ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ: ਧਰਮ ਤੇ ਰਾਜਨੀਤੀ ਦਾ ਰਿਸ਼ਤਾ
"ਸਭ ਤੋਂ ਵੱਡੀ ਕਮਜ਼ੋਰੀ ਇਸ ਗੱਲ ਵਿਚ ਪਈ ਹੈ ਕਿ ਅਸੀਂ ਸੱਚ ਦੇ ਧੁਰੇ ਸਿੱਖ ਧਰਮ ਨੂੰ ਪ੍ਰਚੱਲਤ ਕੂੜ ਸਿਆਸਤ ਨਾਲ ਨੱਥੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ…"
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ “ਦੇਸ ਪ੍ਰਦੇਸ” ਦੇ ੨੬-੬-੯੨ ਅੰਕ ਵਿੱਚੋਂ ਛਪਿਆ ਲੇਖ।
ਸਾਡੀ ਲਹਿਰ ਅੰਦਰ ਬਹੁਤੀਆਂ ਬੀਮਾਰੀਆਂ ਦੀ ਜੜ੍ਹ ਇਹ ਅਧਾਰਮਿਕ ਪ੍ਰਵਿਰਤੀ ਹੈ ਕਿ (ਰਾਜਨੀਤੀ ਅੰਦਰ ਸੱਚ ਜਾਂ ਅਸੂਲਾਂ ਦੀ ਥਾਂ) ਪਦਾਰਥਕ ਫਾਇਦੇ ਨੂੰ ਪਹਿਲ ਦਿੱਤੀ ਜਾਵੇ। ਇਹ ਪ੍ਰਵਿਰਤੀ ਸਾਨੂੰ ਫੌਰੀ ਫਾਇਦੇ ਵੱਲ ਖਿੱਚਦੀ ਹੈ ਪਰ ਲੰਮੀ ਹਾਰ ਤੋਂ ਸੁਚੇਤ ਨਹੀਂ ਕਰਦੀ। ਸਾਡੀ ਲਹਿਰ ਦੇ ਕਈ ਆਗੂ ਸਟੇਜ ਤੋਂ ਝੂਠ ਬੋਲਦੇ ਹਨ। ਜੇ ਪੁੱਛੀਏ ਤਾਂ ਕਹਿੰਦੇ ਹਨ ਕਿ ਝੂਠ ਬੋਲਿਆਂ ਜੇ ਲੋਕਾਂ ਦੇ ਹੌਂਸਲੇ ਬੁਲੰਦ ਹੋਣ ਤਾਂ ਹੋਰ ਕੀ ਚਾਹੀਦਾ ਹੈ। ਉਨ੍ਹਾਂ ਦੀ ਇਕ ਪੱਕੀ ਸਮਝ ਹੈ ਕਿ ‘ਰਾਜਨੀਤੀ ਤੇ ਜੰਗ ਵਿਚ ਕੋਈ ਅਸੂਲ ਨਹੀਂ ਹੁੰਦਾ, ਜਿਹਨਾਂ ਵਾਸਤੇ ਹਰ ਹਰਬਾ ਵਰਤਣਾ ਚਾਹੀਦਾ ਹੈ’।
ਪਰ ਮਿੱਤਰ ਪਿਆਰਿਓ ਅਸੀਂ ਜੰਗ ਸ਼ੁਰੂ ਕੀਤੀ ਹੈ ਧਰਮ ਦੀ ਚੜ੍ਹਦੀ ਕਲਾ ਲਈ। ਸਾਨੂੰ ਲੜਨਾ ਸਿਖਾਇਆ ਹੈ ਸਾਡੇ ਧਾਰਮਿਕ ਅਸੂਲਾਂ ਨੇ। ਜੇ ਇਸ (ਲੜਾਈ) ਵਿਚ ਜਿੱਤਣਾ ਚਾਹੀਦਾ ਹੈ ਤਾਂ ਉਹ ਸਾਡਾ ਧਰਮ ਹੀ ਜਿੱਤਣਾ ਚਾਹੀਦਾ ਹੈ, ਸਾਡਾ ਧੜਾ ਨਹੀਂ। ਅਤੇ ਜੇਕਰ ਲੜਾਈ ਦੇ ਮੈਦਾਨ ਵਿਚ ਅਸੀਂ ਧਰਮ ਦਾ ਪੱਲਾ ਹੀ ਛੱਡ ਬੈਠੇ ਤਾਂ ਸਾਡੀ ਲੜਾਈ ਦਾ ਤਾਂ ਮੁੱਦਾ ਹੀ ਖਤਮ ਹੈ, ਜਿੱਤਣਾ ਜਾਂ ਲੜਨਾ ਕਾਹਦੇ ਲਈ… ਧਰਮ ਸੱਚ ਦਾ ਨਾਂ ਹੈ ਅਤੇ ਸੱਚ ਦੀ ਲੜਾਈ ਧਰਮ ਦੀ ਲੜਾਈ ਹੈ। ਧਰਮ ਦੇ ਨਾਂ ‘ਤੇ ਪਦਾਰਥ ਦੀ ਲੜਾਈ ਗਾਂਧੀਵਾਦੀ ਲੜਾਈ ਹੈ। ਉਹੋ ਜਿਹੇ (ਸਿੱਖ) ਰਾਜ ਵਿਚ ਤੇ ਭਾਰਤੀ ਰਾਜ ਵਿਚ ਕੋਈ ਫਰਕ ਨਹੀਂ ਹੋਵੇਗਾ। ਜਿਹੜੇ ਲੋਕ ਇਹ ਦਲੀਲ ਦਿੰਦੇ ਹਨ ਕਿ ਝੂਠ ਮਾਰਨ ਤੋਂ ਬਿਨਾਂ, ਕਹਿਣੀ ਤੇ ਕਰਨੀ ਵਿਚ ਫਰਕ ਰੱਖਣ ਤੋਂ ਬਿਨਾਂ ਅਸੀਂ ਜਿੱਤ ਹੀ ਨਹੀਂ ਸਕਦੇ, ਉਹਨਾਂ ਦਾ ਧਰਮ ਤੇ ਸੱਚ ਵਿਚ ਵਿਸ਼ਵਾਸ਼ ਅਜੇ ਪੱਕਾ ਨਹੀਂ ਹੋਇਆ ਜਾਪਦਾ। ਜਿਹੜੇ ਲੋਕ ਹੋਰਨਾਂ ਪਦਾਰਥਵਾਦੀ ਲਹਿਰਾਂ ਦੀ ਜਿੱਤ ਤੋਂ ਸਿੱਖਣ ਦੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਲਹਿਰਾਂ ਜਿੱਤ ਕੇ ਵੀ ਅੰਤ ਹਾਰ ਹੀ ਗਈਆਂ ਹਨ।
ਰਾਜਨੀਤੀ ਕੂੜ ਦਾ ਨਾਂ ਨਹੀਂ ਹੈ। ਰਾਜਨੀਤੀ ਸਮਾਜਿਕ ਰਿਸ਼ਤਿਆਂ ਨੂੰ ਤੈਅ ਕਰਨ ਵਾਲੇ ਅਸੂਲਾਂ ਦਾ ਨਾਂ ਹੈ। ਜੇਕਰ ਇਹ ਸੱਚ ਦੇ ਆਧਾਰ ‘ਤੇ ਤੈਅ ਹੋਣਗੇ ਤਾਂ ਧਰਮੀ ਰਾਜਨੀਤੀ ਹੋਵੇਗੀ ਤੇ ਜੇਕਰ ਝੂਠ ਦੇ ਆਧਾਰ ‘ਤੇ ਹੋਣਗੇ ਤਾਂ ਅਧਰਮੀ ਰਾਜਨੀਤੀ ਹੋਵੇਗੀ। ਖਾਲਿਸਤਾਨ ਲਹਿਰ ਅੰਦਰਲੀਆਂ ਊਣਤਾਈਆਂ ਦੂਰ ਕਰਨ ਦੇ ਚਾਹਵਾਨੋਂ, ਲਹਿਰ ਦੇ ਅੰਦਰ ਝਾਤੀ ਮਾਰੋ। ਸਭ ਤੋਂ ਵੱਡੀ ਕਮਜ਼ੋਰੀ ਇਸ ਗੱਲ ਵਿਚ ਪਈ ਹੈ ਕਿ ਅਸੀਂ ਸੱਚ ਦੇ ਧੁਰੇ ਸਿੱਖ ਧਰਮ ਨੂੰ ਪ੍ਰਚੱਲਤ ਕੂੜ ਸਿਆਸਤ ਨਾਲ ਨੱਥੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ… ਆਓ ਧਰਮ ਅਧਾਰਿਤ ਰਾਜਨੀਤੀ ਦਾ ਪੱਲਾ ਫੜੀਏ। ਲੁੱਤ ਘੁੱਤ ਰਾਜਨੀਤੀ ਦਾ ਖਹਿੜਾ ਛੱਡੀਏ… ਆਓ ਸੱਚ ਦਾ ਪੱਲਾ ਫੜ ਕੇ ਸੱਚ ਦੀ ਆਜ਼ਾਦੀ (ਖਾਲਿਸਤਾਨ) ਦੀ ਲੜਾਈ ਵਿਚ ਕੁੱਦੀਏ!