ਹੜ੍ਹਾਂ ਦੀ ਸਿਆਸਤ ਅਤੇ ਪੰਜਾਬ ਦੀ ਹੋਣੀ
ਅਸੀਂ ਸਿਰਫ਼ ਇਕ ਵਾਤਾਵਰਣੀ (ਕਲਾਈਮੇਟ) ਸੰਕਟ ਦਾ ਸਾਹਮਣਾ ਨਹੀਂ ਕਰ ਰਹੇ, ਸਗੋਂ ਇੱਕ ਤੇਜ਼ ਹੁੰਦੇ ਭੂ-ਰਾਜਨੀਤਿਕ ਟਕਰਾਅ ਦਾ ਸਾਹਮਣਾ ਕਰ ਰਹੇ ਹਾਂ।
ਖਾਲਿਸਤਾਨ ਕੇਂਦਰ | @KhalistanCentre
ਪੰਜਾਬ ਵਿੱਚ ਆਏ ਮੌਜੂਦਾ ਹੜ੍ਹਾਂ ਦੇ ਅਸਲੀ ਕਾਰਣਾਂ ਨੂੰ ਸਮਝਣ ਤੇ ਉਹਨਾਂ ਦਾ ਹੱਲ ਕੱਢਣ ਲਈ ਮਹਿਜ਼ ਹਮਦਰਦੀ, ਸਮਾਜ ਸੇਵੀ ਸੰਸਥਾਵਾਂ ਨੂੰ ਦਾਨ-ਪੁੰਨ ਜਾਂ ਦਿੱਲੀ ਵੱਲ ਗੁੱਸਾ ਕੱਢ ਕੇ ਅਸੀਂ ਅੱਜ ਸੁਰਖਰੂ ਨਹੀਂ ਹੋ ਸਕਦੇ। ਮੌਜੂਦਾ ਸੰਕਟ ਸਿਰਫ ਪਾਣੀ ਦੇ ਸਥਾਨਕ ਵਿਵਾਦ ਜਾਂ ਮਸਲਾ ਨਹੀਂ ਰਿਹਾ ਅਤੇ ਇਸ ਨੂੰ ਨਜਿੱਠਣ ਲਈ ਜਿੰਮੇਵਾਰੀ ਦਾ ਭਾਂਡਾ ਹੋਰ ਕਿਸੇ ਦੇ ਸਿਰ ਭੰਨ ਕੇ ਹੱਲ ਨਹੀਂ ਹੋਣ ਲੱਗਾ।
ਭਾਵੇਂ ਕਿ ਸਮਾਜਕ ਜਾਗਰੁਕਤਾ ਲਿਆਉਣੀ ਵੀ ਜਰੂਰੀ ਹੈ ਪਰ ਅਸਲ ਮਸਲਾ ਅਤੇ ਦੀਰਘ ਕਾਲ ਵਾਲਾ ਹੱਲ ਇਸੇ ਗੱਲ ਵਿੱਚ ਹੈ ਕਿ ਸਿੱਖ ਸੰਗਤਾਂ ਜਮੀਨੀ ਪੱਧਰ ‘ਤੇ ਸਟੇਟ ਤੰਤਰ ਦੇ ਮੁਕਾਬਲੇ ਆਪਣੀ ਸੁਤੰਤਰ ਤਾਕਤ ਉਸਾਰਨ ਲਈ ਯਤਨਸ਼ੀਲ ਹੋਣ ਜਿਵੇਂ ਗੁਰੂ-ਕਾਲ ਦੇ ਇਤਿਹਾਸਕਾਰ ਗੁਰੂ ਘਰ ਨੂੰ “ਸਟੇਟ ਵਿਦ ਇਨ ਸਟੇਟ” ਪ੍ਰਭਾਸ਼ਿਤ ਕਰਦੇ ਆਏ ਹਨ (“State within a state”)। ਇਸੇ ਹੀ ਤਰੀਕੇ ਦੇ ਨਾਲ ਸਥਾਨਕ ਸੂਬੇਦਾਰਾਂ ਦਾ ਪ੍ਰਸ਼ਾਸਨ, ਪੱਛਮੀ “ਵਿਕਾਸ” ਮਾਡਲਾਂ ਦੀਆਂ ਮਾਰੂ ਵਿਗਾੜਾਂ, ਅਤੇ ਇੰਡੀਅਨ ਸਟੇਟ ਵੱਲੋਂ ਕੁਦਰਤੀ ਸਰੋਤਾਂ ਨੂੰ ਹਥਿਆਉਣ ਵਾਲੀ ਨੀਤੀ ਨੂੰ ਸਫਲਤਾ ਨਾਲ ਟੱਕਰ ਦਿੱਤੀ ਜਾ ਸਕਦੀ ਹੈ।
ਸਾਡੇ ਹੱਲ ਖੁਦਮੁਖਤਿਆਰ ਜਥਿਆਂ ਅਤੇ ਸਥਾਨਕ ਸੰਗਤਾਂ ਦੀਆਂ ਸੁਤੰਤਰ ਪਹਿਲਕਦਮੀਆਂ ਨਾਲ ਹੀ ਸਿਰਜੇ ਜਾ ਸਕਦੇ ਹਨ—ਨਾ ਕਿ ਦਿੱਲੀ ਦੇ ਗੁਲਾਮ ਪੰਜਾਬੀ ਸੂਬੇਦਾਰਾਂ ਰਾਹੀਂ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਥਾਨਕ, ਖੇਤਰੀ, ਅਤੇ ਭੂ-ਰਾਜਨੀਤਕ ਹਲਾਤਾਂ ਦੀਆਂ ਠੋਸ ਹਕੀਕਤਾਂ ਨੂੰ ਸਮਝੀਏ ਤਾਂ ਕਿ ਇਹ ਸਪੱਸ਼ਟ ਹੋਵੇ ਕਿ ਅਸਲ ਵਿੱਚ ਅੱਜ ਦਾਅ ‘ਤੇ ਕੀ ਲੱਗਿਆ ਹੈ। ਅਸੀਂ ਭਵਿੱਖ ਵਿੱਚ ਕਿਸੇ ਚਮਤਕਾਰੀ ਹੱਲ ਦੀ ਉਡੀਕ ਨਹੀਂ ਕਰ ਸਕਦੇ, ਸਗੋਂ ਆਪਣੀ ਤਾਕਤ, ਯੋਗਤਾ ਅਤੇ ਵਿਓਂਤਬੰਦੀ ਨੂੰ ਅੱਜ ਹੀ ਘੜਨਾ ਸ਼ੁਰੂ ਕਰਨਾ ਪਵੇਗਾ।
ਪੰਜਾਬ ਦਾ ਜਲ ਸੰਕਟ ਹੁਣ ਦੱਖਣੀ ਏਸ਼ੀਆ ਦੇ ਖੇਤਰ ਵਿੱਚ ਭੂ-ਰਾਜਨੀਤਿਕ (geo-political) ਤਣਾਅ ਦਰਮਿਆਨ ਉਭਰ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਇਹ ਜੰਗ ਅਤੇ ਟਕਰਾਅ ਦਾ ਇੱਕ ਕੇਂਦਰ ਬਿੰਦੂ ਬਣ ਸਕਦਾ। ਹੁਣ ਇਹ ਸਿਰਫ਼ ਦਿੱਲੀ ਉੱਤੇ ਉਂਗਲ ਚੁੱਕਣ ਦੀ ਗੱਲ ਨਹੀਂ ਰਹੀ, ਸਗੋਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਅੱਜ ਤੋਂ ਹੀ ਆਉਣ ਵਾਲੀਆਂ ਮੁਸੀਬਤਾਂ ਲਈ ਕਿਵੇਂ ਤਿਆਰੀ ਕਰੀਏ ਜਿਸ ਰਾਹੀਂ ਸਾਡੇ ਭਵਿੱਖ ਦੇ ਰਾਹ ਉਸਾਰੇ ਜਾ ਸਕਣ।
ਅਮਰੀਕੀ ਖੁਫੀਆ ਏਜੰਸੀਆਂ ਨੇ ੨੦੨੧ ਦੀ ਇੱਕ ਰਿਪੋਟ ਵਿੱਚ ਇੰਡੀਆ ਅਤੇ ਪਾਕਿਸਤਾਨ ਨੂੰ ਉਹਨਾਂ ੧੧ ਦੇਸ਼ਾਂ ਵਿੱਚ ਸ਼ਾਮਲ ਕੀਤਾ ਸੀ ਜੋ ਵਾਤਾਵਰਣ ਤੇ ਸਮਾਜਕ ਸੰਕਟਾਂ ਦੇ ਮੁਕਾਬਲੇ ਲਈ “ਬਹੁਤ ਹੀ ਨਾਜ਼ੁਕ” ਹਨ। ਉਸ ਰਿਪੋਰਟ ਨੇ ਇਹ ਅਨੁਮਾਨ ਲਾਇਆ ਸੀ ਕਿ “ਗਲੋਬਲ ਵਾਰਮਿੰਗ ਦੇ ਕਾਰਨ ਭੂ-ਰਾਜਨੀਤਿਕ ਤਣਾਅ ਅਤੇ ਖ਼ਤਰਿਆਂ ਵਿੱਚ ਵਾਧਾ ਹੋਵੇਗਾ...”। ਉਨ੍ਹਾਂ ਨੇ ਇਸ ਗੱਲ ‘ਤੇ ਖ਼ਾਸ ਜੋਰ ਦਿੱਤਾ ਕਿ ਆਉਣ ਵਾਲੇ ਸਾਲਾਂ ਵਿੱਚ ਪਾਣੀ ਦੇ ਵਿਵਾਦ ਦੱਖਣੀ ਏਸ਼ੀਆ ਵਿੱਚ ਟਕਰਾਅ ਦੇ ਮੁੱਖ ਕਾਰਣ ਬਨਣਗੇ।
ਚਾਰ ਸਾਲ ਬਾਅਦ ਅੱਜ ਉਹ ਬਿਆਨ ਸੱਚ ਸਾਬਤ ਹੋ ਰਹੇ ਹਨ। ਮਈ ੨੦੨੫ ਵਿੱਚ ਭਾਰਤ ਵੱਲੋਂ ਇੰਡਸ ਵਾਟਰ ਟ੍ਰੀਟੀ ਨੂੰ ਇਕਪਾਸੜ ਤਰੀਕੇ ਨਾਲ ਰੱਦ ਕਰਨਾ ਕੁਦਰਤੀ ਸਰੋਤਾਂ ਨੂੰ ਹਥਿਆਰ ਵਜੋਂ ਵਰਤਣ ਦੀ ਇਕ ਰਣਨੀਤਿਕ ਕੋਸ਼ਿਸ਼ ਹੈ। ਅਲ ਜਜ਼ੀਰਾ ਦੀਆਂ ਰਿਪੋਰਟਾਂ ਮੁਤਾਬਕ ਇੰਡੀਆ ਨੇ ਦਰਿਆਵਾਂ ਦੇ ਵਹਾਅ ਨੂੰ ਜ਼ਬਰਦਸਤੀ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਇਸ ਨਾਲ ਪਾਕਿਸਤਾਨ ਦੇ ਬੁਨਿਆਦੀ ਢਾਂਚਿਆਂ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ।
ਇਹ ਕੋਈ ਨਵੀਂ ਰਣਨੀਤੀ ਨਹੀਂ—੧੯੮੮ ਵਿੱਚ ਭਾਖੜਾ ਡੈਮ ਰਾਹੀਂ ਪੰਜਾਬ ਦੇ ਪਿੰਡਾਂ ਕਸਬਿਆਂ ਨੂੰ ਨਸ਼ਟ ਕਰਕੇ ਸਿੱਖ ਸੰਘਰਸ਼ ਵਿਰੁੱਧ ਵੀ ਇਸੇ ਤਰ੍ਹਾਂ ਦਾ ਹਮਲਾ ਕੀਤਾ ਗਿਆ ਸੀ। ਉਸ ਜ਼ਬਰ ਦੇ ਜਵਾਬ ਵਿੱਚ ਸਿੱਖ ਜੁਝਾਰੂਆਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮੇਜਰ ਜਨਰਲ ਬੀ.ਐਨ. ਕੁਮਾਰ ਦਾ ਸੋਧਾ ਲਾਇਆ ਸੀ।
ਪੰਜਾਬ ਨੂੰ ਨਾ ਤਾਂ ਮਹਿਜ਼ ਹਮਦਰਦੀ ਬਚਾ ਸਕਦੀ ਹੈ, ਨਾ ਹੀ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ-ਪੁੰਨ ਤੇ ਨਾਂ ਹੀ ਸੋਸ਼ਲ ਮੀਡੀਆ ਤੇ ਜ਼ਾਹਰ ਕੀਤਾ ਗੁੱਸਾ। ਅਸੀਂ ਸਿਰਫ਼ ਇਕ ਵਾਤਾਵਰਣੀ (ਕਲਾਈਮੇਟ) ਸੰਕਟ ਦਾ ਸਾਹਮਣਾ ਨਹੀਂ ਕਰ ਰਹੇ, ਸਗੋਂ ਇੱਕ ਤੇਜ਼ ਹੁੰਦੇ ਭੂ-ਰਾਜਨੀਤਿਕ ਟਕਰਾਅ ਦਾ ਸਾਹਮਣਾ ਕਰ ਰਹੇ ਹਾਂ ਜਿੱਥੇ ਪੰਥ-ਪੰਜਾਬ ਜੰਗ ਦੀ ਸਫਬੰਦੀ ਵਿੱਚ ਮੂਹਰਲੀ ਕਤਾਰ ‘ਤੇ ਹੈ।
ਇਨ੍ਹਾਂ ਨਾਜ਼ੁਕ ਹਲਾਤਾਂ ਵਿੱਚ ਤੰਗ-ਨਜ਼ਰੀ ਜਾਂ ਸਾਜਸ਼ ਵਾਲੇ ਬਿਰਤਾਂਤ, ਆਰਜ਼ੀ ਰਾਹਤ ਜਾਂ ਸੋਸ਼ਲ ਮੀਡੀਆ ਦੀਆਂ ਚੰਦ ਪਲਾਂ ਦੀਆਂ ਸਰਗਰਮੀਆਂ ਨਾਲ ਅਸੀਂ ਸੰਤੁਸ਼ਟ ਨਹੀਂ ਹੋ ਸਕਦੇ। ਫੌਰੀ ਰਾਹਤ ਲਈ ਸਮਾਜਕ ਮੁਹਿੰਮਾਂ ਤੇ ਦਿੱਲੀ ਵਿਰੁੱਧ ਗੁੱਸਾ ਲਾਜ਼ਮੀ ਹੈ, ਪਰ ਇਹ ਆਪਣੇ ਆਪ ਵਿੱਚ ਕਾਫ਼ੀ ਨਹੀਂ ਹਨ।
ਅਸਲ ਸਵਾਲ ਇਹ ਹੈ: ਅਸੀਂ ਪੰਥ ਵਜੋਂ ਅੱਜ ਉਹ ਸੁਤੰਤਰ ਯੋਗਤਾ ਕਿਵੇਂ ਬਣਾਈਏ ਜੋ ਇਹ ਤਬਾਹੀ, ਸਾਮਰਾਜੀ ਹਮਲਿਆਂ ਅਤੇ ਭੂ-ਰਾਜਨੀਤਕ ਟਕਰਾਅ ਦਾ ਸਾਹਮਣਾਂ ਕਰਦੇ ਹੋਏ ਇਸ ਗੱਲ ਨੂੰ ਮੁਖ਼ਾਤਿਬ ਹੋਈਏ ਕਿ ਪੰਜਾਬ ਦੀ ਰੱਖਿਆ, ਸੰਭਾਲ ਅਤੇ ਖੁਸ਼ਹਾਲੀ ਦਾ ਪ੍ਰਬੰਧ ਕਿਸ ਤਰ੍ਹਾਂ ਹੋਵੇ?
ਜਿਵੇਂ ਸਿੱਖ ਜਥਿਆਂ ਤੇ ਮਿਸਲਾਂ ਨੇ ੧੮ਵੀਂ ਸਦੀ ਵਿੱਚ ਲੋਕਾਂ ਦੀ ਰੱਖਿਆ ਲਈ ਰਾਖੀ ਪ੍ਰਬੰਧ ਸਿਰਜਿਆ ਸੀ, ਅੱਜ ਸਾਨੂੰ ਉਹੀ ਤਾਕਤ, ਅਣਖ ਅਤੇ ਇਨਸਾਫ ਦੀ ਪਹਿਰੇਦਾਰੀ ਕਰਨ ਵਾਲੇ ਢਾਂਚਿਆਂ ਨੂੰ ਆਪਣੇ ਮੌਜੂਦਾ ਹਲਾਤਾਂ ਅਨੁਸਾਰ ਮੁੜ ਉਸਾਰਨ ਦੀ ਲੋੜ ਹੈ।
ਸਿੱਖ ਸੰਗਤਾਂ ਸੁਤੰਤਰ ਤੌਰ ‘ਤੇ ਅਤੇ ਸਥਾਨਕ ਪੱਧਰ ‘ਤੇ ਲਾਮਬੰਦ ਹੋਣ ਜਿਸ ਰਾਹੀਂ ਇੱਕ ਵਿਕੇਂਦਰੀਕ੍ਰਿਤ ਜਥੇਬੰਦਕ ਢਾਂਚੇ ਅਤੇ ਸਟੇਟ ਤੰਤਰ ਦੇ ਮੁਕਾਬਲੇ ਤਾਕਤ ਉਸਾਰੀ ਜਾ ਸਕੇ। ਸੰਕਟਮਈ ਹਲਾਤਾਂ ਅਤੇ ਅਣਕਿਆਸੀਆਂ ਮੁਸੀਬਤਾਂ ਦੇ ਸਨਮੁੱਖ ਆਪਣੀ ਸੁਤੰਤਰ ਤਾਕਤ ਬਨਾਉਣ ਦਾ ਸਾਰਥਕ ਕਦਮ ਇਹੀ ਸਾਬਤ ਹੋਵੇਗਾ। ਜ਼ਮੀਨੀ ਪੱਧਰ ਤੋਂ ਇਹੋ ਜਿਹੀ ਲਾਮਬੰਦੀ ਹੀ ਸਾਨੂੰ ਪੂੰਜੀਵਾਦੀ “ਵਿਕਾਸ”, ਸਥਾਨਕ ਸੂਬੇਦਾਰਾਂ, ਅਤੇ ਦਿੱਲੀ ਦੇ ਗਲਬੇ ਤੋਂ ਮੁਕਤ ਕਰ ਸਕਦੀ ਹੈ।
ਅਸੀਂ ਕੋਈ ਚਮਤਕਾਰ ਜਾਂ ਕਿਸੇ ਪੂਰਨ (ਪਰਫੈਕਟ) ਹੱਲ ਦੀ ਉਡੀਕ ਨਹੀਂ ਕਰ ਸਕਦੇ ਨਾਂ ਹੀ ਇਹ ਜ਼ਿੰਮੇਵਾਰੀ ਕਿਸੇ ਹੋਰ ਦੇ ਮੋਢਿਆਂ ‘ਤੇ ਸੌਂਪੀ ਜਾ ਸਕਦੀ ਹੈ। ਸਾਡਾ ਭਵਿੱਖ ਸਾਡੇ ਹੀ ਅਮਲ ਤੋਂ ਤਹਿ ਹੋਣਾ ਹੈ। ਪਿੱਛਲੇ ਕਈ ਸਾਲਾਂ ਤੋਂ ਪੰਥ-ਪੰਜਾਬ ਨੂੰ ਦਰਪੇਸ਼ ਹਰ ਮੁਸੀਬਤ ਅਤੇ ਸੰਕਟ ਨੇ ਸਾਨੂੰ ਇੱਕੋ ਸਪੱਸ਼ਟ ਹੋਕਾ ਦਿੱਤਾ ਹੈ ਕਿ ਸੁਤੰਤਰ ਤਾਕਤ ਉਸਾਰ ਕੇ ਖਾਲਸਾਈ ਵਿਰਸੇ ਦੀ ਰੋਸ਼ਨੀ ਵਿੱਚ ਸਾਡੇ ਭਵਿੱਖ ਨੂੰ ਸੰਵਾਰਨ ਵਾਲੀ ਸਰਗਰਮੀ ਅੱਜ ਹੀ ਸ਼ੁਰੂ ਹੋਣੀ ਚਾਹੀਦੀ ਹੈ।
ਸ਼ਹੀਦਾਂ ਵੱਲੋਂ ਦਰਸਾਏ ਇਸ ਰਾਹ ‘ਤੇ ਪਾਤਸ਼ਾਹ ਸਹਾਈ ਹੋਣ।