾਂ ਦੀ ਸੂਚੀ ਬਹੁਤ ਲੰਮੀ ਹੈ ਜਿਸ ਵਿੱਚ ਪੰਥਕ ਮਸਲਿਆਂ ਨੂੰ ਪਿੱਠ ਦੇਣੀ, ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਸੌਦਾ ਸਾਧ ਅਤੇ ਜਾਲਮ ਪੁਲਸ ਅਫਸਰਾਂ ਦੀ ਪੁਸ਼ਤਪਨਾਹੀ ਕਰਨੀ, ਅਤੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਵਾਰ ਵਾਰ ਰਾਜਸੀ ਹਿੱਤਾਂ ਖਾਤਰ ਢਾਹ ਲਾੳਣੇ ਸ਼ਾਮਲ ਹਨ। ਇਨ੍ਹਾਂ ਗੁਨਾਹਾਂ ਦੇ ਬਦਲੇ ਸਜਾ ਦੀ ਬਜਾਏ ਬਾਦਲ ਦਲੀਆਂ ਨੂੰ ਗੁਰੂ ਦਰਬਾਰ ਵਿੱਚ ਸਨਮਾਨਿਤ ਸੇਵਾਵਾਂ ਦੇ ਨਾਲ ਨਿਵਾਜਿਆ ਗਿਆ। ਨਾਲ ਹੀ ਪੰਥਕ ਸਿਆਸਤ ਨੂੰ ਮੁੜ ਸੇਧਿਤ ਕਰਨ ਦੇ ਝੂਠ ਨਾਲ ਬਾਦਲ ਦਲੀਆਂ ਦੀ ਹੀ ਕਮੇਟੀ ਸੰਗਠਿਤ ਕੀਤੀ ਜੋ ਬਹੁਤੇ ਇਨ੍ਹਾਂ ਪਾਪਾਂ ਦੇ ਭਾਗੀਦਾਰ ਰਹੇ ਹਨ ਜਾਂ ਕਿਸੇ ਰੂਪ ਵਿੱਚ ਇਨ੍ਹਾਂ ਦਾ ਲਾਭ ਮਾਣਿਆ।
ਅਗਲੇ ਕਦਮ
ਪੰਜਾਬ, ਦੱਖਣੀ ਏਸ਼ਿਆ ਅਤੇ ਆਲਮੀ ਭੂ-ਸਿਆਸਤ ਵਿੱਚ ਉਥਲ-ਪੁਥਲ ਦੇ ਚਲਦਿਆਂ ਪੰਥ ਅਤੇ ਪੰਜਾਬ ਲਈ ਬਹੁਤ ਸਾਰੇ ਨਵੇਂ ਖਤਰੇ ਅਤੇ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ। ਇਸ ਦੇ ਨਾਲ ਹੀ ਭਾਜਪਾ ਦੇ ਹਿੰਦੁਤਵੀ ਅਜੰਡੇ ਅਨੁਸਾਰ ਅਜੋਕੀ ਸਰਕਾਰ ਇੰਡੀਆ ਨੂੰ ‘ਅਖੰਡ ਭਾਰਤ’ ਅਤੇ ‘ਹਿੰਦੂ ਰਾਸ਼ਟ੍ਰ’ ਵਜੋਂ ਸਥਾਪਤ ਕਰਨ ਦੇ ਲਈ ਵਿਰੋਧ ਦੀਆਂ ਸੰਭਾਵਨਾਵਾਂ ਨੂੰ ਪਹਿਲਾਂ ਹੀ ਦਬਾਉਣ ਦੀਆਂ ਵਿਉਂਤਾਂ ਬਹੁਤ ਤੇਜ਼ੀ ਨਾਲ ਬੁਣ ਰਹੀ ਹੈ।
ਇਨ੍ਹਾਂ ਹਲਾਤਾਂ ਵਿੱਚ ਗੁਰੂ ਖਾਲਸਾ ਪੰਥ ਦੀ ਰਾਜਸੀ ਸਮਰੱਥਾ ਅਤੇ ਪੰਜਾਬ ਦੀ ਭੂ-ਰਣਨੀਤਕ ਅਹਿਮੀਅਤ ਕਰਕੇ ਇੰਡੀਅਨ ਸਟੇਟ ਸਿੱਖ ਲੀਡਰਸ਼ਿੱਪ ਨੂੰ ਖੇਰੂੰ ਖੇਰੂੰ ਕਰਨ ‘ਤੇ ਤੁਲੀ ਹੋਈ ਹੈ। ਜਿੱਥੇ ਸਾਡੇ ਜੁਝਾਰੂ ਆਗੂਆਂ ‘ਤੇ ਸਿੱਧੇ ਹਮਲੇ ਹੋ ਰਹੇ ਹਨ ਓਥੇ ਵੋਟ ਰਾਜਨੀਤੀ ਵਾਲੀਆਂ ਸਿੱਖ ਧਿਰਾਂ ਵਿੱਚਕਾਰ ਤਣਾਅ, ਕਲੇਸ਼, ਅਤੇ ਖਿੰਡਾਉ ਫੈਲਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਦੀਆਂ ਪ੍ਰਤੱਖ ਉਦਾਹਰਨਾਂ ਦਿੱਲੀ ਅਤੇ ਹਰਿਯਾਣਾ ਕਮੇਟੀਆਂ ਵਿੱਚ ਦੇਖਣ ਨੂੰ ਮਿਲਦੀਆਂ ਹਨ। ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਭਾਜਪਾ ਚਹੁੰਦੀ ਨਹੀਂ ਕਿ ਸਿੱਖਾਂ ਵਿੱਚ ਕੋਈ ਵੀ ਧੁਰਾ ਬਣੇ ਸਗੋਂ ਕਈ ਸਾਰੀਆਂ ਧਿਰਾਂ ਨੂੰ ਸ਼ਹਿ ਦੇ ਕੇ ਸਿੱਖਾਂ ਦੀਆਂ ਸਮੂਹ ਰਾਜਸੀ, ਸਮਾਜਕ, ਅਤੇ ਧਾਰਮਕ ਜਥੇਬੰਦੀਆਂ ਨੂੰ ਆਪਣੇ ਅਨੁਸਾਰ ਢਾਲਣ ਦੀ ਕਵਾਇਦ ਵਿੱਚ ਹਨ।
ਇਨ੍ਹਾਂ ਘਟਨਾਵਾਂ ਤੋਂ ਸਮੂਹ ਪੰਥਕ ਧਿਰਾਂ ਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਪੰਥਕ ਸੰਸਥਾਵਾਂ ਅਤੇ ਲੀਡਰਸਿੱਪ ਦੀ ਨਵ-ਉਸਾਰੀ ਕਿਸੀ ਵੀ ਹਾਲਤ ਪਰ-ਅਧੀਨ ਸੰਸਥਾਵਾਂ (ਭਾਵੇਂ ਵਿਧਾਨ ਸਭਾ ਜਾਂ ਸ਼੍ਰੋਮਣੀ ਕਮੇਟੀ) ਰਾਹੀਂ ਨਹੀਂ ਹੋ ਸਕਦੀ ਜਿੱਥੇ ਸਾਰੀ ਤਾਕਤ ਸਟੇਟ ਤੰਤਰ ਦੇ ਹੀ ਹੱਥਾਂ ਵਿੱਚ ਰਹਿੰਦੀ ਹੈ। ਇਸ ਦੀ ਬਜਾਏ ਗੁਰੂ ਗ੍ਰੰਥ-ਗੁਰੂ ਪੰਥ ਦੀਆਂ ਪਰੰਪਰਾਵਾਂ ਮੁਤਾਬਿਕ ਸੁਤੰਤਰ ਤੌਰ 'ਤੇ ਹੀ ਜਥੇਬੰਦਕ ਨਵ-ਉਸਾਰੀ ਕੀਤੀ ਜਾਣੀ ਚਾਹੀਦੀ ਹੈ।
ਅਸਥਿਰਤਾ ਅਤੇ ਤਣਾਅ ਵਾਲੇ ਮਹੌਲ ਦੇ ਚਲਦਿਆਂ ਕਿਸੇ ਵੀ ਸੰਘਰਸ਼ ਨੂੰ ਸਫਲਤਾ ਨਾਲ ਚਲਾਉਣ ਅਤੇ ਕਿਸੇ ਮੁਕਾਮ ਤੱਕ ਪਹੁੰਚਾਉਣ ਦੀ ਪਹਿਲੀ ਸ਼ਰਤ ਭਰੋਸੇਯੋਗ ਅਤੇ ਪਾਏਦਾਰ ਅਗਵਾਈ ਕਰਨ ਯੋਗ ਢਾਂਚੇ ਹਨ ਜੋ ਲੜ ਰਹੀ ਧਿਰ ਵਿੱਚਕਾਰ ਸਾਂਝੀ ਰਾਏ ਅਤੇ ਰਣਨੀਤੀ ਨੂੰ ਉਸਾਰ ਕੇ ਦੁਸ਼ਮਣ ਦੇ ਵਾਰਾਂ ਨੂੰ ਰੋਕਦੇ ਹੋਏ ਆਪਣੇ ਮਿੱਥੇ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਵੀ ਹੋਣ। ਇਸ ਤਰ੍ਹਾਂ ਦੀ ਅਗਵਾਈ ਸਿਰਜਣ ਵੇਲੇ ਸਾਰਥਕ ਅਤੇ ਮਜ਼ਬੂਤ ਢਾਂਚਿਆਂ (ਜਥੇਬੰਦਕ ਸਫਬੰਦੀ) ਅਤੇ ਫੈਸਲੇ ਲੈਣ ਦੀ ਵਿਧੀ ਦੀ ਵੱਡੀ ਅਹਿਮੀਅਤ ਹੈ। ਅਜਿਹੀ ਸਾਂਝੀ ਅਗਵਾਈ ਸਿਰਜ ਕੇ ਹੀ ਮੌਜੂਦਾ ਦੌਰ ਦੇ ਖਤਰਿਆਂ ਤੋਂ ਬਚਾਅ ਅਤੇ ਸੰਭਾਵਨਾਵਾਂ ਦਾ ਫਾਇਦਾ ਲੈਣ ਦੇ ਕਾਬਲ ਹੋਵਾਂਗੇ ਤਾਂ ਕਿ ਪੰਥ ਵੱਲੋਂ ਮਿੱਥੇ ਟੀਚੇ, ਖਾਲਿਸਤਾਨ, ਦੀ ਪ੍ਰਾਪਤੀ ਵੱਲ ਵੱਧ ਸਕੀਏ।
ਸਿੱਖ ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਕਰਦਿਆਂ ਖੁਦਮੁਖਤਿਆਰ ਜਥਿਆਂ ਨੂੰ ਸੂਤਰਬੱਧ ਕਰਨ ਲਈ ਇੱਕ ਮਜ਼ਬੂਤ ਅਤੇ ਸਾਂਝੇ ਧੁਰੇ ਦੀ ਲੋੜ ਹੈ। ਪੰਥਕ ਜੁਗਤ ਅਨੁਸਾਰ ਨਿਸ਼ਕਾਮ ਤੌਰ ‘ਤੇ ਵਿਚਰਨ ਵਾਲੀ ਸਾਂਝੀ ਅਗਵਾਈ ਸਿਰਜਣ ਦੀ ਪਹਿਲਕਦਮੀ ਨਾਲ ਹੀ ਅਸੀਂ ਹੋਣ ਵਾਲੀ ਵੱਡੀ ਜੰਗ ਲੜਨ ਦੇ ਸਮਰੱਥ ਹੋਵਾਂਗੇ। ਭਵਿੱਖ ਦੀ ਦਹਿਲੀਜ਼ ‘ਤੇ ਖੜ੍ਹ ਕੇ ਸਾਨੂੰ ਸਿਰਫ ਸਟੇਟ ਤੋਂ ਕੁੱਝ ਰਿਆਇਤਾਂ ਲਈ ਮੰਗਾਂ ਮੰਨਵਾਉਣ ਜਾਂ ਆਪਣੀ ਮਜ਼ਲੂਮੀਅਤ ਨੂੰ ਹੀ ਅਧਾਰ ਬਨਾਉਣ ਵਾਲੀ ਰਾਜਨੀਤੀ ਨੂੰ ਠੋਕਰਾਂ ਮਾਰਕੇ ਆਪਣੀਆਂ ਸੁਤੰਤਰ ਸੰਸਥਾਵਾਂ ਅਤੇ ਸੰਗਤ ਵਿੱਚ ਵਸਦੀ ਅਸਲ ਰਾਜਸੀ ਸ਼ਕਤੀ ਜ਼ਰੀਏ ਸਾਂਝੀ ਪੰਥਕ ਤਾਕਤ ਸਥਾਪਤ ਕਰਕੇ ਅੱਗੇ ਵੱਧਣ ਦੀ ਲੋੜ ਹੈ।