ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ: ਖ਼ਾਲਿਸਤਾਨ ਦੀ ਬੁਨਿਆਦ ਮਜ਼ਬੂਤ ਕਰੋ
"ਇਸ ਲਈ ਸਾਨੂ ਸੁਚੇਤ ਹੋ ਕੇ ਚੱਲਣਾ ਪਵੇਗਾ ਕੇ ਗੁਰੂ ਦੀ ਸਿਖਿਆ ਮੁਤਾਬਿਕ ਜੋ ਹਲੇਮੀ ਰਾਜ ਅਸੀਂ ਸਥਾਪਤ ਕਰਨ ਜਾ ਰਹੇ ਹਾਂ, ਇਸ ਦੀ ਹਰ ਇੱਟ ਗੁਰਬਾਣੀ ਦੇ ਨਿੱਘ ਨਾਲ ਪੱਕ ਕੇ ਪ੍ਰਵਾਨ ਚੜ੍ਹੇ"
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ
ਰਸਾਲਾ “ਲਿਬਰੇਸ਼ਨ ਖਾਲਿਸਤਾਨ” ਦੇ ਜਨਵਰੀ ੧੯੯੨ ਅੰਕ ਵਿੱਚੋਂ
ਦੁਨੀਆਂ ਵਿਚ ਕਾਰਨ ਤੇ ਪ੍ਰਭਾਵ ਦਾ ਬਹੁਤ ਗੂੜ੍ਹਾ ਰਿਸ਼ਤਾ ਹੁੰਦਾ ਹੈ। ਹਰ ਘਟਨਾ ਦੇ ਪੈਦਾ ਹੋਣ ਦਾ ਜੋ ਕਾਰਨ ਹੁੰਦਾ ਹੈ ਉਸ ਦੇ ਪ੍ਰਭਾਵ ਉਤੇ ਉਸ ਦੀ ਛਾਪ ਜ਼ਰੂਰ ਹੁੰਦੀ ਹੈ। ਅਸੀਂ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਬਚ ਨਹੀਂ ਸਕਦੇ। ਜੇਕਰ ਇਕ ਸਿੱਖ ਅੰਦਰ ਖ਼ਾਲਿਸਤਾਨ ਪ੍ਰਤਿ ਤਾਂਘ ਉਸ ਅੰਦਰ ਗੁਰਬਾਣੀ ਜਾਂ ਸਿੱਖ ਫ਼ਿਲਾਸਫ਼ੀ ਰਾਹੀਂ ਉਭਰਦੀ ਹੈ ਤਾਂ ਉਸ ਦੀਆਂ ਸਰਗਰਮੀਆਂ ਉਪਰ ਸਿੱਖੀ ਦੀ ਸਿਧਾਂਤਕ ਛਾਪ ਤੁਹਾਨੂੰ ਦਿਖਾਈ ਦੇਵੇਗੀ। ਪਰ ਜੇਕਰ ਇਕ ਸਿੱਖ ਅੰਦਰ ਖ਼ਾਲਿਸਤਾਨ ਪ੍ਰਤਿ ਝੁਕਾਅ ਵਿਰੋਧੀ ਦੇ ਦਮਨ ਜਾਂ ਰਾਜਨੀਤਕ ਘਟਨਾ ਚੱਕਰ ਵਿੱਚੋ ਜਾਂ ਆਰਥਿਕ ਵਿਤਕਰੇਬਾਜ਼ੀ ਦੇ ਫਲਸਰੂਪ ਪੈਦਾ ਹੋਵੇ ਤਾਂ ਉਸ ਦੀਆਂ ਸਰਗਰਮੀਆਂ ਉਪਰ ਉਸੇ ਤਰ੍ਹਾਂ ਰਾਜਨੀਤਕ ਜਾਂ ਆਰਥਿਕ ਛਾਪ ਤੁਹਾਨੂੰ ਦੇਖਣ ਨੂੰ ਮਿਲੇਗੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅੰਦਰ ਖ਼ਾਲਿਸਤਾਨ ਦੀ ਧਾਰਨਾ ਉਨ੍ਹਾਂ ਵੱਲੋਂ ਕੀਤੇ ਗੁਰਬਾਣੀ ਦੇ ਅਧਿਐਨ ਵਿੱਚੋਂ ਪੈਦਾ ਹੋਈ ਸੀ। ਇਸੇ ਲਈ ਉਨ੍ਹਾਂ ਦੀਆਂ ਖ਼ਾਲਿਸਤਾਨ ਪ੍ਰਤਿ ਸਰਗਰਮੀਆਂ ਉਪਰ ਗੁਰਬਾਣੀ ਦੀ ਮੋਹਰ ਸੀ ਤੇ ਉਹ ਹਰੇਕ ਸਿੱਖ ਨੂੰ ਖ਼ਾਲਿਸਤਾਨੀ ਬਣਨ ਦੇ ਲਈ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਦੇ ਸਨ। ਅੱਜ ਅਨੇਕਾਂ ਲੋਕਾਂ ਦੇ ਖ਼ਾਲਿਸਤਾਨ ਦੇ ਨਾਅਰੇ ਤੇ ਤੁਹਾਨੂੰ ਗੁਰਬਾਣੀ ਦੇ ਅਕਸ ਦਿਖਾਈ ਦੇਣਗੇ। ਪਰ ਦਿੱਲੀ ਦਰਬਾਰ ਵੱਲੋਂ ਸੰਤਾਂ ਦੀ ਇਸ ਜ਼ੋਰ ਫੜ ਰਹੀ ਲਹਿਰ ਨੂੰ ਕੁਚਲਣ ਲਈ ਜਦ ਹਥਿਆਰਬੰਦ ਧਾਵਾ ਬੋਲਿਆ ਗਿਆ ਤਾਂ ਬੜੀ ਵੱਡੀ ਪੱਧਰ ਤੇ ਸਿੱਖਾਂ ਦੀ ਸੋਚ ਤੇ ਇਸ ਦਾ ਅਸਰ ਹੋਇਆ। ਖ਼ਾਲਿਸਤਾਨੀ ਲਹਿਰ ਵਿਚ ਸ਼ਾਮਲ ਹੋਏ ਇਹ ਇਮਾਨਦਾਰ ਕੁਰਬਾਨੀ ਵਾਲੇ ਕਾਫ਼ਲੇ ਮੁੱਢਲੇ ਰੂਪ ਵਿਚ ਦੁਸ਼ਮਣ ਦੇ ਹਥਿਆਰਬੰਦ ਹਮਲੇ ਤੋਂ ਪ੍ਰਭਾਵਿਤ ਸਨ। ਇਸ ਕਾਰਨ ਇਨ੍ਹਾਂ ਮਹਾਨ ਯੋਧਿਆਂ ਤੇ ਉਸ ਕਾਰਨ ਦਾ ਪ੍ਰਭਾਵ ਸਪੱਸ਼ਟ ਸੀ, ਤੇ ਇਹ ਲਹਿਰ ਸਿੱਖੀ ਤੇ ਗੁਰਬਾਣੀ ਨੂੰ ਮੰਨਦੀ ਹੋਈ ਵੀ ਹਥਿਆਰਾਂ ਦੀ ਪ੍ਰਮੁੱਖਤਾ ਉੱਤੇ ਜ਼ੋਰ ਦਿੰਦੀ ਸੀ।
ਇਹ ਸਭ ਕੁੱਝ ਕੁਦਰਤੀ ਵਰਤਾਰਾ ਸੀ ਕਿਓਂਕਿ ਦੁਸ਼ਮਣ ਨੇ ਸਾਨੂੰ ਚੈਲਿੰਜ ਕੀਤਾ ਸੀ ਤੇ ਉਸ ਨੇ ਸਾਨੂੰ ਹਥਿਆਰਾਂ ਦੇ ਜ਼ੋਰ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ ਤੇ ਅਸੀਂ ਉਸ ਦਾ ਚੈਲਿੰਜ ਕਬੂਲ ਕਰਦਿਆਂ ਉਸ ਦਾ ਹਥਿਆਰਬੰਦ ਮੁਕਾਬਲਾ ਕਰਨ ਦਾ ਅਹਿਦ ਕੀਤਾ ਸੀ। ਹਥਿਆਰ ਸੰਤਾਂ ਨੇ ਵੀ ਉਠਾਏ ਸਨ ਅਤੇ ਸਿੱਖ ਕੌਮ ਨੂੰ ਉਠਾਉਣ ਦੀ ਪ੍ਰੇਰਨਾ ਦਿੱਤੀ ਸੀ, ਪਰ ਉਹ ਗੁਰਬਾਣੀ ਦੇ ਪਹਿਰੇ ਦੇ ਹੇਠ ਰਹਿਣ ਦੀ ਤਾਰੀਕ ਕਰਦੇ ਸਨ। ਦੁਸ਼ਮਣ ਨੇ ਸਾਨੂੰ ਜਿਸ ਕਮੀਨਗੀ ਨਾਲ ਖ਼ਤਮ ਕਰਨ ਦਾ ਯਤਨ ਕੀਤਾ, ਉਸ ਤੋਂ ਗ਼ੁੱਸਾ ਖਾ ਕੇ ਅਨੇਕਾਂ ਸਿੱਖੀ ਤੋਂ ਤੇ ਗੁਰਬਾਣੀ ਤੋਂ ਬੇਮੁਖ ਹੋਏ ਲੋਕ ਬੇਦਾਵਾ ਪੜਵਾਉਣ ਲਈ ਇਸ ਲਹਿਰ ਵਿਚ ਸ਼ਾਮਲ ਹੋਏ ਹਨ। ਉਹਨਾਂ ਵਿਚੋਂ ਅਣਗਿਣਤ ਆਪਣੀ ਕੁਰਬਾਨੀ ਨਾਲ ਗੁਰੂ ਦੇ ਚਰਨਾਂ ਤਕ ਪਹੁੰਚਣ ਵਿਚ ਕਾਮਯਾਬ ਹੋਏ ਹਨ, ਅਨੇਕਾਂ ਦੀਆ ਕੋਸ਼ਿਸ਼ਾ ਜਾਰੀ ਹਨ।
ਅੱਜ (ਜਨਵਰੀ ੧੯੯੨) ਖ਼ਾਲਿਸਤਾਨ ਲਹਿਰ ਅੰਦਰ ਵਿਚਰ ਰਹੇ ਵਰਕਰਾਂ ਅੰਦਰ ਉਨ੍ਹਾਂ ਦੇ ਪਿਛੋਕੜ ਵਾਲੇ ਵਿਚਾਰ ਵੀ ਵਿਚਰ ਰਹੇ ਹਨ ਅਤੇ ਵੱਖ-ਵੱਖ ਵਿਚਾਰਾਂ ਦੇ ਟਕਰਾਅ ਜਾਰੀ ਹਨ… ਲਹਿਰ ਨੂੰ ਇਕਜੁਟ ਕਰਨ ਲਈ ਜ਼ਰੂਰੀ ਹੈ ਕਿ ਆਪਸੀ ਵਖਰੇਵੇਂ ਦੂਰ ਕੀਤੇ ਜਾਣ। ਆਪਸੀ ਵਖਰੇਵੇਂ ਦੋ ਤਰ੍ਹਾਂ ਨਾਲ ਦੂਰ ਹੋ ਸਕਦੇ ਹਨ। ਆਪਸੀ ਵਖਰੇਵੇਂ ਦੋ ਤਰ੍ਹਾਂ ਨਾਲ ਦੂਰ ਹੋ ਸਕਦੇ ਹਨ. ਇਕ ਤਾਂ ਵਿਚਾਰਧਾਰਕ ਬਹਿਸ ਰਾਹੀਂ ਤੇ ਦੂਜਾ ਤਰੀਕਾ ਹੈ ਸੰਗਰਸ਼ ਦੀ ਪ੍ਰਗਤੀ ਰਾਹੀਂ। ਇਹਨਾਂ ਦੋਹਾਂ ਵਿਚੋਂ ਮੁੱਖ ਹੁੰਦਾ ਹੈ ਵਿਚਾਰਧਾਰਾ ਦਾ ਮਸਲਾ। ਜੇਕਰ ਹਰੇਕ ਗਰੁੱਪ ਤੇ ਉਸ ਦਾ ਲੀਡਰ ਆਪਣੀ ਲਾਈਨ (ਵਿਚਾਰਧਾਰਾ) ਤੇ ਐਕਸ਼ਨ ਨੂੰ ਗੁਰਬਾਣੀ ਦੇ ਤਰਾਜ਼ੂ ਤੇ ਧਰ ਕਿ ਤੋਲਣ ਦੀ ਪਿਰਤ ਪਾਵੇ ਅਤੇ ਸੰਗਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਗੁਰਮਤ ਦੇ ਮੁਤਾਬਿਕ ਉਸ ਦੀ ਲਾਈਨ ਤੇ ਐਕਸ਼ਨ ਕਿੰਨੇ ਕੁ ਦਰੁਸਤ ਸਾਬਤ ਹੋ ਰਹੇ ਹਨ ਤਾਂ ਸੰਗਤਾਂ ਉਸ ਬਾਰੇ ਸਹੀ ਸਿੱਟੇ ਕੱਢ ਸਕਦੀਆਂ ਹਨ।
ਬੇਗਾਨੇ ਫ਼ਲਸਫ਼ੇ ਸਿਖਾਂ ਲਈ ਮੁਆਫ਼ਕ ਨਹੀਂ
ਸਾਨੂੰ ਇਹ ਸਪੱਸ਼ਟ ਹੋ ਕੇ ਚੱਲਣਾ ਪਵੇਗਾ ਕੇ ਖ਼ਾਲਿਸਤਾਨ ਦਾ ਲਕਸ਼ ਸਿੱਖ ਕੌਮ ਤੇ ਗੁਰਬਾਣੀ ਦਾ 'ਇਸੁ ਜਗ ਮਹਿ ਚਾਨਣੁ' ਪਸਾਰਨ ਲਈ ਮਿਥਿਆ ਹੈ। ਅਤੇ ਜੇਕਰ ਸਾਡੀ ਲਹਿਰ ਇਸ ਤੋਂ ਆਸੇ ਪਾਸੇ ਜਾ ਰਹੀ ਹੈ ਤਾਂ ਅਸੀਂ ਗੁਰੂ ਤੋਂ ਬੇਮੁਖ ਹੋ ਕੇ ਕਿਸੇ ਹੋਰ ਦੇ ਢਾਹੇ ਚੜ੍ਹ ਰਹੇ ਹੋਵਾਂਗੇ। ਦੁਨੀਆਂ ਵਿਚ ਰਾਜ ਸਿਥਾਪਤ ਕਰਨ ਤੇ, ਕੌਮਾਂ ਦੀ ਵਿਆਖਿਆ ਦੇ, ਰਾਜਾਂ ਦੀ ਕੁਸ਼ਹਾਲੀ ਦੇ ਅਤੇ ਰਾਜਨੀਤਕ ਬਣਤਰਾਂ ਦੇ ਅਨੇਕਾਂ ਸਿਧਾਂਤ ਮੌਜੂਦ ਹਨ। ਜਿਹਨਾਂ ਮੁਤਾਬਿਕ ਇਤਿਹਾਸ ਵਿਚ ਅਨੇਕਾਂ ਰਾਜ ਕਾਇਮ ਹੋਏ, ਤਬਾਹ ਹੋਏ, ਵਿਚਰ ਰਹੇ ਹਨ ਅਤੇ ਸੰਕਟ ਗ੍ਰਸਤ ਵੀ ਹਨ। ਇਹਨਾਂ ਵਿਚ ਇਸਲਾਮੀ ਰਾਜ, ਬੋਧੀ ਰਾਜ, ਈਸਾਈ ਰਾਜ, ਮਿਲਗੋਭਾ ਰਾਜ (ਅਖੌਤੀ ਸੈਕੂਲਰ), ਨਾਸਤਕ ਰਾਜ (ਕਮਿਊਨਿਸਟ) ਅਤੇ ਮਨਮੱਤੇ ਰਾਜ (ਨਿੱਜੀ ਤਾਨਾਸ਼ਾਹੀ) ਦੇ ਮਾਡਲ ਪ੍ਰਚੱਲਤ ਹਨ।
ਇਹਨਾਂ ਦੇ ਆਪੋ-ਆਪਣੇ ਵਿਚਾਰ ਹਨ ਅਤੇ ਆਪੋ-ਆਪਣੀਆਂ ਬਣਤਰਾਂ। ਇਹਨਾਂ ਵਿਚੋਂ ਕੋਈ ਵੀ ਰਾਜ ਅੱਜ ਸਹੀ ਮਾਅਨਿਆਂ ਵਿਚ ਮਨੁੱਖਤਾ ਦੇ ਭਲੇ ਲਈ ਵਧੀਆ ਨਮੂਨਾ ਨਹੀਂ ਪੇਸ਼ ਕਰ ਰਿਹਾ। ਕਿਓਂਕਿ ਉਹਨਾਂ ਦੀ ਵਿਚਾਰਧਾਰਾ ਮਨੁੱਖਤਾ ਦੇ ਪਰਉਪਕਾਰ ਲਈ ਸਹੀ ਲਾਈਨ ਪੇਸ਼ ਨਹੀਂ ਕਰ ਸਕੀ। ਤਾਹੀਓਂ ਤਾਂ ਅੱਜ ਦੁਨੀਆਂ ਦਾ ਹਰੇਕ ਰਾਜ ਸੰਕਟ-ਗ੍ਰਸਤ ਦਿਖਾਈ ਦੇ ਰਿਹਾ ਹੈ। ਕੋਈ ਆਰਥਿਕ ਤੌਰ ਤੇ ਅਮੀਰ ਹੋਣ ਦੇ ਬਾਵਜੂਦ ਵੀ ਸੱਭਿਆਚਾਰਕ ਕੰਗਾਲੀ ਵਿਚ ਫਸਦਾ ਜਾ ਰਿਹਾ ਹੈ ਅਤੇ ਕੋਈ ਸੱਭਿਆਚਾਰਕ ਵਿਕਾਸ ਲਈ ਕੋਸ਼ਿਸ਼ਾਂ ਕਰਦਾ ਆਰਥਿਕ ਵੱਲ ਵੱਧ ਰਿਹਾ ਹੈ। ਮਨੁੱਖੀ ਭਾਈਚਾਰੇ ਲਈ ਇਕ ਵਧੀਆ ਧਾਰਮਿਕ (ਨੈਤਿਕ), ਸਭਿਆਚਾਰਕ ਤੇ ਆਰਥਿਕ ਮਾਡਲ ਪੇਸ਼ ਕਰਨ ਵਿਚ ਉਹਨਾਂ ਦੀ ਅਸਫਲਤਾ ਉਹਨਾਂ ਦੇ ਰਾਜਾਂ ਦੇ ਸੰਕਟਾਂ ਦਾ ਕਾਰਨ ਬਣੀ ਪਈ ਹੈ।
ਇਸੇ ਸਮੇਂ ਅੱਜ ਜਦੋਂ ਅਸੀਂ ਖ਼ਾਲਿਸਤਾਨ ਦੀ ਉਸਾਰੀ ਕਰ ਰਹੇ ਹਾਂ, ਤਾਂ ਸਾਨੂੰ ਉਹਨਾਂ ਦੇ ਭੱਠਿਆਂ ਦੀਆਂ ਕੱਚੀਆਂ ਪਿੱਲੀਆਂ ਤੇ ਖਿੰਗਰੀਆਂ ਇਟਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ ਸਾਨੂ ਸੁਚੇਤ ਹੋ ਕੇ ਚੱਲਣਾ ਪਵੇਗਾ ਕੇ ਗੁਰੂ ਦੀ ਸਿਖਿਆ ਮੁਤਾਬਿਕ ਜੋ ਹਲੇਮੀ ਰਾਜ ਅਸੀਂ ਸਥਾਪਤ ਕਰਨ ਜਾ ਰਹੇ ਹਾਂ, ਇਸ ਦੀ ਹਰ ਇੱਟ ਗੁਰਬਾਣੀ ਦੇ ਨਿੱਘ ਨਾਲ ਪੱਕ ਕੇ ਪ੍ਰਵਾਨ ਚੜ੍ਹੇ। ਆਲੇ-ਦੁਆਲੇ ਤੋਂ ਸਿੱਖਣਾ ਸਿਖਾਉਣਾ ਸਾਡਾ ਫ਼ਰਜ ਹੈ ਪਰ ਬਾਹਰੋਂ ਉਹ ਕੁੱਝ ਨਹੀਂ ਸਿਖਿਆ ਜਾ ਸਕਦਾ, ਜੋ ਗੁਰਮਤਿ ਦੇ ਹਾਣ ਦਾ ਨਾ ਹੋਵੇ। ਆਲੇ-ਦੁਆਲੇ ਤੋਂ ਮੱਦਦ ਲੈਣੀ ਤੇ ਮੱਦਦ ਦੇਣੀ ਠੀਕ ਹੈ, ਪਰ ਸਿੱਖੀ ਸਿਧਾਂਤ ਦੀ ਕੀਮਤ ਤੇ ਨਹੀਂ। ਇਸ ਲਈ ਅਸੀਂ ਦੁਨੀਆਂ ਦੀ ਕਿਸੇ ਚੰਗੀ ਗੱਲ ਨੂੰ ਅਪਨਾਉਂਦਿਆਂ ਤੇ ਕਿਸੇ ਦੀ ਹਮਾਇਤ ਨੂੰ ਪ੍ਰਵਾਨ ਕਰਦਿਆਂ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਦੁਨੀਆਂ ਅੰਦਰ ਕੋਈ ਵੀ ਚੰਗਿਆਈ ਗੁਰਬਾਣੀ ਵਿਚ ਦਰਜ ਚੰਗਿਆਈਆਂ ਤੋਂ ਉਤੱਮ ਨਹੀਂ ਹੈ ਤੇ ਕਿਸੇ ਹਮਾਇਤੀ ਦੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਤੋਂ ਵੱਧ ਕੇ ਨਹੀਂ ਹੈ।
ਲੀਡਰ ਤੇ ਸੰਗਤ
ਸਿੱਖੀ ਸਿਧਾਂਤਾਂ ਮੁਤਾਬਿਕ ਸਾਡੇ ਧਰਮ ਵਿਚ ਗੁਰੂ ਤੋਂ ਬਾਅਦ ਸੰਗਤ ਦੀ ਹੈਸੀਅਤ ਪ੍ਰਮੁੱਖ ਹੈ। ਸੰਗਤ ਨੂੰ ਵਿਸ਼ਵਾਸ ਵਿਚ ਲੈਂਦਿਆ ਹੀ ਕੋਈ ਆਗੂ ਖਾਲਸਈ ਸਿਧਾਂਤਾਂ ਤੇ ਅੱਗੇ ਵੱਧ ਸਕਦਾ ਹੈ। ਬੇਗਾਨੇ ਸਿਧਾਂਤ ਕਹਿੰਦੇ ਹਨ ਕਿ ਲੋਕ ਤਾਂ ਭੇਡਾਂ ਬੱਕਰੀਆਂ ਹੁੰਦੇ ਹਨ, ਉਹਨਾਂ ਨੂੰ ਜਿਧਰ ਮਰਜ਼ੀ ਮੋੜ ਲਓ। ਇਨ੍ਹਾਂ ਸਿਧਾਂਤਾਂ ਤੋਂ ਪ੍ਰਭਾਵਿਤ ਕਈ ਆਗੂ ਸੰਗਤਾਂ ਨੂੰ ਵਿਸ਼ਵਾਸ ਵਿਚ ਲੈਣ ਦੀ ਥਾਂ ਉਹਨਾਂ ਨੂੰ ਝੂਠੇ ਸਬਜ਼-ਬਾਗ਼ ਦਿਖਾਉਂਦੇ ਹਨ। ਸੰਗਤਾਂ ਨੂੰ ਝੂਠ ਦੇ ਆਸਰੇ ਆਪਣੇ ਮਗਰ ਵੀ ਚੱਲ ਪੈਂਦੇ ਹਨ। ਪਰ ਸਮੇ ਦੇ ਨਾਲ ਜਦ ਢੋਲ ਦਾ ਪੋਲ ਖੁਲ੍ਹਦਾ ਹੈ ਤਾਂ ਲੋਕ ਮੂੰਹ ਮੋੜ ਲੈਂਦੇ ਹਨ। ਫਿਰ ਲੀਡਰ ਲੋਕਾਂ ਨੂੰ ਗਾਹਲਾਂ ਕੱਢਦੇ ਹਨ। ਪਰ ਉਹ ਲੀਡਰ ਸਿੱਖੀ ਸਿਧਾਂਤਾਂ ਮੁਤਾਬਿਕ ਠੀਕ ਨਹੀਂ ਚੱਲ ਰਹੇ ਹੁੰਦੇ। ਸਿੱਖੀ ਸਿਧਾਂਤ ਸੰਗਤ ਨਾਲ ਝੂਠ ਮਾਰਨ ਦੀ ਮਨਾਹੀ ਕਰਦਾ ਹੈ। ਸਿੱਖੀ ਸਿਧਾਂਤ ਸੰਗਤਾਂ ਤੋਂ ਓਹਲੇ ਰੱਖਣ ਦੀ ਮਨਾਹੀ ਕਰਦਾ ਹੈ।
ਸਿੱਖੀ ਸਿਧਾਂਤ ਹਰ ਲੀਡਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਧ ਅਨੁਸਾਰ ਲਹਿਰ ਜਥੇਬੰਦ ਕਰਨ ਦੇ ਆਪਣੇ ਤਰੀਕਾਕਾਰ ਨੂੰ ਸੰਗਤਾਂ ਦੀ ਪ੍ਰਵਾਨਗੀ ਲਈ ਪੇਸ਼ ਕਰਨ ਦਾ ਪਾਬੰਦ ਬਣਾਉਂਦਾ ਹੈ ਤੇ ਫਿਰ ਸੰਗਤਾਂ ਨੂੰ ਸਹਿਮਤ ਕਰਾ ਕੇ ਖ਼ਾਲਸਈ ਨਿਸ਼ਾਨੇ ਵੱਲ ਵਧਣ ਦਾ ਰਾਹ ਦਿਖਾਉਂਦਾ ਹੈ। ਇਥੇ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕੇ ਸਿੱਖੀ ਸਿਧਾਂਤ ਕਿਸੇ ਲੀਡਰ ਵਲੋਂ ਆਮ ਸੰਗਤ ਕੋਲੋਂ ਗੁਰਮਤ ਦੀ ਸੇਧ ਦੇ ਉਲਟ ਲਏ ਫ਼ਤਵੇ ਨੂੰ ਪ੍ਰਵਾਨ ਨਹੀਂ ਕਰਦਾ, ਜਿਵੇਂ ਲੀਡਰ ਆਮ ਤੌਰ ਤੇ ਗ਼ਲਤ ਕੰਮਾਂ ਲਈ ਸੰਗਤਾਂ ਦੇ ਹੱਥ ਖੜੇ ਕਰਾਉਂਦੇ ਹਨ।
ਇਸ ਤਰ੍ਹਾਂ ਖ਼ਾਲਸਈ ਸਿਧਾਂਤਾਂ ਮੁਤਾਬਿਕ ਲੋਕ ਲਹਿਰ ਦੀ ਉਸਾਰੀ ਕਰਨ ਅਤੇ ਖ਼ਾਲਿਸਤਾਨ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਹਨਾਂ ਨੁਕਤਿਆਂ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕੇ ਸਾਡਾ ਮਾਰਗ-ਦਰਸ਼ਕ ਤੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਸੀਂ ਕੁੱਝ ਵੀ ਅਜਿਹਾ ਕਰਨ ਦੇ ਹੱਕਦਾਰ ਨਹੀਂ, ਜੋ ਉਸ ਮੁਤਾਬਿਕ ਦਰੁਸਤ ਨਾ ਹੋਵੇ। ਸਾਡੇ ਲੀਡਰ ਜੇਕਰ ਉਸਦੀ ਸੇਧ ਮੁਤਾਬਿਕ ਸੰਗਤ ਨੂੰ ਚੱਲਣ ਦੀ ਪ੍ਰੇਰਣਾ ਕਰਦੇ ਹਨ ਤਾਂ ਸਾਨੂੰ ਉਹਨਾਂ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ। ਜੇਕਰ ਉਹਨਾਂ ਵਿਚ ਕੋਈ ਨੁਕਸ ਹੈ ਤਾਂ ਸੰਗਤ ਨੂੰ ਹੱਕ ਹੈ ਕੇ ਉਸ ਤੇ ਕਿੰਤੂ ਕਰੇ ਅਤੇ ਲੀਡਰ ਦਾ ਫ਼ਰਜ਼ ਹੈ ਕੇ ਉਹ ਸੰਗਤ ਦੀ ਰਾਇ ਲਵੇ। ਇਸ ਤਰ੍ਹਾਂ ਸਾਨੂੰ ਇਕ ਲੋਕ ਲਹਿਰ ਦੀ ਉਸਾਰੀ ਵੱਲ ਵਧਣਾ ਚਾਹੀਦਾ ਹੈ।