ਖਾਲਸਾ ਜੀ ਕੇ ਬੋਲ ਬਾਲੇ: ਪੰਥਕ ਤਾਕਤ ਦੀ ਨਵ-ਉਸਾਰੀ ਅਤੇ ਇਸ ਦਾ ਜਥੇਬੰਦਕ ਅਧਾਰ
English version of this must read piece linked in the article.
ਇਤਿਹਾਸ ਦੇ ਹਰ ਨਾਜ਼ੁਕ ਮੋੜ ‘ਤੇ ਗੁਰੂ ਖਾਲਸਾ ਪੰਥ ਆਪਣੇ ਜਥੇਬੰਦਕ ਢਾਂਚਿਆਂ ਨੂੰ ਮੁੜ ਸੰਗਠਤ ਕਰਦਾ ਆਇਆ ਹੈ ਤਾਂ ਕਿ ਸਮੇਂ ਦੀਆਂ ਚੁਣੌਤੀਆਂ ਨੂੰ ਹੱਲ ਕਰਦਿਆਂ ਜਾਬਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੇ ਕਾਬਲ ਹੋ ਸਕੇ। ਇਸ ਤਰ੍ਹਾਂ ਆਪਣੀ ਤਾਕਤ ਦੀ ਨਵ-ਉਸਾਰੀ ਕਰਨ ਲਈ ਪੰਥ ਦੇ ਸੁਤੰਤਰ ਜਥੇਬੰਦਕ ਢਾਂਚੇ ‘ਤੇ ਟੇਕ ਰੱਖ ਕੇ ਹੀ ਗੁਰੂ ਖਾਲਸਾ ਪੰਥ ਇਤਿਹਾਸ ਦੇ ਹਰ ਦੌਰ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਨੂੰ ਸਮਕਾਲੀ ਰਾਜਸੀ ਹਲਾਤਾਂ ਵਿੱਚ ਸਥਾਪਿਤ ਕਰਨ ਵਿੱਚ ਸਫਲਾ ਰਿਹਾ ਹੈ।
ਅੱਜ ਅੰਦਰੂਨੀ ਤੌਰ ‘ਤੇ ਇੱਕ ਗੰਭੀਰ ਜਥੇਬੰਦਕ ਸੰਕਟ ਦਾ ਸਾਹਮਣਾ ਕਰਨ ਦੇ ਨਾਲ ਨਾਲ ਅਸੀਂ ਅਜਿਹੇ ਦੌਰ ਵਿੱਚੋਂ ਲੰਘ ਰਹੇ ਹਾਂ ਜਿੱਥੇ ਦੱਖਣੀ ਏਸ਼ੀਆ ਦਾ ਖਿੱਤਾ ਤਣਾਅ, ਅਸਥਿਰਤਾ ਅਤੇ ਜੰਗ ਦਾ ਅਖਾੜਾ ਬਣਨ ਵੱਲ ਵੱਧ ਰਿਹਾ ਹੈ। ਇਨ੍ਹਾਂ ਹਲਾਤਾਂ ਦੇ ਕਾਰਨ ਵਿਸ਼ਵ ਦੀਆਂ ਸਮੂਹ ਰਾਜਸੀ ਤਾਕਤਾਂ ਅਤੇ ਇਨ੍ਹਾਂ ਵਿਚਕਾਰ ਸੰਭਾਵੀ ਟਕਰਾਅ ਤੋਂ ਪੀੜ੍ਹਤ ਹੋਣ ਵਾਲੀ ਅਵਾਮ ਦੇ ਦਰਮਿਆਨ ਅੱਜ ਪੰਥ ਅਤੇ ਪੰਜਾਬ ਇੱਕ ਅਹਿਮ ਸਥਾਨ ‘ਤੇ ਖੜ੍ਹੇ ਹਨ। ਇਤਿਹਾਸ ਦੇ ਇਸ ਜੋਖਮ ਭਰੇ ਪੜਾਅ ਵਿੱਚੋਂ ਗੁਜ਼ਰਦਿਆਂ ਲਾਜ਼ਮੀ ਹੈ ਕਿ ਅਸੀਂ ਆਪਣੇ ਜਥੇਬੰਦਕ ਢਾਂਚਿਆਂ ਅਤੇ ਅਗਵਾਈ ਦੇ ਤੌਰ-ਤਰੀਕਿਆਂ ਬਾਰੇ ਸੰਜੀਦਗੀ ਨਾਲ ਸਵੈ-ਪੜਚੋਲ ਕਰੀਏ। ਇਸ ਮੋੜ ‘ਤੇ ਖੜ੍ਹ ਕੇ ਜਾਹਰ ਹੈ ਕਿ ਜਥੇਬੰਦੀ ਅਤੇ ਅਗਵਾਈ ਬਾਰੇ ਸਾਡੇ ਅੱਜ ਲਏ ਗਏ ਫੈਸਲੇ ਆਉਣ ਵਾਲੀ ਸਦੀ ਵਿੱਚ ਸਾਡੀ ਦਿਸ਼ਾ ਅਤੇ ਦਸ਼ਾ ਨੂੰ ਤਹਿ ਕਰਨ ਵਿਚ ਬਹੁਤ ਅਹਿਮੀਅਤ ਰੱਖਦੇ ਹਨ।
ਸਿਆਸੀ ਉਥਲ ਪੁਥਲ ਦੇ ਹਰ ਦੌਰ ਵਿੱਚ ਖਾਲਸਾ ਜੀ ਹਮੇਸ਼ਾਂ ਖਾਲਸਾ ਜੀ ਕੇ ਬੋਲ ਬਾਲੇ, ਸਰਬੱਤ ਦਾ ਭਲਾ ਅਤੇ ਹਲੇਮੀ ਰਾਜ ਦੇ ਅਦਰਸ਼ਾਂ ਤੋਂ ਸੇਧ ਲੈਂਦਾ ਆ ਰਿਹਾ ਹੈ। ਇਨ੍ਹਾਂ ਅਦਰਸ਼ਾਂ ਦੀ ਪ੍ਰਾਪਤੀ ਲਈ ਵਿੱਢੇ ਸੰਘਰਸ਼ ਵਿੱਚ “ਖਾਲਸਾ ਜੀ ਕੇ ਬੋਲ ਬਾਲੇ” ਦਾ ਆਦਰਸ਼ ਧੁਰੇ ਵਜੋਂ ਕੰਮ ਕਰਦਾ ਹੈ ਕਿਉਂਕਿ ਸੁਤੰਤਰ ਹੋਂਦ ਅਤੇ ਖੁਦ-ਮੁਖਤਿਆਰ ਤਾਕਤ ਰਾਹੀਂ ਹੀ ਸਰਬੱਤ ਦਾ ਭਲਾ ਅਤੇ ਹਲੇਮੀ ਰਾਜ ਸਥਾਪਿਤ ਕੀਤੇ ਜਾ ਸਕਦੇ ਹਨ। ਮਿਸਲ ਕਾਲ ਅਤੇ ਸਰਕਾਰ-ਏ-ਖਾਲਸਾ ਤੋਂ ਲੈ ਕੇ ਅਕਾਲੀ ਦਲ ਦੇ ਸ਼ੁਰੂਆਤੀ ਦੌਰ ਅਤੇ ਖਾਲਿਸਤਾਨ ਦੀ ਕਾਇਮੀ ਲਈ ਚਲ ਰਹੇ ਸੰਘਰਸ਼ ਦੀਆਂ ਜੁਝਾਰੂ ਜਥੇਬੰਦੀਆਂ ਇਨ੍ਹਾਂ ਅਦਰਸ਼ਾਂ ਅਤੇ ਇਸ ਪੈਂਤੜੇ ਨੂੰ ਰੂਪਮਾਨ ਕਰਦੀਆਂ ਹਨ। ਇਨ੍ਹਾਂ ਵੱਖ ਵੱਖ ਦੌਰਾਂ ਵਿੱਚੋਂ ਗੁਜ਼ਰਦੇ ਆਪਣੇ ਬਜ਼ੁਰਗ ਸੁਤੰਤਰ ਅਤੇ ਖੁਦ-ਮੁਖਤਿਆਰ ਪੰਥਕ ਤਾਕਤ ਨੂੰ ਪਹਿਲਕਦਮੀ ਦੇ ਅਧਾਰ ‘ਤੇ ਉਸਾਰਨ ਲਈ ਵਚਨਬੱਧ ਰਹੇ ਹਨ। ਪ੍ਰਚਲਤ ਰਾਜਸੀ ਢਾਂਚਿਆਂ ਅਨੁਸਾਰ ਆਪਣੇ ਆਪ ਨੂੰ ਢਾਲਣ ਜਾਂ ਇਨ੍ਹਾਂ ਤੋਂ ਕੋਈ ਖੈਰਾਤ ਜਾਂ ਰਿਆਇਤ ਮੰਗਣ ਦੇ ਬਜਾਏ ਸਾਡੇ ਪੁਰਖਿਆਂ ਨੇ ਸੁਤੰਤਰ ਪੰਥਕ ਸੰਸਥਾਵਾਂ ਦੀ ਕਾਇਮੀ ਨੂੰ ਤਰਜੀਹ ਦੇ ਕੇ ਇਨ੍ਹਾਂ ਹੀ ਸੰਸਥਾਵਾਂ ਰਾਹੀਂ ਇਤਿਹਾਸ ਵਿੱਚ ਆਪਣਾ ਵਿਹਾਰਕ ਦਖਲ ਦਿੱਤਾ ਅਤੇ ਇਨ੍ਹਾਂ ਦੇ ਬੱਲ ਦੇ ਅਧਾਰ ‘ਤੇ ਨਿਵੇਕਲੇ ਰਾਜ ਪ੍ਰਬੰਧ ਸਿਰਜੇ। ਇਤਿਹਾਸ ਨੂੰ ਮੁੜ ਦਹਰਾਉਣ ਜਾਂ ਬੀਤੇ ਸਮੇਂ ਦੇ ਜਥੇਬੰਦਕ ਢਾਂਚਿਆਂ ਨੂੰ ਹੀ ਪੁਰਾਣੀਆਂ ਲੀਹਾਂ ਉੱਤੇ ਦੁਬਾਰਾ ਖੜ੍ਹੇ ਕਰਨ ਦੇ ਬਜਾਏ ਹਰ ਦੌਰ ਵਿੱਚ ਵਿਚਰਦੇ ਗੁਰਮੁਖਾਂ ਨੇ ਗੁਰੂ ਗ੍ਰੰਥ-ਗੁਰੂ ਪੰਥ ਦਾ ਓਟ ਆਸਰਾ ਤੱਕ ਕੇ ਸਮੇਂ ਦਿਆਂ ਹਲਾਤਾਂ ਮੁਤਾਬਿਕ ਅਤੇ ਪੰਥਕ ਰਵਾਇਤ ਦੀ ਰੋਸ਼ਨੀ ਵਿੱਚ ਸੰਘਰਸ਼ ਨੂੰ ਅੱਗੇ ਤੋਰਨ ਵਾਸਤੇ ਪੰਥ ਦੀ ਅੰਦਰੂਨੀ ਸਫਬੰਦੀ ਨਵੇਂ ਸਿਰਿਓਂ ਕੀਤੀ।
ਅੱਜ ਵੀ ਸਾਡੇ ਸਾਹਮਣੇ ਇਹੀ ਕਰਨ ਵਾਲਾ ਕਾਰਜ ਹੈ। ਸਿਰਫ ਪੁਰਾਣੀਆਂ ਜਥੇਬੰਦੀਆਂ ਨੂੰ ਮੁੜ ਸੁਰਜੀਤ ਕਰਨ ਜਾਂ ਸੁਧਾਰਨ ਦੇ ਨਾਲ ਨਹੀਂ ਸਰਨਾ ਸਗੋਂ ਮੌਜੂਦਾ ਹਲਾਤਾਂ ਅਨੁਸਾਰ ਪੁਖਤਾ ਅਤੇ ਪਾਏਦਾਰ ਪੰਥਕ ਢਾਂਚਿਆਂ ਦੀ ਉਸਾਰੀ ਵੱਲ ਧਿਆਨ ਕੇਂਦ੍ਰਿਤ ਕਰਨਾ ਪਵੇਗਾ ਤਾਂ ਕਿ ਅਜੋਕੇ ਰਾਜਸੀ ਹਲਾਤਾਂ ਅਤੇ ਬਦਲਦੇ ਵਿਸ਼ਵ ਰਾਜ ਪ੍ਰਬੰਧ ਵਿੱਚ ਖਾਲਸਾ ਜੀ ਬੋਲ ਬਾਲੇ ਨੂੰ ਹਕੀਕਤ ਬਣਾ ਸਕੀਏ।
ਖਾਲਸਾ ਜੀ ਕੇ ਬੋਲ ਬਾਲੇ ਅਤੇ ਵੋਟ ਤੰਤਰ ਦਾ ਮਾਇਆ ਜਾਲ
੨੦੨੨ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਵਿਚਾਰ ਵਿਆਪਕ ਤੌਰ ‘ਤੇ ਛਿੱੜ ਗਈ ਹੈ ਕਿ “ਪੰਥਕ ਸਿਆਸਤ” ਦਾ ਹੁਣ ਨਿਘਾਰ ਹੋ ਚੁੱਕਾ ਹੈ ਅਤੇ ਅਕਾਲੀ ਦਲ ਦੀ ਸ਼ਰਮਨਾਕ ਹਾਰ ਤੋਂ ਬਾਅਦ ਇੱਕ ਨਵੀਂ ਪਾਰਟੀ ਉਸਾਰਨ ਦੁਆਲੇ ਆਪਣੀ ਊਰਜਾ ਨੂੰ ਲਾਉਣਾ ਚਾਹੀਦਾ ਹੈ। ਅਗਲੇ ਕਦਮਾਂ ਨੂੰ ਵਿਚਾਰਨ ਵਾਲੀ ਗਲੱਬਾਤ ਵਿੱਚ ਇਹੀ ਭੁਲੇਖਾ ਪਿਆ ਹੋਇਆ ਹੈ ਕਿ ਚੋਣ ਸਿਆਸਤ ਵਿੱਚ ਗ੍ਰਸਤ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੇ ਰਾਜਸੀ ਸੰਘਰਸ਼ ਦੀ ਵਾਹਦ ਤਰਜ਼ਮਾਨੀ ਕਰਦਾ ਹੈ। ਇਸ ਵਿਆਪਕ ਭੁਲੇਖੇ ਨੂੰ ਦੂਰ ਕਰਨ ਦੇ ਲਈ ਇਹ ਅਤਿ ਜ਼ਰੂਰੀ ਹੈ ਕਿ ਇਨ੍ਹਾਂ ਦੋਵੇਂ ਵਰਤਾਰਿਆਂ (ਗੁਰੂ ਖਾਲਸਾ ਪੰਥ ਅਤੇ ਸਿਆਸੀ ਪਾਰਟੀ) ਦਾ ਚੰਗੀ ਤਰ੍ਹਾਂ ਨਿਖੇੜ ਕੀਤਾ ਜਾਵੇ ਤਾਂ ਕਿ ਮੌਜੂਦਾ ਅਕਾਲੀ ਦਲ ਦੀਆਂ ਸੀਮਤਾਈਆਂ ਅਤੇ ਚੋਣ ਸਿਆਸਤ ਦੀਆਂ ਖਾਮੀਆਂ ਅਤੇ ਖਤਰਿਆਂ ਬਾਰੇ ਸਪੱਸ਼ਟ ਸਮਝ ਬਣ ਸਕੇ ਅਤੇ ਗੁਰੂ ਗ੍ਰੰਥ-ਗੁਰੂ ਪੰਥ ਦੀ ਰੌਸ਼ਨੀ ਵਿੱਚ ਅੱਗੇ ਵੱਧਣ ਦੀ ਜਾਚ ਆ ਜਾਵੇ।
ਪਿਛਲੀ ਸਦੀ ਦੇ ਸ਼ੁਰੂਆਤੀ ਦਹਾਕਿਆਂ ਦੀਆਂ ਔਕੜਾਂ ਨਾਲ ਜੂਝਦਿਆਂ ਖਾਲਸਾਈ ਪ੍ਰਭੂਸੱਤਾ ਉੱਤੇ ਦ੍ਰਿੜਤਾ ਨਾਲ ਚੱਲਣ ਵਾਲੀ ‘ਅਕਾਲੀ ਦਲ’ ਇੱਕ ਸੰਘਰਸ਼ੀਲ ਜਥੇਬੰਦੀ ਵਜੋਂ ਹੋਂਦ ਵਿੱਚ ਆਈ ਸੀ। ਗੁਰਦੁਆਰਾ ਸੁਧਾਰ ਲਹਿਰ ਰਾਹੀਂ ਇਸ ਉਭਾਰ ਨੇ ਸਿੱਖ ਸੰਗਤ ਨੂੰ ਇੱਕ ਸਾਰਥਕ ਸਿਆਸੀ ਦਿਸ਼ਾ ਦਿੱਤੀ ਜੋ ਆਪਣੇ ਸਿਧਾਂਤ ਅਤੇ ਇਤਿਹਾਸ ਨਾਲ ਵੀ ਸੁਮੇਲ ਰੱਖਦਾ ਸੀ। ਬਰਤਾਨਵੀ ਸਾਮਰਾਜ ਨੂੰ ਮਜ਼ਬੂਤ ਟੱਕਰ ਦਿੰਦਿਆਂ ਇਸ ਸ਼ੁਰੂਆਤੀ ਦੌਰ ਦੇ ਅਕਾਲੀ ਦਲ ਦਾ ਅਧਾਰ ਚਾਰ ਮੁੱਖ ਗੁਣਾਂ ਉੱਤੇ ਟਿੱਕਿਆ ਸੀ ਜਿਸ ਨੂੰ ਅੱਜ ਵੀ ਵਿਚਾਰਨ ਦੀ ਲੋੜ ਹੈ:
ਜਮੀਨੀ ਪੱਧਰ ਤੋਂ ਉਸਾਰਿਆਂ ਗਿਆ ਵਿਕੇਂਦਰਕ੍ਰਿਤ ਜਥੇਬੰਦਕ ਢਾਂਚਾ (ਮੁਕਾਮੀ ਜਥੇ)।
ਇਨ੍ਹਾਂ ਜਥਿਆਂ ਨੂੰ ਸਾਰਥਕ ਸੇਧ ਦੇਣ ਅਤੇ ਸਾਂਝੀ ਰਣਨੀਤੀ ਤਹਿ ਕਰਨ ਲਈ ਪੰਥਕ ਰਵਾਇਤ ਅਨੁਸਾਰ ਸਾਂਝੀ ਅਗਵਾਈ ਸਿਰਜੀ (ਜਿਵੇਂ ਕਿ ਗੁਰਮਤਾ ਅਤੇ ਸਰਬੱਤ ਖਾਲਸਾ)।
ਆਪਣੇ ਬਲ ਨਾਲ ਸੁਤੰਤਰ ਸੰਸਥਾਵਾਂ ਰਾਹੀਂ ਤਾਕਤ ਕਾਇਮ ਕੀਤੀ ਅਤੇ ਇਸ ਦੀ ਵਰਤੋਂ ਕੀਤੀ ਭਾਵ ਕਿ ਆਪਣੇ ਮਸਲਿਆਂ ਦਾ ਹੱਲ ਆਪਣੇ ਹੱਥੀਂ ਆਪ ਕੀਤਾ (ਜਿਸ ਨੂੰ “ਰੈਡੀਕਲ ਡਾਇਰੈਕਟ ਐਕਸ਼ਨ” ਵੀ ਕਿਹਾ ਜਾ ਸਕਦਾ ਹੈ)।
ਇਨ੍ਹਾਂ ਸੁਤੰਤਰ ਪੰਥਕ ਸੰਸਥਾਵਾਂ ਨੂੰ ਉਸਾਰ ਕੇ ਹੀ (ਭਾਵ ਮਜ਼ਬੂਤ ਅੰਦਰੂਨੀ ਸਫਬੰਦੀ ਕਰਕੇ) ਅਤੇ ਇਨ੍ਹਾਂ ਰਾਹੀਂ ਉਭਰੀ ਤਾਕਤ ਦੇ ਅਧਾਰ ‘ਤੇ ਰਾਜਸੀ ਹਲਾਤਾਂ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਨੂੰ ਹਕੀਕਤ ਬਨਾਉਣ ਲਈ ਹਲਤਮੁਖੀ ਸੰਸਥਾਵਾਂ ਨੂੰ ਸਿਰਜਣ ਦੀ ਕਵਾਇਦ ਸ਼ੁਰੂ ਕੀਤੀ।
ਭਾਵੇਂ ਕਿ ਅਕਾਲੀ ਦਲ ਦੀ ਸ਼ੁਰੂਆਤ ਬਸਤੀਵਾਦੀ ਤਾਕਤਾਂ ਦੇ ਗਲਬੇ ਖਿਲਾਫ ਇੱਕ ਸੁਤੰਤਰ ਪੰਥਕ ਜਥੇਬੰਦੀ ਵਜੋਂ ਹੋਈ ਪਰ ਇਸ ਤੱਥ ਤੋਂ ਵੀ ਕੋਈ ਮੁਨਕਰ ਨਹੀਂ ਕਿ ਉਸ ਦਾ ਮੌਜੂਦਾ ਰੂਪ ਆਪਣੇ ਬਾਨੀ ਪੁਰਖਿਆਂ ਦੇ ਪਰਛਾਵੇਂ ਵਰਗਾ ਵੀ ਨਹੀਂ। ਇਹ ਨਿਘਾਰ ਉਸੇ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਤੋਂ ਇਸ ਨੇ ਸੁਤੰਤਰ ਪੰਥਕ ਤਾਕਤ ਤੋਂ ਮੁਨਕਰ ਹੋ ਕੇ ਇੰਡੀਅਨ ਰਾਸ਼ਟਰਵਾਦ ਦੇ ਘੇਰੇ ਵਿੱਚ ਆਪਣੇ ਆਪ ਨੂੰ ਸਮੇਟ ਲਿਆ ਅਤੇ ਆਪਣੇ ਦਿਸਹੱਦੇ ਨੂੰ ਚੋਣ ਤੰਤਰ ਤੱਕ ਸੀਮਤ ਕਰ ਲਿਆ। ਚੋਣ ਮੈਦਾਨ ਵਿੱਚ ਕੁੱਦਣ ਤੋਂ ਬਾਅਦ ਅਜਿਹਾ ਹੋਣਾ ਕੁਦਰਤੀ ਹੀ ਸੀ। ਬਰਤਾਨਵੀ ਬਸਤੀਵਾਦੀਆਂ ਵੱਲੋਂ ਚੋਣ ਪ੍ਰਣਾਲੀ ਦੀਆਂ ਸੰਸਥਾਂਵਾਂ ਨੂੰ ਸਥਾਪਿਤ ਵੀ ਇਸੇ ਮਨਸ਼ਾ ਨਾਲ ਕੀਤਾ ਸੀ ਕਿ ਦੱਖਣੀ ਏਸ਼ੀਆ ਦੀ ਇਸ ਬਸਤੀ ਉੱਪਰ ਗਲਬਾ ਹੋਰ ਮਜ਼ਬੂਤ ਕਰਕੇ ਲੋਕਾਂ ਦਾ ਸ਼ੋਸ਼ਣ ਇੰਡੀਅਨ ਸਟੇਟ ਦੇ ਸਿਆਸੀ ਅਤੇ ਸ਼ਾਸਕੀ ਪ੍ਰਬੰਧ ਰਾਹੀਂ ਹੋਰ ਯਕੀਨੀ ਕੀਤਾ ਜਾ ਸਕੇ। ਇਸ ਪ੍ਰਣਾਲੀ ਵਿੱਚ ਕੈਦ ਹੋਰਨਾਂ ਪਾਰਟੀਆਂ ਵਾਂਗ ਹੀ ਅਕਾਲੀ ਦਲ ਵੀ ਕੁਝ ਸਮੇਂ ਬਾਦ ਅੱਡਰੀ ਸਿੱਖ ਹਸਤੀ ਨੂੰ ਇੰਡੀਅਨ ਨੇਸ਼ਨ-ਸਟੇਟ ਵਿੱਚ ਜਜ਼ਬ ਕਰਨ ਦੀ ਕਵਾਇਦ ਦਾ ਹੀ ਇੱਕ ਅੰਗ ਬਣ ਗਿਆ।
ਜਦੋਂ ਤੋਂ ਅਕਾਲੀ ਦਲ ਨੇ ਆਪਣੇ ਆਪ ਨੂੰ ਸਿਰਫ ਵੋਟ ਤੰਤਰ ਵਿੱਚ ਭਾਗ ਲੈਣ ਵਾਲੀ “ਪਾਰਟੀ” ਵਜੋਂ ਸਵੀਕਾਰਿਆ ਤਾਂ ਉਸ ਵੱਲੋਂ ਪੈਦਾ ਹੋਈ “ਲੀਡਰਸ਼ਿੱਪ” ਨੇ ਪੱਛਮੀ ਸਿਆਸੀ ਢਾਂਚਿਆਂ ਦੇ ਤਰਕ ਅਤੇ ਮਾਨਤਾਵਾਂ ਨੂੰ ਦਿਲੋਂ ਗ੍ਰਹਿਣ ਕਰ ਲਿਆ, ਜੋ ਅਕਾਲੀ ਦਲ ਦੇ ਪਤਨ ਦਾ ਮੁੱਖ ਕਾਰਨ ਬਣਿਆ। ਆਪਣੇ ਗੌਰਵਮਈ ਵਿਰਸੇ ਤੋਂ ਮੁੱਖ ਮੋੜ ਕੇ ਆਪਣੇ ਆਪ ਨੂੰ ‘ਅਕਾਲੀ’ ਕਹਿਣ ਵਾਲਿਆਂ ਨੇ ਖਾਲਸਾ ਜੀ ਕੇ ਬੋਲ ਬਾਲੇ ਦੇ ਅਦਰਸ਼ ਪ੍ਰਤੀ ਆਪਣੀ ਵਚਨਬੱਧਤਾ ਨੂੰ ਠੁਕਰਾ ਦਿੱਤਾ ਤੇ ਸੱਤਾ ਅਤੇ ਦੌਲਤ ਨੂੰ ਇਕੱਠਿਆਂ ਕਰਨ ਦੀ ਖੁਦਗਰਜ਼ ਦੌੜ ਵਿੱਚ ਗਲਤਾਨ ਹੋ ਕੇ ਰਹਿ ਗਏ। ਨਿੱਜੀ ਲਾਲਸਾਵਾਂ ਨੂੰ ਪੂਰਾ ਕਰਨ ਲਈ ਅਕਾਲੀ ਦਲ ਦੇ ਬ੍ਰਿਤਾਂਤ ਨੇ ਚੋਣ ਤੰਤਰ ਦੀ ਸੰਰਚਨਾਤਮਕ ਬਣਤਰ ਅਤੇ ਸੀਮਤਾਈਆਂ ਮੂਹਰੇ ਗੋਡੇ ਟੇਕਦਿਆਂ ‘ਖਾਲਸਾ ਜੀ’ ਦੀ ਪਰਿਭਾਸ਼ਾ ਨੂੰ ਵੀ ਸਹਿਜੇ ਸਹਿਜੇ ਵਿਗਾੜਨਾ ਸ਼ੁਰੂ ਕਰ ਦਿੱਤਾ। ਇਸ ਵਰਤਾਰੇ ਦੇ ਤਹਿਤ ਗੁਰੂ ਖਾਲਸਾ ਪੰਥ ਦੀ ਅਗੰਮੀ ਅਤੇ ਇਲਾਹੀ ਹਸਤੀ ਨੂੰ ਸਿਰਫ ਇੱਕ ਸਭਿਆਚਾਰਕ ਪਛਾਣ ਅਧਾਰਤ “ਵੋਟ-ਬੈਂਕ” ਤੱਕ ਸੁੰਘੇੜ ਦਿੱਤਾ ਗਿਆ। ਇਸ ਤਰ੍ਹਾਂ ਦੀ ਦ੍ਰਿਸ਼ਟੀ ਨੂੰ ਵਿਆਪਕ ਤੌਰ ‘ਤੇ ਸਥਾਪਿਤ ਕਰਨ ਤੋਂ ਬਾਅਦ ਆਪਣੀ ਵੋਟ ਤੰਤਰੀ ਪਾਰਟੀ ਨੂੰ ਹੀ ‘ਪੰਥ’ ਜਾਂ ਪੰਥ ਦੀ ਨੁਮਾਇੰਦਾ ਜਮਾਤ ਕਹਿਣ ਅਤੇ ਸਮਝਣ ਦੀ ਬੱਜਰ ਗਲਤੀ ਕੀਤੀ। ਇਸ ਪ੍ਰਕਿਰਿਆ ਨੇ ਸਿੱਖ ਮਨਾਂ ਉੱਪਰ ਡੂੰਘੀ ਛਾਪ ਛੱਡ ਦਿੱਤੀ, ਜਿਸ ਦਾ ਅਸਰ ਬਹੁਤੇ ਸਿੱਖਾਂ ਦੇ ਰਾਸਜੀ ਸਿਧਾਂਤ ਅਤੇ ਅਮਲ ਬਾਰੇ ਅਨਾੜੀ ਸਮਝ ਅਤੇ ਪੱਛਮੀ ਰਾਜਸੀ ਸਿਧਾਂਤਾਂ ਦੀ ਅੰਨੇਵਾਹ ਭਗਤੀ ਤੋਂ ਅੱਜ ਵੀ ਝੱਲਕਦਾ ਹੈ।
ਪੱਛਮੀ (ਅਖੌਤੀ ਅਧੁਨਿਕ) ਤਰਜ਼ ਦੇ ਢਾਂਚਿਆਂ ਤੋਂ ਪ੍ਰਭਾਵਿਤ ਅਕਾਲੀ ਦਲ ਦੇ ਵੋਟ ਤੰਤਰ ਅਧੀਨ ਸਿਰਫ ਇੱਕ ਪਾਰਟੀ ਤੱਕ ਸੀਮਤ ਹੋਣ ਦੇ ਨਾਲ ਪੰਥਕ ਸਫਾਂ ਅੰਦਰ ਬਹੁਤ ਮਹੱਤਵਪੂਰਨ ਬਦਲਾਅ ਆਏ ਜਿਸ ਨੂੰ ਯਕੀਨੀ ਬਨਾਉਣ ਲਈ ਬਸਤੀਵਾਦੀ ਨਿਜ਼ਾਮ ਦਾ ਮੁਕੰਮਲ ਸਹਿਯੋਗ ਸੀ। ਸਿੱਖ ਤਾਕਤ, ਜਥੇਬੰਦੀ ਅਤੇ ਫੈਸਲਾ ਲੈਣ ਦੇ ਤਰੀਕੇ ਨੂੰ ਪੰਥ ਅਤੇ ਪੰਥਕ ਰਵਾਇਤ ਦੇ ਥਾਂ ‘ਤੇ ਪੱਛਮੀ ਤਰਜ਼ ਦੀ ‘ਪਾਰਟੀ’ ਨੂੰ ਅੱਗੇ ਕੀਤਾ ਗਿਆ ਅਤੇ ਖਾਲਸਾ ਜੀ ਕੇ ਬੋਲ ਬਾਲੇ ਦੇ ਥਾਂ ‘ਤੇ ਚੋਣਾਂ ਵਿੱਚ ਜਿੱਤ (ਸੂਬੇਦਾਰੀ ਦੀ ਦੌੜ) ਨੂੰ ਹੀ ਸਫਲਤਾ ਦਾ ਮਾਪਦੰਡ ਬਣਾ ਦਿੱਤਾ ਗਿਆ। ਇਸ ਵਰਤਾਰੇ ਦੇ ਕਾਰਨ ਸਿੱਖ ਚੇਤਨਾ ਉੱਤੇ ਕਈ ਡੂੰਘੇ ਪ੍ਰਭਾਵ ਪਏ ਹਨ:
ਪੰਥ ਦੀ ਠੋਸ ਜਥੇਬੰਦੀ ਨੂੰ ਨਕਾਰਦਿਆਂ ਆਪਣੀ ਅਗਵਾਈ ਦਾ ਧੁਰਾ ਅਤੇ ਸਾਂਝੇ ਫੈਸਲੇ ਲੈਣ ਦੇ ਤਰੀਕਾਕਾਰ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ‘ਪਾਰਟੀ’ ਅਤੇ ਚੋਣ ਤੰਤਰ ਦੇ ਨਿਯਮਾਂ ਨੂੰ ਹੀ ਧਿਆਨ ਅਤੇ ਸਰਗਰਮੀ ਦਾ ਇਕਲੌਤਾ ਕੇਂਦਰ ਬਣਾ ਲਿਆ। ਇਸ ਦੇ ਸਿੱਟੇ ਵਜੋਂ ਸਾਡੀ ਸੁਤੰਤਰ ਹੋਂਦ-ਹਸਤੀ ਨੂੰ ਖੋਰਾ ਲਾ ਕੇ ਅਤੇ ਦੂਜਿਆਂ ਦੀ ਰੀਸ ਕਰਦਿਆਂ ਆਪਣੀ ਤਕਦੀਰ ਘੜਣ ਲਈ ਗੈਰਾਂ ਦੇ ਢਾਂਚੇ, ਪ੍ਰਕਿਰਿਆਵਾਂ ਅਤੇ ਮਾਨਤਾਵਾਂ ‘ਤੇ ਸਾਡੀ ਅਜਿਹੀ ਆਸ ਬੱਝ ਗਈ ਜਿਵੇਂ ਕਿ ਸਟੇਟ ਦੇ ਢਾਂਚੇ ਅਤੇ ਚੋਣਾਂ ਦੀ ਦੁਨੀਆਂ ਤੋਂ ਬਾਹਰ ਹੋਰ ਕੁਝ ਵੀ ਨਹੀਂ। ਇਸ ਤਰ੍ਹਾਂ ਰਾਜਸੀ ਪਿੜ ਵਿੱਚ ਆਪਣੀ ਮੌਲਿਕਤਾ ਕਾਫੀ ਹੱਦ ਤੱਕ ਗਵਾ ਬੈਠੇ ਹਾਂ। ਗੁਰਮਤਿ ਸਿਧਾਂਤਾਂ ਦੇ ਅਨੁਸਾਰ ਅਤੇ ਖਾਲਸਾਈ ਅਦਰਸ਼ਾਂ ਦੀ ਪ੍ਰਾਪਤੀ ਲਈ ਆਪਣੇ ਮੌਲਿਕ ਰਾਜਸੀ ਢਾਂਚਿਆਂ ਨੂੰ ਉਸਾਰਨ ਦੇ ਬਜਾਏ ਦੂਜੇ ਭਾਈਚਾਰਿਆਂ ਵਾਂਗ ਸਟੇਟ ਤੋਂ ਕੁੱਝ ਰਿਆਇਤਾਂ ਲੈਣ ਤੱਕ ਹੀ ਆਪਣਾ ਰਾਜਸੀ ਸੰਘਰਸ਼ ਸੀਮਤ ਕਰ ਲਿਆ।
ਆਪਣੇ ਸੁਤੰਤਰ ਸੰਸਥਾਵਾਂ ਦੇ ਥਾਂ ‘ਤੇ ਪੰਥਕ ਤਾਕਤ ਉਸਾਰਨ ਦਾ ਸਾਡਾ ਤਰੀਕਾਕਾਰ ਪੂਰਨ ਤੌਰ ‘ਤੇ ਇੰਡੀਅਨ ਸਟੇਟ ਦੇ ਢਾਂਚਿਆਂ ‘ਤੇ ਨਿਰਭਰ ਹੋ ਗਿਆ। ਇਸ ਤਰ੍ਹਾਂ ਸਾਡੀ ਆਵਦੀ ਅੰਦਰੂਨੀ ਸਫਬੰਦੀ ਕਰਨ ਲਈ ਵੀ ਆਪਾਂ ਬਹੁਤੀ ਵਾਰ ਸ਼੍ਰੋਮਣੀ ਕਮੇਟੀ ਵਰਗੀਆਂ ਪਰ-ਅਧੀਨ ਸੰਸਥਾਵਾਂ ‘ਤੇ ਹੀ ਟੇਕ ਰੱਖਦੇ ਹਾਂ ਜੋ ਇੰਡੀਅਨ ਕਾਨੂੰਨ ਤੋਂ ਹੀ ਆਪਣੀ ਤਾਕਤ ਲੈਂਦੀਆਂ ਹਨ ਅਤੇ ਜਿਸ ਦੀ ਸਮੁੱਚੀ ਕਾਰਗੁਜ਼ਾਰੀ ਇਸ ਕਾਨੂੰਨ ਤਹਿਤ ਹੀ ਹੁੰਦੀ ਹੈ। ਇਸ ਤਰ੍ਹਾਂ ਕੁੱਝ ਸੀਮਤ ਰਾਜਸੀ ਤਾਕਤ ਹਾਸਲ ਜਰੂਰ ਹੋ ਸਕਦੀ ਹੈ ਪਰ ਇਹ ਇੱਕ ਹੋਰ ਤਾਕਤ (ਇੰਡੀਅਨ ਸਟੇਟ) ਵੱਲੋਂ ਦਿੱਤੀ ਇੱਕ ਖੈਰਾਤ ਹੀ ਹੈ ਜਿਸ ਦੀਆਂ ਪਰਤੱਖ ਸੀਮਤਾਈਆਂ ਹਨ। ਇਸ ਤਰ੍ਹਾਂ ਮਾਮੂਲੀ ਜਿਹੀ ਤਾਕਤ ਬਦਲੇ ਸਟੇਟ ਤੰਤਰ ਸਾਡੀ ਸਾਰੀ ਊਰਜਾ ਨੂੰ ਝਾਂਸੇ ਦੇ ਨਾਲ ਸਟੇਟ ਦੀਆਂ ਹੀ ਸੰਸਥਾਵਾਂ ਅੰਦਰ ਕੈਦ ਕਰਵਾ ਲੈਂਦੀ ਹੈ ਜਿੱਥੇ ਉਸ ਦਾ ਹੀ ਹੱਥ ਹਮੇਸ਼ਾਂ ਉੱਪਰ ਰਹੇਗਾ। ਜਦੋਂ ਵੀ ਜੀਅ ਕੀਤਾ ਉਹ ਸਾਨੂੰ ਦਬਾ ਕੇ ਰੱਖ ਸਕਦੀ ਹੈ ਅਤੇ ਨਾਲ ਹੀ ਸਾਡੇ ਰਾਜਸੀ ਸੰਕਲਪ ਅਤੇ ਬ੍ਰਿਤਾਂਤ ਨੂੰ ਵੀ ਖੋਖਲੇ ਕਰਨ ਵਿੱਚ ਸਫਲ ਹੋ ਜਾਂਦੀ ਹੈ। ਇਸ ਬਾਰੇ ਗੰਭੀਰ ਸਵਾਲ ਉੱਠਣੇ ਚਾਹੀਦੇ ਹਨ ਕਿ ਜੇ ਸਾਡੀਆਂ ਸਾਰੀਆਂ ਸੰਸਥਾਵਾਂ ਅਤੇ ਅਗਵਾਈ ਦੇ ਕੇਂਦਰ ਇੰਡੀਅਨ ਸਟੇਟ ਤੰਤਰ ਜਾਂ ਕਾਨੂੰਨ ਦੇ ਅਧੀਨ ਹਨ ਤਾਂ ਆਪਾਂ ਆਵਦੇ ਮਸਲਿਆਂ ਨੂੰ ਹੱਲ ਕਰਨ ਅਤੇ ਟੀਚਿਆਂ ਨੂੰ ਸਰ ਕਰਨ ਲਈ ਸੁਤੰਤਰ ਨਿਸ਼ਾਨੇ ਅਤੇ ਨੀਤੀ ਪੈਂਤੜੇ ਕਿਸ ਤਰ੍ਹਾਂ ਘੜ ਸਕਾਂਗੇ?
ਇਸ ਤਰ੍ਹਾਂ ਖਾਲਸਾ ਜੀ ਕੇ ਬੋਲ ਬਾਲੇ ਦੇ ਥਾਂ ‘ਤੇ ਚੋਣਾਂ ਜਿੱਤਣੀਆਂ (ਜੋ ਕਿ ਸੂਬੇਦਾਰੀ ਦਾ ਪ੍ਰਤੱਖ ਰੂਪ ਹੈ) ਹੀ ਬਹੁਤਿਆਂ ਦਾ ਨਿਸ਼ਾਨਾ ਬਣ ਗਿਆ ਹੈ। ਖਾਲਸਾਈ ਪ੍ਰਭੂਸੱਤਾ ਅਤੇ ਹਲੇਮੀ ਰਾਜ ਦੀ ਥਾਂ ‘ਤੇ ਬਹੁਤਿਆਂ ਦੀ ਰਾਜਸੀ ਚੇਤਨਾ ਵਿੱਚ ਸਿਰਫ ਸਟੇਟ ਦੇ ਅਧੀਨ ਰਹਿ ਕੇ ਕੁੱਝ ਰਿਆਇਤਾਂ ਹਾਸਲ ਕਰਨ ਦੀ ਖਾਹਿਸ਼ ਹੀ ਰਹਿ ਗਈ ਹੈ ਜਾਂ ਵੱਧ ਤੋਂ ਵੱਧ ਸਟੇਟ ਉਪਰ ਕਾਬਜ ਹੋਣ ਦੀ ਮਨਸ਼ਾ। ਇਨ੍ਹਾਂ ਦੋਹਾਂ ਸਥਿਤੀਆਂ ਵਿੱਚ ਖਾਲਸਾ ਜੀ ਦੀ ਸੁਤੰਤਰ ਹੋਂਦ, ਜਥੇਬੰਦਕ ਢਾਂਚਾ ਅਤੇ ਖੁਦ-ਮੁਖਤਿਆਰ ਤਾਕਤ ਬਾਰੇ ਕੋਈ ਵਿਚਾਰ ਨਹੀਂ ਹੁੰਦੀ ਅਤੇ ਇਸ ਨੂੰ ਨਿੱਜੀ ਆਸਥਾ ਅਤੇ ਧਾਰਮਕ ਰਹੁ ਰੀਤਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਖਾਲਸਾ ਜੀ ਦੀ ਇਲਾਹੀ ਹਸਤੀ ਨੂੰ ਬਿਲਕੁਲ ਮਨਫੀ ਕੀਤਾ ਜਾਂਦਾ ਹੈ ਜਾਂ ਵੱਧ ਤੋਂ ਵੱਧ ਪੱਛਮੀ ਫਲਸਫਿਆਂ ਵਿੱਚ ਹੀ ਜਜ਼ਬ ਕਰਕੇ ਇੱਕ ਸਭਿਆਚਾਰਕ ਪਛਾਣ ਬਣਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇੰਡਅਨ ਸਟੇਟ ਸਾਡੇ ਰਾਜਸੀ ਦਿਸਹੱਦੇ ਤਹਿ ਕਰਨ ਵਿੱਚ ਸਫਲ ਹੁੰਦੀ ਹੈ।
ਇਨ੍ਹਾਂ ਪ੍ਰਭਾਵਾਂ ਦਾ ਅਸਰ ਬਹੁਤਿਆਂ ਦੀ ਸਿੱਖ ਸੰਘਰਸ਼ ਪ੍ਰਤੀ ਸਮਝ ਉੱਤੇ ਅੱਜ ਵੀ ਹੈ। ਜਮੀਨੀ ਪੱਧਰ ਤੋਂ ਆਪਣੀ ਸੁਤੰਤਰ ਪੰਥਕ ਤਾਕਤ ਨੂੰ ਉਸਾਰਨ ਦੀ ਥਾਂ ‘ਤੇ ਆਪਣੀ ਸਾਰੀ ਸਰਗਰਮੀ ਅਤੇ ਧਿਆਨ ਇੰਡੀਅਨ ਸਟੇਟ ਦੀ ਸੱਤਾ ਦੇ ਗਲਿਆਰਿਆਂ ‘ਚ ਪਰ-ਅਧੀਨ ਸੰਸਥਾਂਵਾਂ ਉੱਤੇ ਕੇਂਦ੍ਰਿਤ ਹੈ—ਭਾਵੇਂ ਉਹ ਸ਼੍ਰੋਮਣੀ ਕਮੇਟੀ ਹੋਵੇ ਜਾਂ ਪੰਜਾਬ ਵਿਧਾਨ ਸਭਾ।
ਇਸ ਬਸਤੀਵਾਦੀ ਚੁੰਗਲ ‘ਚ ਫਸਣ ਤੋਂ ਪਹਿਲਾਂ ਗੁਰੂ ਖਾਲਸਾ ਪੰਥ ਹਮੇਸ਼ਾਂ ਇੱਕ ਠੋਸ ਜਥੇਬੰਦੀ ਵਜੋਂ ਦੁਨੀਆਂ ‘ਤੇ ਵਿਚਰਦਾ ਰਿਹਾ ਜਿਸ ਨੂੰ ਅਕਾਲ ਪੁਰਖ ਵੱਲੋਂ ਬਖਸ਼ੇ ਪਾਤਸ਼ਾਹੀ ਦਾਅਵੇ ਅਤੇ ਹਲੇਮੀ ਰਾਜ ਨੂੰ ਕਾਇਮ ਕਰਨ ਲਈ ਲੋੜੀਂਦੇ ਢਾਂਚਿਆਂ ਦੇ ਅੰਤਰਾਂ ਬਾਰੇ ਸਪੱਸ਼ਟਤਾ ਰਹੀ ਹੈ। ਗੁਰੂ ਖਾਲਸਾ ਪੰਥ ਹੀ ਹਮੇਸ਼ਾਂ ਸਿੱਖ ਸਰਗਰਮੀ ਦਾ ਧੁਰਾ ਅਤੇ ਜਥੇਬੰਦਕ ਕੇਂਦਰ ਰਿਹਾ ਹੈ, ਜੋ ਸਰਬੱਤ ਖਾਲਸਾ ਅਤੇ ਗੁਰਮਤੇ ਰਾਹੀਂ ਸਾਂਝੀ ਅਗਵਾਈ ਸਿਰਜਦਾ ਸੀ ਅਤੇ ਵਕਤੀ ਮਸਲਿਆਂ ਨੂੰ ਨਜਿੱਠਣ ਜਾਂ ਰਣਨੀਤਕ ਟੀਚਿਆਂ ਨੂੰ ਹਾਸਲ ਕਰਨ ਵਾਸਤੇ ਜਥੇ ਜਾਂ ਮਿਸਲਾਂ ਹੋਂਦ ਵਿੱਚ ਲਿਆਉਂਦਾ ਸੀ। ਇਹ ਸੂਤਰਬੱਧ ਅੰਦਰੂਨੀ ਢਾਂਚਾ ਹੀ ਖਾਲਸਾਈ ਪ੍ਰਭੂਸੱਤਾ (ਪਾਤਸ਼ਾਹੀ) ਦਾ ਮੁਜੱਸਮਾ ਹੈ ਅਤੇ ਇਨ੍ਹਾਂ ਦੇ ਬੱਲ ‘ਤੇ ਹੀ ਰਾਜ ਪ੍ਰਬੰਧ ਦੇ ਬੈਰੂਨੀ ਸ਼ਾਸਕੀ ਢਾਂਚਿਆਂ ਨੂੰ ਖਾਲਸਾ ਜੀ ਉਸਾਰਦਾ ਰਿਹਾ ਹੈ। ਸਿੱਖਾਂ ਵਿਚ ਅਜੋਕੇ ਦੌਰ ਦਾ ਰਾਜਸੀ ਭੰਭਲਭੂਸਾ ਇਸੇ ਨੁਕਤੇ ਦੀ ਬੇਸਮਝੀ ਵਿੱਚੋਂ ਉਭਰਦਾ ਦਿਸਦਾ ਹੈ। ਸੁਤੰਤਰ ਢਾਂਚਿਆਂ ਰਾਹੀਂ ਆਪਣੀ ਖੁਦ-ਮੁਖਤਿਆਰ ਤਾਕਤ ਨੂੰ ਉਸਾਰ ਕੇ ਰਾਜਸੀ ਪਿੜ ਵਿੱਚ ਖਾਲਸਾ ਜੀ ਦੀ ਵਿਹਾਰਕ ਬਾਦਸ਼ਾਹਤ ਨੂੰ ਸਥਾਪਤ ਕਰਨ ਦੀ ਥਾਂ ਬਹੁਤਿਆਂ ਦਾ ਧਿਆਨ ਖਾਲਸਾ ਜੀ ਦੀ ਜਥੇਬੰਦੀ ਅਤੇ ਢਾਂਚਿਆਂ ਨੂੰ ਅੱਖੋਂ ਪਰੋਖੇ ਕਰਕੇ ਸਿੱਧੇ (ਸਟੇਟ ਦੀ) ਰਾਜਸੀ ਤਾਕਤ ਵੱਲ ਆਪਣਾ ਹੱਥ ਕਰਨਾ ਹੈ ਪਰ ਇਸ ਨਖਿੱਧ ਪੈਂਤੜੇ ਦੇ ਨੁਮਾਇੰਦੇ ਸਹੀ ਅਰਥਾਂ ਵਿੱਚ ਰਾਜ ਵੱਲ ਵੀ ਨਹੀਂ ਵਧਦੇ ਬਲਕਿ ਸਟੇਟ ਤੰਤਰ ਦੀ ਖੈਰ ਮੰਗ ਕੇ ਰਾਜਸੀ ਤਾਕਤ ਦੀ ਇੱਕ ਝਲਕ ਨੂੰ ਹੀ ਲੋਚਦੇ ਹਨ। ਆਪਣੀ ਆਵਦੀ ਸੁਤੰਤਰ ਤਾਕਤ ਕਾਇਮ ਕਰਨ ਤੋਂ ਬਿਨਾ ਹੀ ਆਪਣੇ ਦੁਸ਼ਮਣ ਦੇ ਬਣਾਏ ਹੋਏ ਅਖਾੜੇ ਵਿੱਚ ਭਿੜਣ ਦੇ ਚਾਹਵਾਨ ਬਣ ਜਾਂਦੇ ਹਨ ਜਿਸ ਵਿੱਚ ਸਹੀ ਮਾਇਨਿਆਂ ‘ਚ ਜਿੱਤ ਹਾਸਲ ਵੀ ਨਹੀਂ ਕੀਤੀ ਜਾ ਸਕਦੀ।
ਇਸ ਸਥਿੱਤੀ ਵਿੱਚ ਸਾਡਾ ਅਜੋਕਾ ਕਾਰਜ ਇਹੀ ਬਣਦਾ ਹੈ ਕਿ ਆਪਾਂ ਸੁਰਤਿ ਨੂੰ ਮੁੜ ਗੁਰੂ ਚਰਨਾਂ ‘ਚ ਟਿਕਾ ਕੇ ਪੰਥ ਦੇ ਸੁਤੰਤਰ ਢਾਂਚਿਆਂ ਰਾਹੀਂ ਹੀ ਪੰਥ ਦੀ ਰਾਜਸੀ ਤਾਕਤ ਉਭਾਰ ਕੇ ਹਲੇਮੀ ਰਾਜ ਕਾਇਮ ਕਰਨ ਲਈ ਪ੍ਰਭੂਸੱਤਾ ਸੰਪੰਨ ਰਾਜਸੀ ਢਾਂਚਾ ਸਥਾਪਿਤ ਕਰਨ ਵੱਲ ਤੁਰੀਏ ਨਾਂ ਕਿ ਸੂਬੇਦਾਰੀ ਦੀ ਦੌੜ ਜਾਂ ਇੰਡੀਅਨ ਸਟੇਟ ਦੇ ਢਾਂਚਿਆਂ ਦੇ ਸੁਧਾਰ ਰਾਹੀਂ ਕੋਈ ਰਿਆਇਤ ਲੱਭੀਏ।
ਪੰਥਕ ਤਾਕਤ ਅਤੇ ਹਲੇਮੀ ਰਾਜ ਦੀਆਂ ਅਸਲ ਨੀਹਾਂ
ਸਿੱਖ ਸੰਗਤ ਵਿੱਚ ਗੁਰੂ ਖਾਲਸਾ ਪੰਥ ਕੇਂਦਰੀ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਖਾਲਸਾ ਜੀ ਗੁਰੂ ਗ੍ਰੰਥ-ਗੁਰੂ ਪੰਥ ਦੇ ਆਸ਼ੇ ਅਨੁਸਾਰ ਗੁਰੂ ਰੂਪ ਹੈ। ਇਸੇ ਤਰਜ਼ ‘ਤੇ ਖਾਲਸਾ ਜੀ ਆਪਣੀ ਹੋਂਦ-ਹਸਤੀ ਅਤੇ ਗੁਰੂ ਵੱਲੋਂ ਬਖਸ਼ੀ ਖਾਲਸਾਈ ਪ੍ਰਭੂਸੱਤਾ (ਪਾਤਸ਼ਾਹੀ) ਦਾ ਧਰਾਤਲ ਉੱਤੇ ਪ੍ਰਗਟਾਵਾ ਖਾਲਸਾ ਜੀ ਦੀਆਂ ਸੁਤੰਤਰ ਸੰਸਥਾਵਾਂ (ਜਿਵੇਂ ਕਿ ਸੰਗਤ, ਗੁਰਮਤਾ, ਸਰਬੱਤ ਖਾਲਸਾ ਅਤੇ ਸ੍ਰੀ ਅਕਾਲ ਤਖਤ ਸਾਹਿਬ) ਰਾਹੀਂ ਹੀ ਕਰਦਾ ਹੈ। ਖਾਲਸਾ ਜੀ ਆਪਣੀ ਪ੍ਰਭੂਸੱਤਾ ਦੀ ਟੇਕ ਇੰਡੀਅਨ ਸਟੇਟ ‘ਤੇ ਨਿਰਭਰ ਕੋਈ ਸਿਆਸੀ ਪਾਰਟੀ ਜਾਂ ਕਿਸੇ ਹੋਰ ਪਰ-ਅਧੀਨ ਢਾਂਚੇ ‘ਤੇ ਕਦਾਚਿੱਤ ਨਹੀਂ ਰੱਖ ਸਕਦਾ।
ਇਸ ਤਰ੍ਹਾਂ ਸੁਤੰਤਰ ਵਿਚਰਨ ਅਤੇ ‘ਬਾਗੀ ਜਾਂ ਬਾਦਸ਼ਾਹ’ ਦੇ ਅਦਰਸ਼ਾਂ ਨੂੰ ਰੂਪਮਾਨ ਕਰਦਿਆਂ ਖਾਲਸਾ ਜੀ ਕੇ ਬੋਲ ਬਾਲੇ ਲਈ ਵਚਨਬੱਧ ਮਿਸਲ ਸ਼ਹੀਦਾਂ, ਅਕਾਲੀ ਦਲ ਦਾ ਸ਼ੁਰੂਆਤੀ ਦੌਰ ਅਤੇ ਅਜੋਕੇ ਸਮੇਂ ਦੀਆਂ ਸਿੱਖ ਜੁਝਾਰੂ ਜਥੇਬੰਦੀਆਂ ਵਿੱਚੋਂ ਇਹ ਸਿਧਾਂਤਕ ਸਪੱਸ਼ਟਤਾ ਅਤੇ ਅੰਦਰੂਨੀ ਸਫਬੰਦੀ ਪ੍ਰਤੱਖ ਨਜ਼ਰ ਆਉਂਦੀ ਹੈ। ਸਮੇਂ ਸਮੇਂ ਅਨੁਸਾਰ ਸਿਰਜੀਆਂ ਗਈਆਂ ਇਹ ਜਥੇਬੰਦੀਆਂ ਪਰ-ਅਧੀਨ ਸੰਸਥਾਵਾਂ ਰਾਹੀਂ ਸੂਬੇਦਾਰੀ ਦੀ ਲਾਲਸਾ ਨੂੰ ਠੋਕਰ ਮਾਰਦਿਆਂ ਖਾਲਸਾਈ ਪ੍ਰਭੂਸੱਤਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਨੂੰ ਸੁਤੰਤਰ ਪੰਥਕ ਸੰਸਥਾਵਾਂ ਰਾਹੀਂ ਨਿਭਾਉਂਦੀਆਂ ਰਹੀਆਂ ਅਤੇ ਇਨ੍ਹਾਂ ਹੀ ਸੰਸਥਾਵਾਂ ਦੀ ਤਾਕਤ ਦੇ ਅਧਾਰ ‘ਤੇ ਦੁਨਿਆਵੀ ਢਾਂਚਿਆਂ ਦੀ ਅਜਿਹੀ ਸਿਰਜਣਾ ਕਰਨ ਦੀ ਕਵਾਇਦ ਵਿੱਚ ਪਈਆਂ ਹਨ ਜਿਨ੍ਹਾਂ ਰਾਹੀਂ ਸਰਬੱਤ ਦਾ ਭਲਾ ਕਰਨ ਲਈ ਹਲੇਮੀ ਰਾਜ ਸਥਾਪਿਤ ਕਰ ਸਕਦੀਆਂ ਹੋਣ।
ਇਸ ਤਰ੍ਹਾਂ ਖਾਲਸਾਈ ਪ੍ਰਭੂਸੱਤਾ ਦਾ ਸੋਮਾ ਸਮਕਾਲੀ ਰਾਜਸੀ ਢਾਂਚਿਆਂ ਦੇ ਬਜਾਏ ਹਮੇਸ਼ਾਂ ਖਾਲਸਾ ਜੀ ਦੇ ਸੁਤੰਤਰ ਢਾਂਚੇ ਅਤੇ ਤਾਕਤ ਰਹੇ ਹਨ। ਜਮੀਨੀ ਪੱਧਰ ਤੋਂ ਸੰਗਤ ਅਤੇ ਖਾਲਸਾ ਜੀ ਦੇ ਵਿਕੇਂਦਰਕ੍ਰਿਤ ਮੁਕਾਮੀ ਜਥਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਰਬੱਤ ਖਾਲਸਾ ਤੱਕ ਦੇ ਢਾਂਚਿਆਂ ਰਾਹੀਂ ਖਾਲਸਾ ਜੀ ਹਮੇਸ਼ਾਂ ਆਪਣੀ ਤਾਕਤ ਆਪਣੇ ਬਲ ‘ਤੇ ਸਿਰਜਦਾ ਰਿਹਾ ਅਤੇ ਇਨ੍ਹਾਂ ਸੰਸਥਾਵਾਂ ਦੇ ਬਲ ਰਾਹੀਂ ਸਰਬੱਤ ਦੇ ਭਲੇ ਨੂੰ ਪ੍ਰਣਾਏ ਹਲੇਮੀ ਰਾਜ ਦੇ ਰਾਜਸੀ ਪ੍ਰਬੰਧ ਲਈ ਬੈਰੂਨੀ ਢਾਂਚੇ ਸਿਰਜਦਾ ਹੈ। ਇਹ ਗੱਲ ਵੀ ਸਦਾ ਹੀ ਸਪੱਸ਼ਟ ਰਹੀ ਕਿ ਇਹ ਅਸਥਿਰ ਰਾਜਸੀ ਢਾਂਚੇ ਗੁਰੂ ਖਾਲਸਾ ਪੰਥ ਦੀ ਹਸਤੀ ਤੋਂ ਅਲੱਗ ਅਤੇ ਵੱਖਰੇ ਹਨ। ਅਜਿਹਾ ਹਲੇਮੀ ਰਾਜ ਸਿਰਜ ਕੇ ਵੀ ਖਾਲਸਾ ਜੀ ਦੀ ਹੋਂਦ ਇਨ੍ਹਾਂ ਰਾਜਸੀ ਢਾਂਚਿਆਂ ਤੋਂ ਨਿਰਲੇਪ ਅਤੇ ਸੁਤੰਤਰ ਰਹਿੰਦੀ ਹੈ।
ਮੌਜੂਦਾ ਰਾਜਸੀ ਹਲਾਤ ਅਤੇ ਖਾਲਸਾ ਜੀ ਕੇ ਬੋਲ ਬਾਲੇ
ਜਦੋਂ ਕਿ ਪੰਜਾਬ, ਦੱਖਣੀ ਏਸ਼ੀਆ ਦਾ ਖਿੱਤਾ, ਅਤੇ ਸਮੁੱਚਾ ਵਿਸ਼ਵ ਰਾਜ ਪ੍ਰਬੰਧ ਤੀਬਰਤਾ ਨਾਲ ਨਵੀਂ ਉਥਲ ਪੁਥਲ ਵੱਲ ਵੱਧ ਰਹੇ ਹਨ ਤਾਂ ਸਾਡੇ ਅੱਜ ਕੀਤੇ ਫੈਸਲਿਆਂ ਅਤੇ ਅਮਲ ਦੇ ਬਹੁਤ ਦੂਰਗਾਮੀ ਪ੍ਰਭਾਵ ਪੈਣਗੇ। ਜਿਵੇਂ ਮੁਗਲ ਸਲਤਨਤ ਦੇ ਪਤਨ ਤੋਂ ਬਣੇ ਅਸਥਿਰ ਹਲਾਤਾਂ ਦੌਰਾਨ ਇਸ ਖਿੱਤੇ ਦਾ ਨਕਸ਼ਾ ਬਦਲ ਗਿਆ ਅਤੇ ਬਰਤਾਨਵੀ ਸਾਮਰਾਜ ਦੇ ਛਿਪਦੇ ਸੂਰਜ ਦਾ ਫਾਇਦਾ ਉਠਾਉਂਦਿਆਂ ਬਿੱਪਰ ਨੇ ਇੰਡੀਆਨ ਸਟੇਟ ਰਾਹੀਂ ਇਸ ਖਿੱਤੇ ‘ਤੇ ਆਪਣਾ ਗਲਬਾ ਪਾਇਆ, ਠੀਕ ਓਸੇ ਹੀ ਤਰ੍ਹਾਂ ਚੱਲ ਰਹੀ ਉਥਲ ਪੁਥਲ ਪੰਥ ਅਤੇ ਪੰਜਾਬ ਲਈ ਬਹੁਤ ਮਹੱਤਵਪੂਰਨ ਸੰਭਾਵਨਾਵਾਂ ਬਣ ਰਹੀਆਂ ਹਨ। ਮਸਲਾ ਹੁਣ ਇਨ੍ਹਾਂ ਕੁ ਹੀ ਹੈ ਕਿ ਆਪਾਂ ਉਸ ਦੇ ਹਾਣੀ ਹੋ ਸਕਾਂਗੇ ਕਿ ਨਹੀਂ। ਇਨ੍ਹਾਂ ਗੰਭੀਰ ਹਲਾਤਾਂ ਦੇ ਸਿੱਟਿਆਂ ਨੂੰ ਮੁੱਖ ਰੱਖਦਿਆਂ ਇਹ ਬੇਹੱਦ ਜਰੂਰੀ ਹੈ ਕਿ ਅੱਜ ਚੱਲ ਰਿਹਾ ਰਾਜਸੀ ਮੰਥਨ ਸਿਰਫ ਵੋਟ ਤੰਤਰ ਤੱਕ ਸੀਮਤ ਨਾ ਰਹਿ ਜਾਵੇ। ਦਿੱਲੀ ਤਖਤ ਤੋਂ ਸੂਬੇਦਾਰੀ ਭਾਲਣ ਵਾਲੀਆਂ ਸਿਆਸੀ ਪਾਰਟੀਆਂ ਦੇ ਹੀ ਪੁਨਰ ਗਠਨ ਨਾਲ ਸਾਡਾ ਭਵਿੱਖ ਨਹੀਂ ਸਵਾਰਿਆ ਜਾ ਸਕਦਾ ਤੇ ਨਾ ਹੀ ਇਸ ਮੌਕੇ ਨੂੰ ਸਾਂਭ ਸਕਣ ਦੇ ਲਾਇਕ ਹੋਇਆ ਜਾ ਸਕਦਾ ਹੈ।
ਸਿੱਖ ਸੰਘਰਸ਼ ਦੇ ਅਗਲੇ ਪੜਾਅ ਨੂੰ ਚਿਤਵਦਿਆਂ ਅਤੇ ਉਸ ਲਈ ਤਿਆਰੀ ਕਰਦਿਆਂ ਇਤਿਹਾਸਕ ਤਜਰਬੇ ਤੋਂ ਸਾਨੂੰ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਚੋਣ ਤੰਤਰ ਦੇ ਪ੍ਰਬੰਧ ਰਾਹੀਂ ਖਾਲਸਾ ਜੀ ਦੇ ਰਾਜਸੀ ਅਦਰਸ਼ਾਂ ਦੀ ਪੂਰਤੀ ਨਹੀਂ ਹੋ ਸਕਦੀ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਸ ਗੱਲ ਦੀ ਜਰੂਰਤ ਹੈ ਕਿ ਆਪਾਂ ਸੁਤੰਤਰ, ਖੁਦਮੁਖਤਿਆਰ ਅਤੇ ਵਿਕੇਂਦਰਕ੍ਰਿਤ ਢਾਂਚਿਆਂ ਦੀ ਉਸਾਰੀ ਵਿੱਚ ਲੱਗੀਏ ਤਾਂ ਕਿ ਪੰਥਕ ਰਵਾਇਤ ਅਨੁਸਾਰ ਸਾਂਝੀ ਅਗਵਾਈ ਸਿਰਜੀ ਜਾ ਸਕੇ ਜੋ ਅਸਥਿਰਤਾ ਦੇ ਹਲਾਤਾਂ ਵਿੱਚ ਲਚਕੀਲੀ ਅਤੇ ਤਾਕਤਵਾਰ ਰਹੇ ਅਤੇ ਖਾਲਸਾ ਜੀ ਦੇ ਬਿਰਦ ਅਨੁਸਾਰ ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ ਕਰਨ ਦੇ ਕਾਬਲ ਹੋਵੇ।
ਆਉਣ ਵਾਲੇ ਸਮੇਂ ‘ਚ ਆਪਣੇ ਰਾਜਨੀਤਕ ਸੰਘਰਸ਼ ਨੂੰ ਇਨ੍ਹਾਂ ਸੁਤੰਤਰ ਸੰਸਥਾਵਾਂ ਦੇ ਅਧਾਰ ‘ਤੇ ਖੜ੍ਹਾ ਕਰਨ ਦੇ ਸਮਰਥ ਬਣਨ ਦੀ ਸਖਤ ਲੋੜ ਹੈ ਤਾਂ ਕਿ ਕਿਸੇ ਵੀ ਜੰਗ ਜਾਂ ਆਫਤ ਵੇਲੇ ਸਾਡੀ ਤਾਕਤ ਬਰਕਰਾਰ ਰਹੇ ਅਤੇ ਤੇਜ਼ੀ ਨਾਲ ਬਦਲਦਿਆਂ ਹਲਾਤਾਂ ਨਾਲ ਨਜਿੱਠਣ ਦੇ ਕਾਬਲ ਹੋ ਸਕੀਏ। ਇਸ ਤਰ੍ਹਾਂ ਸਾਨੂੰ ਪਹਿਲ ਦੇ ਅਧਾਰ ‘ਤੇ ਆਪਣੀਆਂ ਪੰਥਕ ਸੰਸਥਾਵਾਂ ਨੂੰ ਮਜ਼ਬੂਤ ਕਰਕੇ ਆਪਣੀ ਤਾਕਤ ਉਸਾਰਨ ਦੀ ਲੋੜ ਹੈ ਤਾਂ ਜੋ ਸਾਬਤ ਕਦਮੀਂ ਨਾਲ ਖਾਲਸਾ ਜੀ ਕੇ ਬੋਲ ਬਾਲੇ ਦੇ ਉਦੇਸ਼ ਨੂੰ ਅੱਜ ਦੇ ਹਲਾਤਾਂ ਮੁਤਾਬਿਕ ਯਕੀਨੀ ਬਣਾ ਕੇ ਹਲੇਮੀ ਰਾਜ, ਖਾਲਸਿਤਾਨ, ਦੀ ਕਾਇਮੀ ਲਈ ਆਪਣਾ ਸਾਰਥਕ ਯੋਗਦਾਨ ਪਾ ਸਕੀਏ ਤੇ ਅੱਗੇ ਵੱਧ ਸਕੀਏ।
-ਖਾਲਿਸਤਾਨ ਕੇਂਦਰ | @KhalistanCentre | www.khalistan.org
ਖਾਲਿਸਤਾਨ ਕੇਂਦਰ ਦਾ ਮੁੱਖ ਟੀਚਾ ਗੁਰਮਤ ਸਿਧਾਂਤ ਅਨੁਸਾਰੀ ਚੱਲਣ ਵਾਲੀ ਸਮੂਹਕ ਪੰਥਕ ਅਗਵਾਈ ਨੂੰ ਉਸਾਰਨ ਅਤੇ ਸਹਿਯੋਗ ਦੇਣ ਦੇ ਕਾਰਜ ਨਾਲ ਪ੍ਰਣਾਇਆ ਹੋਇਆ ਹੈ ।