“ਇਹ ਸਮਾਗਮ ਇੱਕ ਵਾਰ ਫਿਰ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹੈ ਕਿ ‘ੴ ਸਤਿਨਾਮੁ’ ਦੇ ਧਾਰਨੀ ਸਿੱਖਾਂ ਦਾ ਧਰਮ, ਰਾਜਨੀਤੀ ਤੇ ਗੁਰਧਾਮ ਅਨਿੱਖੜ ਹਨ ਅਤੇ ਉਹ ਇਹਨਾਂ ਦੀ ਵਰਤੋਂ ਪੰਥਕ ਨਵ-ਉਸਾਰੀ ਲਈ ਕਰਦੇ ਹੀ ਰਹਿਣਗੇ ਅਤੇ ਸਿੱਖ ਆਪਣਾ ਸ਼ਸਤਰਧਾਰੀ ਹੋਣ ਦਾ ਹੱਕ ਤੇ ਗੁਰਧਾਮਾਂ ਵਿੱਚ ਸ਼ਸਤਰਾਂ ਤੇ ਪਾਬੰਦੀ ਪ੍ਰਵਾਨ ਨਹੀਂ ਕਰਦੇ…”
- ਸਰਬੱਤ ਖਾਲਸਾ (ਜਨਵਰੀ ੧੯੮੬) ਦੇ ਗੁਰਮਤਿਆਂ ਵਿੱਚੋਂ
ਜੂਨ ੧੯੮੪ ਦੀ ਸ੍ਰੀ ਅੰਮ੍ਰਿਤਸਰ ਦੀ ਜੰਗ ਸਿੱਖ ਇਤਿਹਾਸ ਦਾ ਸਭ ਤੋਂ ਮਹੱਤਵਪੂਰਨ ਪਲ ਹੈ। ਜੰਗ ਅਤੇ ਸ਼ਹਾਦਤ ਨੂੰ ਖਾਲਸਾ ਜੀ ਨੇ ਸਿੱਖ ਇਤਿਹਾਸ ਦੇ ਹਰ ਦੌਰ ਵਿੱਚ ਜੇਤੂ ਫ਼ਤਿਹ ਵਾਂਗ ਮਾਣਿਆ ਹੈ। ਸੰਘਰਸ਼ ਅਤੇ ਸ਼ਹਾਦਤ ਨੂੰ ਸਿੱਖਾਂ ਨੇ ਕਦੇ ਵੀ ਉਦਾਸੀਨਤਾ ਵਜੋਂ ਨਹੀੰ ਲਿਆ।
ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਜੁਝਾਰੂਆਂ ਨੇ ਖ਼ਾਲਸਾ ਪੰਥ ਨੂੰ ਸ਼ਹਾਦਤਾਂ ਅਤੇ ਜੰਗ ਦੇ ਅਮਲ ਨਾਲ ਮੁੜ ਸੁਰਜੀਤ ਕਰ ਦਿੱਤਾ ਅਤੇ ਪੰਥ ਅੰਦਰ ਅਕਾਲ ਪੁਰਖ ਵੱਲੋਂ ਬਖ਼ਸ਼ਿਸ਼ ਪਾਤਸ਼ਾਹੀ ਦੇ ਦਾਅਵੇ ਵਾਲੀ ਚਿਣਗ ਨੂੰ ਆਣ ਜਗਾਇਆ।
ਇਸੇ ਲਈ ਸਾਡੀ ਪੀੜ੍ਹੀ ਲਈ ਜੂਨ ੧੯੮੪ ਇੱਕ ਬਹੁਤ ਵੱਡਾ ਨਿਰਣਈ ਪਲ ਹੈ। ਅਜਿਹੇ ਦੌਰ ਵਿੱਚ ਜਦੋੰ ਸੰਸਾਰ ਭਰ ਦੇ ਸਿੱਖ ਨੌਜਵਾਨ ਪੰਥ ਨੂੰ ਆਪਣੀ ਸੇਵਾ ਦੇਣ ਲਈ ਤਤਪਰ ਹਨ ਤਾਂ ਜੂਨ ੮੪ ਦਾ ਸਾਕਾ ਸਾਨੂੰ ਸਾਡੇ ਭਵਿੱਖਤ ਕਾਰਜਾਂ ਦੀ ਰੂਪ-ਰੇਖਾ ਲਈ ਸੇਧਤ ਕਰਦਾ ਹੈ।
ਇਸ ਸਾਕੇ ਤੋਂ ਸਹੀ ਸੇਧ ਲੈਣ ਲਈ ਸਾਨੂੰ ਉਹਨਾਂ ਗੁਰਸਿੱਖਾਂ ਵੱਲੋਂ ਜੂਨ ੮੪ ਅਤੇ ਉਸਤੋਂ ਬਾਅਦ ਵਿੱਚ ਚੱਲੇ ਖਾਲਿਸਤਾਨ ਦੇ ਸੰਘਰਸ਼ ਨੂੰ ਕਿਸ ਆਸ਼ੇ ਲਈ ਲੜਿਆ ਗਿਆ ਨੂੰ ਸਮਝਣਾ ਪਵੇਗਾ।ਸਾਡੇ ਉਦੇਸ਼ਾਂ ਦੀ ਪੂਰਤੀ ਲਈ ਸਾਨੂੰ ਹੇਠ ਲਿਖਿਆ ਜਾਣ ਲੈਣਾ ਜ਼ਰੂਰੀ ਹੈ;
ਸ੍ਰੀ ਦਰਬਾਰ ਸਾਹਿਬ ਅਤੇ ਖੁਦਮੁਖਤਿਆਰ ਸਿੱਖ ਸਥਾਨਾਂ ਦੀ ਮਹੱਤਤਾ।
ਨਿਆਂ ਅਤੇ ਪ੍ਰਭੂਸੱਤਾ ਲਈ ਗੁਰੂ ਸਾਹਿਬ ਦੀ ਅਗਵਾਈ ਜੋ ਹਰ ਯੁੱਗ ਵਿੱਚ ਸਿੱਖ ਸੰਘਰਸ਼ ਨੂੰ ਚਲਾਉਂਦੀ ਹੈ।
ਅੱਜ ਦੇ ਬਸਤੀਵਾਦੀ ਸੰਸਾਰਕ ਤਾਣੇ-ਬਾਣੇ ਵਿੱਚ ਸਿੱਖ ਹੋਂਦ ਬਾਰੇ ਜੂਨ ੧੯੮੪ ਸਾਨੂੰ ਕੀ ਦੱਸਦਾ ਹੈ।
ਅਤੇ ਜੋ ਸਬਕ ਸਾਡੇ ਲਈ ਸਿੱਖ ਜੁਝਾਰੂ ਛੱਡ ਗਏ ਹਨ।
ਅੰਮ੍ਰਿਤਸਰ ਦੀ ਜੰਗ ਸਾਨੂੰ ਇਹ ਯਾਦ ਦਿਵਾਉਂਦੀ ਰਹਿੰਦੀ ਹੈ ਕਿ ਗੁਰੂ ਖਾਲਸਾ ਪੰਥ ਦੀ ਪ੍ਰਭੂਸੱਤਾ ਸੰਪੰਨ ਹਸਤੀ ਕਿਸੇ ਦੁਨਿਆਵੀ ਸ਼ਕਤੀ ਦੇ ਅਧੀਨ ਨਹੀਂ ਹੋ ਸਕਦੀ। ਸਾਡੇ ਭਵਿੱਖ ਦੇ ਪੈਂਤੜੇ ਸਾਡੇ ਜੀਵਨ ਅਤੇ ਸਾਡੀ ਸੰਗਤ ਨੂੰ ਗੁਰਮਤਿ ਦੇ ਮਾਰਗ ਤੇ ਚੱਲਦੇ ਹੋਏ ਹਲੇਮੀ ਰਾਜ ਦੀ ਖਾਲਸਈ ਪਾਤਸ਼ਾਹੀ ਵੱਲ ਸੇਧਤ ਹੋਣਗੇ ਨਾ ਕਿ ਬਸਤੀਵਾਦੀ ਰਾਜਨੀਤੀ ਜਾਂ "ਮਨੁੱਖੀ ਅਧਿਕਾਰਾਂ" ਦੇ ਦੁਆਲੇ ਬਣਾਏ ਗਏ ਪੀੜਤ ਧਿਰ ਦੇ ਬਿਰਤਾਂਤ ਵਿੱਚ।
ਅੰਮ੍ਰਿਤਸਰ ਦੀ ਜੰਗ ੮੪ ਦੀ ਯਾਦ
ਸਿੱਖੀ ਦੇ ਧੁਰੇ ਉੱਪਰ ਕੀਤੇ ਗਏ ਹਮਲੇ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ। ਭਾਰਤੀ ਬਸਤੀਵਾਦੀ ਰਾਜ ਪ੍ਰਬੰਧ ਨੇ ਫੌਜੀ ਗੁਪਤ ਨਾਮ "ਆਪ੍ਰੇਸ਼ਨ ਬਲੂ ਸਟਾਰ" ਵਜੋਂ ਇਸਨੂੰ ਮਸ਼ਹੂਰ ਕੀਤਾ।ਦੁਨੀਆ ਭਰ ਦੇ ਸਿੱਖ ਜੂਨ ੧੯੮੪ ਨੂੰ ਅੰਮ੍ਰਿਤਸਰ ਦੀ ਲੜਾਈ ਅਤੇ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ।
ਸਿੱਖ ਯਾਦ ਵਿੱਚ ਇਸ ਜੰਗ ਨੂੰ ਸਰਕਾਰੀ ਸਿਰਜੇ ਗਏ ਸਾਜਿਸ਼ੀ ਬਿਰਤਾਂਤ ਅਨੁਸਾਰ ਕਾਨੂੰਨੀ ਗੜਬੜੀ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਜੋਂ ਨਹੀਂ ਸਗੋਂ ਖਾਲਸਾ ਪੰਥ ਦੀ ਹਕੂਮਤ ਅਤੇ ਜ਼ੁਲਮ ਦਾ ਵਿਰੋਧ ਕਰਨ ਦੀ ਖਾਲਸਈ ਪਰੰਪਰਾ ਵਜੋਂ ਸਮੋਇਆ ਗਿਆ ਹੈ। ਅੰਮ੍ਰਿਤਸਰ ਦੀ ਜੰਗ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਨ ਨਾਲ ਜੂਨ ੧੯੮੪ ਦੀਆਂ ਹੋਈਆਂ ਸ਼ਹੀਦੀਆਂ ਅਕਾਲੀ ਸਿੱਖ ਸੁਰਤ ਨੂੰ ਚਮਕੌਰ ਦੀ ਜੰਗ ਦੇ ਸ਼ਹੀਦਾਂ ਨਾਲ ਜੋੜਦੀ ਹੈ।
ਜਦੋਂ ਅਸੀਂ ਸਿੱਖ ਇਤਿਹਾਸ ਵਿਚਲੀਆਂ ਯਾਦਾਂ ਨਾਲ ਜੁੜਦੇ ਹਾਂ ਤਾਂ ਅਸੀਂ ਦੁਸ਼ਮਣ ਦੀਆਂ ਬੇਇਨਸਾਫ਼ੀਆਂ ਅਤੇ ਜ਼ੁਲਮ ਤੇ ਹੈਰਾਨ ਨਹੀਂ ਹੁੰਦੇ ਸਗੋਂ ਖਾਲਸਾ ਜੀ ਦੀ ਪਾਤਸ਼ਾਹੀ ਦਾਅਵੇ ਦੀ ਦ੍ਰਿੜਤਾ ਅਤੇ ਪ੍ਰਪੱਕਤਾ ਸਾਨੂੰ ਸਿੰਘ ਗਰਜ਼ ਦੀ ਸਦੀਵੀ ਤਾਕਤ ਦਾ ਅਹਿਸਾਸ ਕਰਾਉਂਦੀ ਹੈ ਕਿ ਅਨੇਕ ਔਕੜਾ ਦੇ ਬਾਵਜੂਦ ਖਾਲਸੇ ਦੀ ਪਾਤਸ਼ਾਹੀ ਬਰਕਰਾਰ ਹੈ ਅਤੇ ਇਹ ਕਦੇ ਵੀ ਪ੍ਰਗਟ ਹੋ ਸਕਦੀ ਹੈ। ਇਹ ਜੰਗ ਦੁਨੀਆ ਨੂੰ ਦੱਸਦੀ ਹੈ ਕਿ ਸਿੱਖ ਪ੍ਰਭੂਸੱਤਾ ਦੀ ਰੱਖਿਆ ਲਈ ਅਤੇ ਖਾਲਸਾ ਜੀ ਦੇ ਪਾਤਸ਼ਾਹੀ ਦਾਅਵੇ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਕਿਸਮ ਦੇ ਜੰਗਾਂ ਯੁੱਧਾਂ ਲਈ ਸਿੱਖ ਹਮੇਸ਼ਾਂ ਤਿਆਰ ਬਰ ਤਿਆਰ ਹਨ।
*****
ਭਾਰਤੀ ਬਸਤੀਵਾਦ ਸਿੱਖਾਂ ਨੂੰ ਸ਼ਰਮਨਾਕ ਹਾਰ ਦੇਣਾ ਚਾਹੁੰਦਾ ਸੀ। ਉਹਨਾਂ ਸੋਚਿਆ ਕਿ ਵੱਡੀ ਫ਼ੌਜੀ ਤਾਕਤ ਦੇ ਪ੍ਰਦਰਸ਼ਨ ਨਾਲ ਖਾਲਸਾ ਫੌਜ ਦੇ ਮੁੱਠੀ ਭਰ ਸਿੰਘਾਂ ਨੂੰ ਡਰਾ ਲੈਣਗੇ ਜਾਂ ਕੁਝ ਘੰਟਿਆਂ ਵਿੱਚ ਹੀ ਹਥਿਆਰ ਸੁੱਟਣ ਲਈ ਮਜ਼ਬੂਰ ਕਰ ਦੇਣਗੇ। ਇਸਦੇ ਉਲਟ ਖਾਲਸਾ ਫ਼ੌਜ ਦੇ ਜਾਂਬਾਂਜ ਰਾਖਿਆਂ ਨੇ ਅਖੀਰਲੀ ਗੋਲੀ ਤੱਕ ਦੁਸ਼ਮਣਾਂ ਨੂੰ ਭਾਜੜਾਂ ਪਾਈ ਰੱਖੀਆਂ। ਭਾਵੇਂ ਖਾਲਸਾ ਜੀ ਕੋਲ ਸੀਮਤ ਹਥਿਆਰ ਸਨ ਪਰ ਸਿੱਖ ਜੁਝਾਰੂਆਂ ਨੇ ਭਾਰਤੀ ਰੈਜੀਮੈਂਟਾਂ ਦੇ ਹੱਲਿਆਂ ਨੂੰ ਬੇਅਸਰ ਕਰ ਦਿੱਤਾ ਸੀ। ਸ਼ਰਮਨਾਕ ਫੌਜੀ ਹਾਰ ਤੋਂ ਚਿੜ੍ਹੇ ਭਾਰਤੀ ਹਾਕਮਾਂ ਨੇ ਜੰਗ ਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਪਾਬੰਦੀ ਸ਼ੁਦਾ ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਕੀਤੀ ਅਤੇ ਟੈਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਆਲੇ-ਦੁਆਲੇ ਦੇ ਆਮ ਲੋਕਾਂ ਦੇ ਘਰਾਂ ਦੀਆਂ ਇਮਾਰਤਾਂ ਨੂੰ ਉਡਾ ਦਿੱਤਾ।
ਜੂਨ ੧੯੮੪ ਦੀ ਅੰਮ੍ਰਿਤਸਰ ਦੀ ਜੰਗ ਇਹ ਦਰਸਾਉਂਦੀ ਹੈ ਕਿ ਭਾਵੇਂ ਸਾਡਾ ਸਮਾਜਿਕ ਅਤੇ ਰਾਜਨੀਤਿਕ ਪ੍ਰਸੰਗ ਕੁਝ ਵੀ ਹੋਵੇ ਸਿੱਖ ਸੰਘਰਸ਼ ਦਾ ਮੌਲਿਕ ਰੂਪ ਅੱਜ ਵੀ ਕਾਇਮ ਹੈ। ਇਸ ਜੰਗ ਦੇ ਚੌਖਟੇ ਰਾਹੀਂ ਹੀ ਅਸੀਂ ਕਿਸੇ ਵੀ ਕਿਸਮ ਦੇ ਗਲਬੇ ਜਾਂ ਦਾਬੇ ਦੇ ਵਿਰੁੱਧ ਸਿੱਖ ਵਿਦਰੋਹ ਦੇ ਅਕਾਲੀ ਸੁਭਾਅ ਨੂੰ ਸਪਸ਼ਟ ਰੂਪ ਵਿੱਚ ਦੇਖ ਸਕਦੇ ਹਾਂ।
ਇਸ ਤਰ੍ਹਾਂ ਅੰਮ੍ਰਿਤਸਰ ਦੀ ਜੰਗ ਹਰ ਯੁੱਗ ਵਿਚ ਸਿੱਖ ਇਨਕਲਾਬ ਦੀ ਨਿਰੰਤਰਤਾ ਦੀ ਉਦਾਹਰਣ ਹੈ। ਇਹ ਮੌਜੂਦਾ ਸੰਸਾਰੀ ਪ੍ਰਬੰਧ ਦੇ ਸਮੇਂ ਵਿਚ ਸਿੱਖੀ ਨੂੰ ਜੀਵਤ ਕਰਦੀ ਹੈ। ਸਿੱਖ ਜੁਝਾਰੂਆਂ ਦੀ ਦਲੇਰੀ ਨੂੰ ਦੁਨੀਆਂ ਭਰ ਦੇ ਗੁਰਦੁਆਰਿਆਂ ਵਿੱਚ ਗਾਇਆ ਮਨਾਇਆ ਜਾਂਦਾ ਹੈ। ਪੰਥ ਨੇ ਉਹਨਾਂ ਨੂੰ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵਾਂਗ ਯੋਧਿਆਂ ਬਰੋਬਰ ਮਾਣ ਦਿੱਤਾ ਹੈ। ਉਹ ਸਾਡੇ ਪੁਰਖੇ ਸਦਾ ਜੀਵਤ ਰਹਿਣਗੇ। ਅਸੀਂ ਉਹਨਾਂ ਦੀਆਂ ਯਾਦ ਨੂੰ ਸੰਗੀਤ, ਕਲਾ, ਅਤੇ ਸਾਡੇ ਹਰੇਕ ਭਵਿੱਖ ਦੇ ਸੰਘਰਸ਼ਾਂ ਵਿੱਚ ਸਜੀਵ ਰੱਖਾਂਗੇ।
ਘੱਲੂਘਾਰੇ ਦੀ ਅਸਲੀਅਤ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਹਰ ਸਰਕਾਰੀ ਕੋਸ਼ਿਸ਼ ਦੇ ਬਾਵਜੂਦ ਦੁਨੀਆਂ ਭਰ ਦੇ ਸਿੱਖਾਂ ਨੂੰ ਯਾਦ ਹੈ ਕਿ ਇਸ ਲੜਾਈ ਦਾ ਸਾਡੀ ਹੋਂਦ ਲਈ ਕੀ ਅਰਥ ਹੈ। ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਸਿਰਫ਼ ਧਰਮ ਯੁੱਧ ਮੋਰਚੇ ਦੀਆਂ ਸਿਆਸੀ ਮੰਗਾਂ ਨੂੰ ਦਬਾਉਣ ਲਈ ਜਾਂ ਭਾਰਤੀ ਰਾਜ ਦੇ ਸੰਘੀ ਢਾਂਚੇ ਦੇ ਤਾਨਾਸ਼ਾਹੀ ਕੇਂਦਰੀਕਰਨ ਦੇ ਵਿਰੋਧ ਨੂੰ ਰੋਕਣ ਲਈ ਅਤੇ ਨਾ ਹੀ ਇਹ ਭਾਰਤੀ ਫਾਸ਼ੀਵਾਦ ਦੀ ਅਸਹਿਣਸ਼ੀਲਤਾ ਅਤੇ ਤਾਨਾਸ਼ਾਹੀ ਕਾਰਨ ਸੀ। ਇਸ ਸਭ ਦੇ ਬਾਵਜੂਦ ਇਹ ਹਮਲਾ ਸਾਡੇ ਲਈ ਆਧੁਨਿਕ ਰਾਜ ਪ੍ਰਬੰਧ ਅਤੇ ਗੁਰੂ ਖਾਲਸਾ ਪੰਥ ਦਾ ਇਸ ਨਾਲ ਕੀ ਸੰਬੰਧ ਹੋਵੇਗਾ ਜਾਂ ਇਸ ਸਭ ਨਾਲ ਕਿਵੇਂ ਸਿੱਝਣਾ ਹੈ ਬਾਰੇ ਬਹੁਤ ਸਾਰੇ ਜਵਾਬ ਛੱਡ ਕੇ ਜਾਂਦਾ ਹੈ।
Thanks
How do I translate this article in English??