ਪੰਜਾਬ: ਖਾੜਕੂ ਜ਼ਲਜ਼ਲੇ ਤੋਂ ਬਾਅਦ
...ਪਰਮਜੀਤ ਦੇ ਘਰ ਗੋਹਾ ਕੂੜਾ ਕਰਨ ਦੇ ਕਸੂਰ ਵਿਚ ਹੀ ਕਾਲੇ ਨੇ ਪੁਲਸ ਨਾਲ ਰਲ ਕੇ ਪਹਿਲਾਂ ਉਸ ਦੇ 22 ਸਾਲਾ ਪੁੱਤਰ ਨਰਿੰਦਰ ਸਿੰਘ ਉਰਫ ਬ੍ਰਾਹਮਣ ਨੂੰ ਦਿਨੇ 11 ਵਜੇ ਪਿੰਡ ਦੇ ਵਿਚਕਾਰ ਗੋਲੀ ਮਾਰ ਕੇ ਮਾਰ ਦਿੱਤਾ ਤੇ ਛੇ ਮਹੀਨੇ ਬਾਅਦ ਉਸ ਦੇ ਪੋਤਰੇ ਤਾਰ ਨਾਲ ਵੀ ਇਹੀ ਹੋਣੀ ਵਾਪਰੀ...
ਲੰਘੇ ੬ ਮਈ ਨੂੰ ਇੰਡੀਅਨ ਖੁਫੀਆ ਤੰਤਰ ਦੇ ਕਰਿੰਦਿਆਂ ਨੇ ਜਥੇਦਾਰ ਪਰਮਜੀਤ ਸਿੰਘ ਪੰਜਵੜ (ਮੁਖ ਸੁਵਾਦਾਰ, ਖਾਲਿਸਤਾਨ ਕਮਾਂਡੋ ਫੋਰਸ) 'ਤੇ ਜਾਨਲੇਵਾ ਹਮਲਾ ਕੀਤਾ। ਜਥੇਦਾਰ ਸਾਹਿਬ ੧੯੮੬ ਵਿੱਚ ਹਥਿਆਰਬੰਦ ਸੰਘਰਸ਼ ਸ਼ਾਮਲ ਹੋਏ ਅਤੇ ਦ੍ਰਿੜ ਇਰਾਦਿਆਂ ਨਾਲ ਮੈਦਾਨਿ ਜੰਗ ਵਿੱਚ ਨਿੱਤਰੇ। ਜਥੇਬੰਦੀ ਦੀ ਕਮਾਨ ਨੂੰ ੩੪ ਸਾਲਾਂ ਲਈ ਬਾਖੂਬੀ ਨਿਭਉਂਦਿਆਂ ਲੰਘੇ ੬ ਮਈ ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ। ਇਹ ਲਿਖਤ ਅਜੀਤ ਦੇ ਪੱਤਰਕਾਰ ਮੇਜਰ ਸਿੰਘ ਵੱਲੋਂ ਪੰਜਾਬ: ਖਾੜਕੂ ਜ਼ਲਜ਼ਲੇ ਤੋਂ ਬਾਅਦ ੧੯੯੫ ਵਿੱਚ ਲਿਖੀ ਗਈ ਸੀ ਜਦੋਂ ਉਸ ਨੇ ਮਾਝੇ ਦੇ ਪਿੰਡਾਂ ਦਾ ਦੌਰਾ ਕਰਕੇ ਹਲਾਤਾਂ ਦਾ ਜਾਇਜ਼ਾ ਲਿਆ। ਇਸੇ ਦੌਰਾਨ ਉਸ ਨੇ ਪੰਜਵੜ ਪਿੰਡ ਅਤੇ ਜਥੇਦਾਰ ਪਰਮਜੀਤ ਸਿੰਘ ਦੇ ਪਰਿਵਾਰ 'ਤੇ ਢਾਏ ਗਏ ਤਸ਼ੱਦਦ ਦੀ ਦਾਸਤਾਨ ਨੂੰ ਰੌਂਗਟੇ ਖੜ੍ਹੇ ਕਰਨ ਵਾਲੇ ਅੰਦਾਜ਼ ਨਾਲ ਦਰਜ ਕੀਤਾ।
ਪ੍ਰਣਾਮ ਸ਼ਹੀਦਾਂ ਨੂੰ।
“ਮੁੜ ਵਸੇਬੇ ਦੇ ਦੌਰ `ਚੋਂ ਗੁਜ਼ਰ ਰਹੇ ਹਨ ਖਾੜਕੂਆਂ ਦੇ ਪਰਿਵਾਰ”
ਸਰਹੱਦੀ ਜ਼ਿਲ੍ਹਿਆਂ ਅੰਦਰ ਪੁਲਸ ਸਖ਼ਤੀ ਕਾਰਨ ਉਜਾੜੇ ਦਾ ਸ਼ਿਕਾਰ ਹੋਏ ਖਾੜਕੂਆਂ ਦੇ ਪਰਿਵਾਰ ਅਜੇ ਆਪਣੇ ਮੁੜ ਵਸੇਬੇ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਕਿਸੇ ਪਰਿਵਾਰ ਨੇ ਘਰਾਂ ਦੇ ਉਖੜੇ ਬਨੇਰਿਆਂ, ਬੂਹੇ-ਬਾਰੀਆਂ ਸਮੇਤ ਉਖਾੜੀਆਂ ਚੁਗਾਠਾਂ ਅਤੇ ਪੁੱਟੀਆਂ ਛੱਤਾਂ ਨੂੰ ਮੁੜ ਉਸਾਰਨ ਦਾ ਕੰਮ ਸੁਰੂ ਕੀਤਾ ਹੋਇਆ ਹੈ ਅਤੇ ਕਈਆਂ ਦੇ ਘਰ ਅਜੇ ਵੀ ਬੀਤੇ ਦੀ ਯਾਦ ਚਿੰਨ੍ਹ ਬਣੇ ਖੜ੍ਹੇ ਨਜ਼ਰ ਆ ਰਹੇ ਹਨ । ਖਾੜਕੂ ਲਹਿਰ ਦੇ ਕਈ ਚੋਟੀ ਦੇ ਆਗੂਆਂ ਦੇ ਨਾਂ ਨਾਲ ਮਸ਼ਹੂਰ ਸਰਹੱਦੀ ਪਿੰਡ ਪੰਜਵੜ ਵਿਖੇ ਜਦ ਅਸੀਂ ਭਾਈ ਸੁਖਦੇਵ ਸਿੰਘ ਸੁੱਖਾ ਉਰਫ ਜਨਰਲ ਲਾਭ ਸਿੰਘ ਦੇ ਘਰ ਗਏ ਤਾਂ ਪਸ਼ੂਆਂ ਲਈ ਬਣਾਏ ਵਰਾਂਡੇ ਤੋਂ ਅੱਗੇ ਅੱਧ-ਪਚੱਧੇ ਬੂਹੇ-ਬਾਰੀਆਂ ਅਤੇ ਬਗੈਰ ਪਲੱਸਤਰ ਕਮਰੇ ਆਪਣੀ ਕਹਾਣੀ ਖੁਦ ਬਿਆਨ ਕਰ ਰਹੇ ਸਨ । ਭਾਈ ਸੁਖਦੇਵ ਸਿੰਘ ਦੀ ਮਾਤਾ ਘਰ ਦੀਆਂ ਔਰਤਾਂ ਨਾਲ ਆਹਰੇ ਲੱਗੀ ਹੋਈ ਸੀ । ਪਹਿਲਾਂ ਪਹਿਲ ਤਾਂ ਇਹ ਔਰਤਾਂ ਤ੍ਰਥਕ ਉੱਠੀਆਂ, ਪਰ ਕਾਫ਼ੀ ਤਸੱਲੀ ਦੇਣ ਬਾਅਦ ਉਸ ਦੀ ਮਾਤਾ ਨੇ ਸਾਡੇ ਨਾਲ ਕੁੱਝ ਗੱਲ ਕਰਨੀ ਸ਼ੁਰੂ ਕੀਤੀ ।
ਮਾਤਾ ਕੁਲਵੰਤ ਕੱਰ ਆਪਣੇ ਦੁਖਾਂਤ ਦੇ ਪੀੜ੍ਹੀ 'ਚ ਤੁਰ ਪੈਣ 'ਤੇ ਮਾਯੂਸ ਹੋਈ ਆਖਦੀ ਹੈ ਕਿ ਪਹਿਲਾਂ ਇਨ੍ਹਾਂ ਦਾ ਪਿਤਾ ਛੋਟੀ ਉਮਰ ਦੇ ਦੋ ਬੱਚਿਆਂ ਨੂੰ ਛੱਡ ਕੇ ਚੱਲ ਵਸਿਆ ਸੀ ਤੇ ਹੁਣ ਸੁਖਦੇਵ ਵੀ ਉਸੇ ਉਮਰ `ਚ ਦੋ ਬੱਚੇ ਛੱਡ ਗਿਆ ਹੈ । ਉਸ ਦੀ ਪਤਨੀ ਤੇ ਬੱਚੇ ਕਿੱਥੇ ਹਨ, ਬਾਰੇ ਮਾਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ । ਉਨ੍ਹਾਂ ਦੀ 9 ਏਕੜ ਦੇ ਕਰੀਬ ਜੱਦੀ ਜ਼ਮੀਨ ਹੈ, ਜੋ ਸ਼ੁਰੂ ਤੋਂ ਹੀ ਵੱਡਾ ਭਰਾ ਵਾਹੁੰਦਾ ਆ ਰਿਹਾ ਹੈ । ਸੁਖਦੇਵ ਸਿੰਘ 1971 ਤੋਂ ਪੁਲਿਸ 'ਚ ਭਰਤੀ ਹੋਇਆ ਸੀ ਤੇ ਅੱਸੀਵਿਆਂ ਦੇ ਸ਼ੁਰੂ ਵਿਚ ਸੰਤ ਭਿੰਡਰਾਂਵਾਲਿਆਂ ਤੋਂ ਪ੍ਰਭਾਵਤ ਹੋ ਕੇ ਇਸ ਲਹਿਰ ਵੱਲ ਖਿੱਚਿਆ ਗਿਆ ।
ਖਾੜਕੂ ਲਹਿਰ `ਚ ਅਜੇ ਵੀ ਚਰਚਿਤ ਭਾਈ ਪਰਮਜੀਤ ਸਿੰਘ ਪੰਜਵੜ ਵੀ ਇਸੇ ਪਿੰਡ ਦਾ ਜੰਮਪਲ ਹੈ । ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਅੱਜ ਕੱਲ੍ਹ ਪਾਕਿਸਤਾਨ ਵਿੱਚ ਰਹਿ ਰਿਹਾ ਹੈ । ਪਿੰਡ ਦੇ ਬਾਹਰਵਾਰ ਖੇਤਾਂ ਵਿਚਲਾ ਉਸ ਦਾ ਘਰ ਪੁਲਿਸ ਦੀ ਕਰੋਪੀ ਦੀ ਮੂੰਹ ਬੋਲਦੀ ਤਸਵੀਰ ਹੈ । ਉਸ ਦਾ ਘਰ ਕਈ ਮਹੀਨੇ ਪੁਲਿਸ ਚੌਕੀ ਬਣਿਆ ਰਿਹਾ ਹੈ । ਪੁਲਿਸ ਵੱਲੋਂ ਬਣਾਏ ਮੋਰਚੇ ਅਜੇ ਵੀ ਕਾਇਮ ਹਨ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਅਜੇ ਕੁੱਝ ਸਮਾਂ ਪਹਿਲਾਂ ਹੀ ਘਰ ਪਰਤੇ ਹਨ । ਸਾਬਕਾ ਫ਼ੌਜੀ ਅਤੇ ਪਿੰਡ ਦਾ ਨੰਬਰਦਾਰ (ਪਰ ਹੁਣ ਨੰਬਰਦਾਰੀ ਉਸ ਦਾ ਪੁੱਤਰ ਕਰਦਾ ਹੈ) 85 ਸਾਲਾਂ ਨੂੰ ਢੁੱਕੇ, ਪਰਮਜੀਤ ਦੇ ਬਾਬਾ ਸ: ਅਰਜਨ ਸਿੰਘ ਵੀ ਉਨ੍ਹਾਂ ਦੇ ਘਰ ਵਾਂਗ ਹੀ ਪੁਲਸ ਜਬਰ ਦੀ ਮੂਰਤ ਬਣੇ ਬੈਠੇ ਹਨ । ਉਨ੍ਹਾਂ ਨੇ ਦੱਸਿਆ ਕਿ ਝਬਾਲ ਥਾਣੇ ਵਿਚ ਲਿਜਾ ਕੇ ਉਸ ਉੱਪਰ ਡਾਂਗਾਂ ਦਾ ਮੀਂਹ ਵਰਹਾ ਦਿੱਤਾ, ਫਿਰ ਇਕ ਛੋਟੇ ਥਾਣੇਦਾਰ ਨੇ ਡਾਂਗ ਫੜ ਕੇ ਪਹਿਲਾਂ ਉਸ ਦੀ ਖੱਬੀ ਬਾਂਹ ਡੌਲੇ ਤੋਂ ਭੰਨੀ ਅਤੇ ਫਿਰ ਪੱਟ ਤੋੜਿਆ । ਹੁਣ ਉਨ੍ਹਾਂ ਦੀ ਲੱਤ ਅਤੇ ਬਾਂਹ ਲੁੜਕ ਗਈਆਂ ਹਨ ਅਤੇ ਉਨ੍ਹਾਂ ਨੂੰ ਖੜ੍ਹਾ ਵੀ ਆਸਰਾ ਦੇ ਕੇ ਕਰਨਾ ਪੈਂਦਾ ਹੈ ਤੇ ਬਾਂਹ ਨਾਲ ਵੀ ਕੋਈ ਕੰਮ ਨਹੀਂ ਕਰ ਸਕਦੇ । ਉਨ੍ਹਾਂ ਨੇ ਦੱਸਿਆ ਕਿ 1991`ਚ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪਰਮਜੀਤ ਦੀ 60 ਸਾਲਾ ਮਾਤਾ ਮਹਿੰਦਰ ਕੌਰ ਨੂੰ ਝਬਾਲ ਥਾਣੇ ਦੀ ਪੁਲਿਸ ਫੜ ਕੇ ਲੈ ਗਈ ਸੀ । ਉਹ ਖੁਦ ਥਾਣੇ ਜਾ ਕੇ ਚੋਰੀ ਛੁਪੇ ਮਿਲ ਵੀ ਆਉਂਦਾ ਰਿਹਾ । ਫਿਰ ਅਚਾਨਕ ਬਾਕੀ ਪਰਿਵਾਰ ਦੇ ਮੈਂਬਰਾਂ ਨਾਲੋਂ ਉਸ ਨੂੰ ਅਲੱਗ ਕਰਕੇ ਕਿਧਰੇ ਲੈ ਗਏ । ਬਥੇਰਾ ਪਤਾ ਕੀਤਾ, ਪਰ ਮੁੜ ਕੋਈ ਉੱਘ-ਸੁੱਘ ਨਹੀਂ ਨਿਕਲੀ । ਉਨ੍ਹਾਂ ਦਾ ਵਿਸ਼ਵਾਸ ਹੈ ਕਿ ਪੁਲਿਸ ਨੇ ਉਸ ਨੂੰ ਮਾਰ ਖਪਾ ਦਿੱਤਾ ਹੈ ।
ਭਾਈ ਪਰਮਜੀਤ ਸਿੰਘ ਪੰਜਵੜ ਦੇ ਘਰ ਦੇ ਲੱਥੇ ਹੋਏ ਬੂਹੇ ਸਰੀਏ ਸਮੇਤ ਗਾਇਬ ਚੁਗਾਠਾਂ ਆਪਣੇ ਬੀਤੇ ਦੀ ਕਹਾਣੀ ਆਪ ਦੱਸਦੀਆਂ ਹਨ । ਪਸ਼ੂਆਂ ਵਾਲੇ ਇੱਕ ਵੱਡੇ ਕਮਰੇ ਦੇ ਗਾਡਰ ਲਾਹ ਕੇ ਉਸ ਨੂੰ ਢਾਹ ਹੀ ਦਿੱਤਾ। ਘਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਘਰ ਦਾ ਸਾਰਾ ਸਾਮਨ ਸਮੇਤ ਇੱਟਾਂ ਲਾਹ ਕੇ ਨੇੜਲੇ ਪਿੰਡ ਗੱਗੋਬੂਆ ਵਿਖੇ ਪੁਲਸ ਵਲੋਂ ਬਣਾਈ ਚੌਕੀ ਦੀ ਇਮਾਰਤ ਉੱਪਰ ਲਗਾ ਲਿਆ ਹੈ। ਘਰ ਦਾ ਕਰੀਬ ਸਾਰਾ ਸਮਾਨ ਇੱਥੋਂ ਤੱਕ ਕਿ ਮੰਜੇ ਕੁਰਸੀਆਂ ਵੀ ਪੁਲਿਸ ਥਾਣੇ ਚੁੱਕ ਕੇ ਲੈ ਗਏ। ਘਰ ਦੇ ਜੀਅ ਦੱਸ ਵੀ ਰਹੇ ਸਨ ਕਿ ਕਿਸ ਥਾਣੇਦਾਰ ਦੇ ਘਰ ਉਨ੍ਹਾਂ ਦਾ ਫਰਿਜ ਪਿਆ ਹੈ ਤੇ ਕਿਸੇ ਦੇ ਘਰ ਟੈਲੀਵਿਜ਼ਨ ਤੇ ਹੋਰ ਕੀਮਤੀ ਸਾਮਾਨ। ਪਰਮਜੀਤ ਦੇ ਸਾਂਝੇ ਪਰਿਵਾਰ ਕੋਲ 32 ਏਕੜ ਜ਼ਮੀਨ ਹੈ। ਪਰਮਜੀਤ ਦੇ ਘਰ ਦਾ ਵੱਧ ਨੁਕਸਾਨ ਇਸੇ ਪਿੰਡ ਦੇ ਪੁਲਸ ਕੈਟ ਬਣੇ ਕਾਲੇ ਦੇ ਪਰਿਵਾਰ ਦੇ ਕਿਸੇ ਖਾੜਕੂ ਗਰੁੱਪ ਵਲੋਂ ਕੁੱਝ ਮੈਂਬਰ ਮਾਰਨ ਬਾਅਦ ਹੋਇਆ । ਸ: ਅਰਜਨ ਸਿੰਘ ਨੇ ਦੱਸਿਆ ਕਿ ਇਸ ਮੌਕੇ ਉਨ੍ਹਾਂ ਦੇ ਘਰ ਨੂੰ ਢਾਹ ਦਿੱਤਾ, ਦੋ ਏਕੜ ਖੜ੍ਹਾ ਕਮਾਦ ਵੱਢ ਸੁੱਟਿਆ ਅਤੇ ਲੱਖਾਂ ਰੁਪਏ ਦੇ ਮੁੱਲ ਦੇ ਖੇਤਾਂ ਵਿੱਚ ਖੜ੍ਹੇ ਦਰੱਖਤ ਕਟਵਾ ਦਿੱਤੇ। ਪਰਮਜੀਤ ਦੇ ਘਰ ਬੈਠੀ ਚੌਕੀ 'ਚ ਕਾਲਾ ਖ਼ੁਦ ਰਹਿੰਦਾ ਰਿਹਾ। ਉਸ ਸਮੇਂ ਸਾਰਾ ਪਰਿਵਾਰ ਮਜ਼ਬੂਰ ਹੋਇਆ ਬਾਹਰ ਹੀ ਦਿਨ ਕਟੀ ਕਰ ਰਿਹਾ ਸੀ। ਪਿੰਡ ਵਿਚ ਕਾਲੇ ਦੀ ਦਹਿਸ਼ਤ ਅਤੇ ਕਾਲੇ ਕਾਰਨਾਮਿਆਂ ਦੇ ਰੌਗਟੇ ਖੜ੍ਹੇ ਕਰਨ ਵਾਲੇ ਕਿੱਸੇ ਸੁਣਨ ਨੂੰ ਮਿਲਦੇ ਹਨ। ਘਰ ਨਾਲ ਦੇ ਖੇਤ 'ਚ ਸਾਗ ਤੋੜਦੀ ਦੀਪੋ (ਦਲੀਪ ਕੌਰ) ਨੂੰ 'ਵਾਜ ਮਾਰ ਕੇ ਸੱਦਿਆ ਤਾਂ ਉਸ ਨੇ ਦੱਸਿਆ ਪਰਮਜੀਤ ਦੇ ਘਰ ਗੋਹਾ ਕੂੜਾ ਕਰਨ ਦੇ ਕਸੂਰ ਵਿਚ ਹੀ ਕਾਲੇ ਨੇ ਪੁਲਸ ਨਾਲ ਰਲ ਕੇ ਪਹਿਲਾਂ ਉਸ ਦੇ 22 ਸਾਲਾ ਪੁੱਤਰ ਨਰਿੰਦਰ ਸਿੰਘ ਉਰਫ ਬ੍ਰਾਹਮਣ ਨੂੰ ਦਿਨੇ 11 ਵਜੇ ਪਿੰਡ ਦੇ ਵਿਚਕਾਰ ਗੋਲੀ ਮਾਰ ਕੇ ਮਾਰ ਦਿੱਤਾ ਤੇ ਛੇ ਮਹੀਨੇ ਬਾਅਦ ਉਸ ਦੇ ਪੋਤਰੇ ਤਾਰ ਨਾਲ ਵੀ ਇਹੀ ਹੋਣੀ ਵਾਪਰੀ । ਦੋਹਾਂ ਦੀਆਂ ਲਾਸ਼ਾਂ ਵੀ ਉਹ ਖੁਦ ਹੀ ਚੁੱਕ ਕੇ ਲੈ ਗਏ ਤੇ ਮਾਪੇ ਪੁੱਤਰਾਂ ਦਾ ਮੂੰਹ ਦੇਖਣ ਨੂੰ ਤਰਸਦੇ ਰਹਿ ਗਏ। ਲੋਕ ਦੱਸਦੇ ਨੇ ਕਿ ਉਸ ਨੇ ਪਿੰਡ ਦੇ ਤਰਖਾਣਾਂ ਦੇ ਮੁੰਡੇ ਦਲਬੀਰ ਸਿੰਘ ਨੂੰ ਵੀ ਬਾਬਾ ਬੁੱਢਾ ਲਾਗੇ ਗੋਲੀ ਮਾਰ ਦਿੱਤੀ ਸੀ । ਪਿੰਡ ਦੇ ਲੋਕਾਂ ਦਾ ਖ਼ਿਆਲ ਹੈ ਕਿ ਕਾਲੇ ਨੂੰ ਪੁਲਿਸ `ਚ ਭਰਤੀ ਕਰ ਲਿਆ ਹੈ। ਕਾਲੇ ਦੀ ਪਿੰਡ ਵਿਚ ਏਨੀ ਦਹਿਸ਼ਤ ਹੈ ਕਿ ਅਜੇ ਵੀ ਲੋਕ ਉਸ ਬਾਰੇ ਮੂੰਹ ਬੰਦ ਰੱਖਣ `ਚ ਹੀ ਭਲਾ ਸਮਝਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਪਿੰਡ ਦੇ ਕਹਿੰਦੇ ਕਹਾਉਂਦੇ ਲੋਕਾਂ ਦੀ ਦਾੜ੍ਹੀ `ਚ ਹੱਥ ਪਾ ਲੈਣਾ ਕਾਲੇ ਦਾ ਆਮ ਕੰਮ ਸੀ ਤੇ ਉਨ੍ਹੀਂ ਦਿਨੀਂ ਉਸ ਵਿਰੁੱਧ ਕਿਧਰੇ ਕੋਈ ਵੀ ਸੁਣਵਾਈ ਨਹੀਂ ਸੀ।
ਡਾ: ਬਰਜਿੰਦਰ ਸਿੰਘ ਪੰਜਵੜ ਵੀ ਇਸੇ ਪਿੰਡ ਨਾਲ ਹੀ ਸੰਬੰਧਿਤ ਸੀ, ਪਰ ਉਸ ਦੇ ਪਰਿਵਾਰ ਦੇ ਸਾਰੇ ਜੀਅ ਛੇਹਰਟੇ ਚਲੇ ਗਏ ਹਨ। ਗੁਰਮੇਜ ਸਿੰਘ ਅਤੇ ਜਸਵੰਤ ਦੋਵੇਂ ਸਕੇ ਭਰਾ, ਸਤਨਾਮ ਸਿੰਘ, ਕਸ਼ਮੀਰ ਸਿੰਘ, ਬਚਿੱਤਰ ਸਿੰਘ, ਸਰਬਜੀਤ ਸਿੰਘ ਅਤੇ ਗੁਰਬਿੰਦਰ ਸਿੰਘ ਵੀ ਇਸ ਲਹਿਰ `ਚ ਮਾਰੇ ਗਏ। ਗੁਰਮੇਜ ਸਿੰਘ ਅਤੇ ਜਸਵੰਤ ਸਿੰਘ ਦੋਵੇਂ ਵਿਆਹੇ ਹੋਏ ਸਨ। ਪਰ ਘਰ 'ਚ ਪਿੱਛੇ ਕਮਾਊ ਕੋਈ ਨਾ ਰਹਿਣ ਕਾਰਨ ਇਨ੍ਹਾਂ ਦੇ ਘਰ ਉੱਜੜ ਗਏ ਹਨ। ਗੁਰਮੇਜ ਸਿੰਘ ਦੀ ਪਤਨੀ ਦੋ ਬੱਚੇ ਲੈ ਕੇ ਆਪਣੇ ਜੇਠ ਘਰ ਬੈਠੀ ਹੈ, ਜਦ ਕਿ ਜਸਵੰਤ ਸਿੰਘ ਦੀ ਪਤਨੀ ਦੀ ਇਕੋ ਲੜਕੀ ਸੀ ਤੇ ਉਸ ਨੇ ਕਿਧਰੇ ਹੋਰ ਵਿਆਹ ਕਰਵਾ ਲਿਆ ਹੈ। ਲੋਕਾਂ ਤੋਂ ਪਤਾ ਲੱਗਿਆ ਕਿ ਕਿਰਪਾ ਸਿੰਘ ਤੇ ਉਸ ਦੀ ਪਤਨੀ ਨੂੰ ਵੀ ਇਕ ਵਾਰ ਪੁਲਿਸ ਲੈ ਗਈ ਸੀ। ਉਸ ਦਾ ਮੁੜ ਕੋਈ ਖੁਰਾ-ਖੋਜ ਨਹੀਂ ਲੱਭਾ ।
ਮਾਝੇ ਦਾ ਇਤਿਹਾਸਕ ਸਰਹੱਦੀ ਪਿੰਡ ਸੁਰ ਸਿੰਘ ਅਜਿਹਾ ਪਿੰਡ ਹੈ ਜਿੱਥੇ ਖਾੜਕੂ ਲਹਿਰ ਵਿਚ ਕੁਰਬਾਨ ਹੋਏ ਵਿਅਕਤੀਆਂ ਦੀ ਪੂਰੀ ਸੂਚੀ ਹਾਸਲ ਕਰਨਾ ਬੜਾ ਮੁਸ਼ਕਲ ਕੰਮ ਹੈ। ਅਸੀਂ ਸਿਰੜੀ ਯਤਨਾਂ ਨਾਲ ਕੱਚੇ ਰਾਹੀਂ ਬਹਿਕਾਂ ਉੱਪਰ ਜਾ ਕੇ ਅਤੇ ਲਹਿਰ ਦੇ ਇੱਕ ਦੋ ਸ਼ੁਭਚਿੰਤਕਾਂ ਦੀ ਮੱਦਦ ਨਾਲ ਕੁੱਝ ਪੱਤੀਆਂ ਦੇ ਲੋਕਾਂ ਤੱਕ ਪਹੁੰਚ ਕਰਕੇ ਸਿਰਫ਼ 34 ਵਿਅਕਤੀਆਂ ਦੀ ਹੀ ਸੂਚੀ ਬਣਾ ਸਕੇ ਜਿਨ੍ਹਾਂ ਨੂੰ ਜਾਂ ਤਾਂ ਪੁਲਿਸ ਨੇ ਮੁਕਾਬਲਿਆਂ ਵਿਚ ਮਾਰਨ ਦਾ ਦਾਅਵਾ ਕੀਤਾ ਸੀ ਜਾਂ ਚੁੱਕ ਕੇ ਗੁੰਮ ਕਰ ਦਿੱਤਾ ਹੈ। ਲੋਕ ਯਾਦ ਕਰਨ ਦੀ ਬੜੀ ਕੋਸ਼ਿਸ਼ ਕਰਦੇ ਹਨ, ਪਰ ਕਿਸੇ ਨੂੰ ਵੀ ਦਰਜਨ ਦੇ ਕਰੀਬ ਨੌਜਵਾਨਾਂ ਤੋਂ ਵੱਧ ਨਾਂ ਯਾਦ ਨਹੀਂ ਸਨ ਆ ਰਹੇ। ਸਿਆਸੀ ਮੱਸ ਰੱਖਣ ਵਾਲੇ ਇੱਕ ਅਧਿਆਪਕ ਨੇ ਦੱਸਿਆ ਕਿ ਦੋ ਕੁ ਸਾਲ ਪਹਿਲਾਂ ਜਦ ਉਹ ਸੱਥ ਵਿਚ ਬੈਠੇ ਮਾਰੇ ਗਏ ਮੁੰਡਿਆਂ ਦੀਆਂ ਉਂਗਲਾਂ ਉੱਤੇ ਗਿਣਤੀ ਕਰਿਆ ਕਰਦੇ ਸਨ ਤਾਂ ਇਹ ਸੂਚੀ 50 ਤੋਂ ਉਪਰ ਚਲੀ ਜਾਂਦੀ ਸੀ।
ਲੋਕਾਂ ਨੇ ਦੱਸਿਆ ਕਿ 60 ਸਾਲਾਂ ਦੇ ਬਜ਼ੁਰਗ ਬਾਬਾ ਗੁਰਾ ਸਿੰਘ ਨੂੰ ਪੁਲਿਸ ਵਾਲੇ ਇੱਕ ਦਿਨ ਪਿੰਡ ਵਿੱਚੋਂ ਫੜ ਕੇ ਲੈ ਗਏ ਤੇ ਮੁੜ ਕਿਸੇ ਨੇ ਉਸ ਦਾ ਮੂੰਹ ਨਹੀਂ ਵੇਖਿਆ। ਪਿੰਡ ਦੇ ਲੋਕਾਂ 'ਚ ਦੰਦ-ਕਥਾ ਹੈ ਕਿ ਉਹ ਖਾੜਕੂਆਂ ਦਾ ਅਹਿਮ ਬੰਦਾ ਸੀ। ਉਸ ਦੇ ਪੁੱਤਰ ਰਾਮ ਸਿੰਘ ਨੂੰ ਜੇਲ੍ਹ 'ਚੋਂ ਰਿਮਾਂਡ ਲੈ ਕੇ ਬਾਅਦ `ਚ ਮੁਕਾਬਲੇ ਵਿਚ ਮਾਰਿਆ ਐਲਾਨਿਆ ਗਿਆ ਸੀ। ਰਾਮ ਸਿੰਘ ਦੇ ਤਿੰਨ ਬੇਸਹਾਰਾ ਲੜਕੇ ਦੋ ਲੜਕੀਆਂ ਹਨ। ਉਸ ਦੀ ਪਤਨੀ ਨੇ ਦੱਸਿਆ ਕਿ ਮੁਕਾਬਲੇ ਵਾਲੇ ਦਿਨ ਤੋਂ ਦੋ ਦਿਨ ਪਹਿਲਾਂ ਉਹ ਗਮ ਸਿੰਘ ਨੂੰ ਜੇਲ੍ਹ `ਚ ਮਿਲ ਕੇ ਆਈ ਸੀ। ਪਰ 28 ਦਸੰਬਰ 92 ਨੂੰ ਭਿਖੀਵਿੰਡ ਪੁਲਿਸ ਨੇ ਰਾਮ ਸਿੰਘ ਦਾ ਰਿਮਾਂਡ ਲੈ ਕੇ ਜੇਲ੍ਹ `ਚੋਂ ਕੱਢ ਲਿਆਂਦਾ ਅਤੇ ਅਗਲੇ ਦਿਨ ਅਖ਼ਬਾਰਾਂ 'ਚ ਬਿਆਨ ਆ ਗਿਆ ਕਿ ਉਹ ਖਾੜਕੂਆਂ ਵੱਲੋਂ ਪੁਲਿਸ ਉੱਪਰ ਕੀਤੇ ਹਮਲੇ `ਚ ਮਾਰਿਆ ਗਿਆ। ਰਾਮ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਤਸੀਹੇ ਦੇ ਕੇ ਉਸ ਨੂੰ ਮਾਰਿਆ ਹੈ। ਕੱਚੇ ਘਰ ਅੰਦਰ ਬਾਲਣ ਨੂੰ ਫੂਕਾਂ ਮਾਰ ਕੇ ਚੁੱਲ੍ਹੇ `ਤੇ ਰੋਟੀਆਂ ਲਾਹ ਰਹੀ ਬਜ਼ੁਰਗ ਔਰਤ ਇਸ ਘਰ ਦੀ ਆਰਥਿਕ ਦਸ਼ਾ ਦਾ ਖ਼ੁਦ ਵਿਖਿਆਨ ਕਰ ਰਹੀ ਸੀ।
ਪੁੱਤ ਦੇ ਦੁੱਖ 'ਚ ਝੁਰੜਾਏ ਚਿਹਰੇ ਨਾਲ ਪ੍ਰੀਤਮ ਸਿੰਘ ਦੱਸਦਾ ਹੈ ਕਿ ਉਸ ਦੇ 22 ਸਾਲਾ ਪੁੱਤਰ ਪਰਗਟ ਸਿੰਘ ਨੂੰ ਸਤੰਬਰ 88 ਵਿਚ ਗੱਗੋਬੂਆ ਪਿੰਡ ਦੇ ਨਾਕੇ 'ਤੇ ਇੱਕ ਹੋਰ ਮੁੰਡੇ ਨਾਲ ਪੁਲਸ ਨੇ ਟਰੈਕਟਰ ਤੋਂ ਲਾਹਿਆ ਸੀ। ਨਾਰਲੀ ਪਿੰਡ ਤੋਂ ਕਰਮ ਸਿੰਘ ਦਾ ਮੁੰਡਾ ਜੋ ਉਸ ਦੇ ਨਾਲ ਫੜਿਆ ਸੀ 'ਤਾਂ ਛੱਡ ਦਿੱਤਾ, ਪਰ ਪਰਗਟ ਸਿੰਘ ਕਦੇ ਵੀ ਮੂੜ ਘਰ ਨਹੀਂ ਆਇਆ। ਉਹ ਅਜੇ ਵੀ ਬੁਝੀ ਜਿਹੀ ਆਸ ਨਾਲ ਆਪਣੇ ਪੁੱਤਰ ਦੀ ਭਾਲ ਵਿਚ ਹੈ।
ਸੁਰ ਸਿੰਘ ਦੇ ਖਾੜਕੂ ਲਹਿਰ `ਚ ਮਾਰੇ ਗਏ ਮੁੰਡਿਆਂ ਵਿੱਚ ਸਿਰਫ 4-5 ਹੀ 30 ਸਾਲ ਤੋਂ ਉੱਪਰ ਦੀ ਉਮਰ ਦੇ ਸਨ। ਬਾਕੀ ਸਾਰੇ ਹੀ 20-25 ਵਰਹਿਆਂ ਦੇ ਚੜ੍ਹਦੀ ਉਮਰ ਵਿੱਚ ਸਨ। ਲੱਗਪੱਗ ਸਾਰੇ ਹੀ ਘੱਟੋ ਘੱਟ 10ਵੀਂ ਜਮਾਤ ਜ਼ਰੂਰ ਪੜ੍ਹੇ ਹੋਏ ਸਨ। ਹਰਜਿੰਦਰ ਸਿੰਘ, ਹਰਭਜਨ ਸਿੰਘ ਚੱਠੂ, ਜਸਵੰਤ ਸਿੰਘ, ਸੁਰਮੁਖ ਸਿੰਘ, ਵਿਰਸਾ ਸਿੰਘ, ਸੁਰਿੰਦਰ ਸਿੰਘ ਛਿੰਦੂ, ਮੇਜਰ ਸਿੰਘ, ਸੁਖਦੇਵ ਸਿੰਘ ਛੋਟਾ ਝਾਮਕਾ, ਸੁਰਜੀਤ ਸਿੰਘ ਫਰੰਦੀਪੁਰ, ਸੁਰਿੰਦਰ ਸਿੰਘ ਛਿੰਦੂ, ਮੇਵਾ ਸਿੰਘ ਤਤੱਲਾ, ਪਰਗਟ ਸਿੰਘ, ਸਰਵਣ ਸਿੰਘ, ਬੁਟਾ ਸਿੰਘ, ਸੁਬੇਗ ਸਿੰਘ, ਪਰਮਜੀਤ ਸਿੰਘ ਪੰਮਾ, ਪਰਗਟ ਸਿੰਘ ਸਮੁੰਦਰੀ, ਬਲਵਿੰਦਰ ਸਿੰਘ ਗੱਬਰ, ਇੰਦਰਜੀਤ ਸਿੰਘ ਭੋਲਾ (ਸਿਰਫ 13 ਸਾਲ ਉਮਰ), ਲਖਵਿੰਦਰ ਸਿੰਘ ਉਰਫ ਬੋਤਾ ਸਿੰਘ, ਗੁਰਬਿੰਦਰ ਸਿੰਘ, ਪਰਗਟ ਸਿੰਘ ਪੱਗਾ, ਅਮਰਜੀਤ ਸਿੰਘ, ਜੋਗਾ ਸਿੰਘ, ਬਲਵੀਰ ਸਿੰਘ ਬਿੱਲੂ, ਪਰਗਟ ਸਿੰਘ ਪੱਗੀ ਪੁੱਤਰ ਚਰਨ ਸਿੰਘ, ਗੁਰਮੀਤ ਸਿੰਘ ਮੀਤਾ, ਅਨੂਪ ਸਿੰਘ ਰਾਏ ਜੰਗੀਆਂ, ਬਬਲਾ ਪੁੱਤਰ ਸਰਬਜੀਤ ਸਿੰਘ, ਦਰਸ਼ਨ ਸਿੰਘ, ਕੁੰਦਨ ਸਿੰਘ ਅਤੇ ਜੀਤ ਸਿੰਘ ਪੱਟੀ ਵਾਲੇ ਦੇ ਨਾਵਾਂ ਦੀ ਸੂਚੀ ਅਸੀਂ ਲੋਕਾਂ ਕੋਲੋਂ ਪੁੱਛ-ਪੁਛਾ ਕੇ ਬਣਾ ਸਕੇ। ਖਾੜਕੂ ਲਹਿਰ 'ਚ ਚਰਚਿਤ ਰਿਹਾ ਅਵਤਾਰ ਸਿੰਘ ਬ੍ਰਹਮਾ ਭਾਵੇਂ ਬ੍ਰਹਮਪੁਰਾ ਪਿੰਡ ਦਾ ਸੀ, ਪਰ ਮਾਪਿਆਂ ਨੇ ਬਹੁਤ ਛੋਟੀ ਉਮਰ ਵਿੱਚ ਹੀ ਉਸਨੂੰ ਸੁਰ ਸਿੰਘ ਦੇ ਇਤਿਹਾਸਕ ਗੁਰਦੁਆਰਾ ਬਾਬਾ ਬਿਧੀ ਚੰਦ ਵਿਖੇ ਚੜ੍ਹਾ ਦਿੱਤਾ। ਇਥੇ ਹੀ ਉਹ ਬਾਲਪਨ ਤੋਂ ਜੁਆਨੀ 'ਚ ਅੱਪੜਿਆ ਅਤੇ ਖਾੜਕੂ ਲਹਿਰ ਵਿੱਚ ਸ਼ਾਮਲ ਹੋਇਆ।