ਫਤਹਿਜੀਤ ਪ੍ਰਕਾਸ਼ਨ ਵੱਲੋਂ ੧੯੮੦ਵਿਆਂ ਵਿੱਚ ਛਪੀ ਕਿਤਾਬ "ਧਰਮ ਰੱਖਿਅਕ: ਸੰਤ ਭਿੰਡਰਾਵਾਲੇ" ਵਿੱਚੋਂ ਇੱਕ ਝਲਕ -ਸੰਪਾਦਕ
‘ਅੱਤਵਾਦ ਤੇ ਅੱਤਵਾਦੀ' ਸ਼ਬਦ ਅੱਜ ਹਰੇਕ ਵਿਅਕਤੀ ਦੀ ਜ਼ੁਬਾਨ 'ਤੇ ਹਨ। ਭਾਵੇਂ ਇਹ ਸ਼ਬਦ ਬਹੁਤ ਸਮੇਂ ਤੋਂ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਨਾਮ ਨਾਲ ਜੁੜਦਾ ਰਿਹਾ ਹੈ ਪਰ 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਪਿਛੋਂ ਵਿਸ਼ੇਸ਼ ਤੇ ਸਾਧਾਰਨ ਸਿੱਖਾਂ ਨਾਲ ਇਹ ਸ਼ਬਦ ਜੋੜ ਕੇ ਸਿੱਖ ਕੌਮ ਦੀ ਲੋਕਾਂ ਸਾਹਮਣੇ ਤਸਵੀਰ ਵਿਗਾੜਨ ਦਾ ਯਤਨ ਹਿੰਦੁਸਤਾਨ ਦੀ ਸਰਕਾਰ ਨੇ ਕੀਤਾ ਹੈ। ਪਹਿਲਾਂ ਸਿੱਖਾਂ ਵਿਚ ਫੁੱਟ ਪਾਉਣ ਵਾਲਾ ਗਰਮਦਲੀਏ ਤੇ ਨਰਮਦਲੀਏ ਦੋ ਗਰੁੱਪਾਂ ਦਾ ਪਰਚਾਰ ਕੀਤਾ ਜਾਂਦਾ ਸੀ ਤੇ ਹੁਣ ਮਾਡਰੇਟ ਤੇ ਅੱਤਵਾਦੀ, ਦੋ ਧੜਿਆਂ ਵਿਚ ਸਿੱਖਾਂ ਨੂੰ ਸਰਕਾਰੀ 'ਤੇ ਅਖ਼ਬਾਰੀ ਬੋਲੀ ਨੇ ਵੰਡਿਆ ਹੋਇਆ ਹੈ।
‘ਅੱਤਵਾਦੀ’ ਸ਼ਬਦ ਦੇ ਅਰਥਾਂ ਵਿਚ ਜਾਈਏ ਤਾਂ ਮੋਟੇ ਤੌਰ 'ਤੇ ਇਸ ਸਿੱਟੇ ਤੇ ਪੁਜਦੇ ਹਾਂ ਕਿ ਅੱਤਵਾਦੀ ਉਹ ਹੈ ਜੋ ਕਿਸੇ ਵੀ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਹਿੰਸਾ ਰਾਹੀਂ ਹੀ ਚਾਹੁੰਦਾ ਹੈ। ‘ਅੱਤਵਾਦੀ’ ਸ਼ਬਦ ਹਿੰਦੁਸਤਾਨ ਦੀ ਸਰਕਾਰ ਨੇ ਕਮਿਊਨਿਸਟ ਜਥੇਬੰਦੀਆਂ ਤੋਂ ਉਧਾਰਾ ਲੈ ਕੇ ਸਿੱਖਾਂ ਨਾਲ ਜੋੜਿਆ ਹੈ, ਤਾਂ ਕਿ ਸਿੱਖਾਂ ਦੀ ਰਵਾਇਤੀ ਤਸਵੀਰ ਨੂੰ ਦੁਨੀਆਂ ਦੇ ਲੋਕ ਹਿੰਸਾ ਦੀ ਐਨਕ ਨਾਲ ਦੇਖਣ। ਸਿੱਖ ਬਿਰਤੀ ਇਸ ਤਰ੍ਹਾਂ ਦੀ ਹਿੰਸਾਤਮਕ ਰੁਚੀ ਵਾਲੀ ਨਹੀਂ, ਜਿਵੇਂ ਸਰਕਾਰ ਤੇ ਉਸਦੀ ਅਫਸਰਸ਼ਾਹੀ ਇਸਨੂੰ ਅੱਤਵਾਦ ਦੇ ਨਾਮ ਹੇਠ ਪੇਸ਼ ਕਰ ਰਹੀ ਹੈ। ਸਿੱਖ ਕੇਵਲ ਹਿੰਸਾਤਮਕ ਸ਼ਕਤੀ ਦਾ ਪੁਜਾਰੀ ਨਹੀਂ ਸਗੋਂ ਮੀਰੀ ਪੀਰੀ ਦੇ ਸੰਕਲਪ ਤੇ ਭਗਤੀ ਸ਼ਕਤੀ ਦੀ ਸ਼ਮ੍ਹਾਂ ਦਾ ਮਤਵਾਲਾ ਹੈ। ਨਿਰੋਲ ਹਿੰਸਾ ਵਿਚ ਵਿਸ਼ਵਾਸ ਰੱਖਣ ਵਾਲੇ ਦਾ ਸੁਆਰਥ ਨਿੱਜੀ ਹੋ ਸਕਦਾ ਹੈ ਪਰ ਭਗਤੀ ਸ਼ਕਤੀ ਦੇ ਪੁਜਾਰੀ ਸਿੱਖ ਕਦੇ ਨਿੱਜੀ ਸੁਆਰਥਾਂ ਲਈ ਆਪਣਾ ਸਭ ਕੁਝ ਦਾਅ ਤੇ ਨਹੀਂ ਲਾਉਂਦਾ। ਸਿੱਖ ਜ਼ੁਲਮ ਕਰ ਹੀ ਨਹੀਂ ਸਕਦਾ। ਉਹ ਤਾਂ ਮਜ਼ਲੂਮਾਂ ਲਈ ਇਕ ਢਾਲ ਹੈ ਤੇ ਜ਼ੁਲਮ ਜਬਰ ਦੇ ਖਿਲਾਫ ਉਹ ਢਾਲ ਬਣਨ ਲਈ ਹਿਸੰਕ ਪਰਵਿਰਤੀ ਤੋਂ ਨਹੀਂ ਸਗੋਂ ਪੰਥਕ ਜੁਝਾਰੂ ਸੋਚ ਤੋਂ ਪਰੇਰਨਾ ਲੈ ਕੇ ਵੱਡੇ ਤੋਂ ਵੱਡਾ ਖ਼ਤਰਾ ਵੀ ਮੁੱਲ ਲੈ ਲੈਂਦਾ ਹੈ।
ਅੱਤਵਾਦੀ ਕੌਣ ਹਨ? ਕਿਥੋਂ ਆਉਂਦੇ ਹਨ? ਕਿਥੇ ਚਲੇ ਜਾਂਦੇ ਹਨ? ਤੇ ਉਹ ਕਿਉਂ ਅਜਿਹਾ ਕਰਦੇ ਹਨ ਸਰਕਾਰ ਤੇ ਅਫਸਰਸ਼ਾਹੀ ਕੋਲ ਇਸ ਦਾ ਕੋਈ ਜੁਆਬ ਨਹੀਂ ਹੈ। ਪੰਜਾਬ ਵਿਚ ਜਾਂ ਇਸ ਤੋਂ ਬਾਹਰ ਕੋਈ ਵੀ ਘਟਨਾ ਵਾਪਰ ਜਾਵੇ ਤਾਂ ਉਹ ਬਿਨਾਂ ਸੋਚੇ ਸਮਝੇ ਹੀ ਅੱਤਵਾਦੀਆਂ ਦੇ ਖੁਲੇ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਤੇ ਫਿਰ ਬੈਰੀਅਰ ਦੇ ਸਿਰ ਜੀ.ਟੀ. ਰੋਡਾਂ ਉਪਰ ਝੁਕਾ ਦਿਤੇ ਜਾਂਦੇ ਹਨ। ਪੁਲਿਸ ਦੀਆਂ ਸ਼ਿਕਾਰੀ ਨਿਗਾਹਾਂ ਕਿਸੇ ਵੀ ਪਾਸੇ ਤੁਰੇ ਜਾਂਦੇ ਮੋਟਰ ਸਾਈਕਲ ਤੇ ਬੈਠੇ ਦਾਹੜੀ ਕੇਸਾਂ ਵਾਲੇ ਸਿੰਘਾਂ ਤੇ ਸ਼ੱਕ ਕਰਦੀਆਂ ਹਨ। ਕੁਚਲ ਦਿਆਂਗੇ, ਮਾਰ ਦਿਆਂਗੇ, ਮੁਆਫ ਨਹੀਂ ਕਰਾਂਗੇ, ਤਕੜੇ ਹੱਥੀਂ ਨਜਿੱਠਾਂਗੇ ਆਦਿ ਮੋਟੀਆਂ ਸੁਰਖੀਆਂ ਨਾਲ ਭਰੇ ਅਖ਼ਬਾਰ ਆਕੜ ਆਕੜ ਕੇ ਵਿਕਦੇ ਤੇ ਖ਼ਰੀਦੇ ਜਾਂਦੇ ਹਨ। ਕੁਝ ਘੰਟਿਆਂ ਪਿਛੋਂ ਕਿਸੇ ਅਜਿਹੇ ਅੰਮ੍ਰਿਤਧਾਰੀ ਨੌਜੁਆਨ ਦਾ ਨਿਵੇਕਲੀ ਥਾਂ ਤੇ ਝੂਠਾ ਪੁਲਿਸ ਮੁਕਾਬਲਾ ਵਿਖਾਇਆ ਜਾਂਦਾ ਹੈ। ਫਿਰ ਭਾਰਤ ਭਰ ਦਾ ਪ੍ਰੈਸ ਅੱਤਵਾਦ ਤੋਂ ਵੱਖਵਾਦ ਦੇ ਐਡੀਟੋਰੀਅਲ ਲਿਖਦਾ ਨਹੀਂ ਥੱਕਦਾ। ਜ਼ਾਲਮ ਸਰਕਾਰ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਡਰਾਮੇ ਵਿਖਾ ਕੇ ਭੁਲੇਖਿਆਂ ਵਿਚ ਹੀ ਪਾਈ ਰੱਖਣਾ ਚਾਹੁੰਦੀ ਹੈ ਜਿਸ ਕਰਕੇ ਅਜਿਹੀਆਂ ਘਟਨਾਵਾਂ ਘੜਦੀ ਹੈ ਜਿਸ ਨਾਲ ਇਹ ਸਿੱਧ ਹੋਵੇ ਕਿ ਕਸੂਰਵਾਰ ਸਿਰਫ ਸਿੱਖ ਹੀ ਹਨ ਸਰਕਾਰ ਤਾਂ ਬਿਲਕੁਲ ਨਿਰਦੋਸ਼ ਹੈ ਤੋਂ ਅਜਿਹਾ ਕੰਟਰੋਲ ਕਰਨਾ ਉਸ ਦਾ ਧਰਮ ਹੈ।
ਸਿੱਖ ਅੱਤ ਅਤੇ ਜ਼ੁਲਮ ਦਾ ਵੈਰੀ ਹੈ। ਜਦੋਂ ਕੋਈ ਜਾਬਰ ਹਕੂਮਤ ਜ਼ੁਲਮ ਕਰਨੋਂ ਨਾ ਰੁਕੇ ਤਾਂ ਸਿੱਖ ਆਪਣਾ ਸਭ ਕੁਝ ਵਾਰ ਕੇ ਵੀ ਰਵਾਇਤੀ ਢੰਗਾਂ ਨਾਲ ਉਸ ਜ਼ੁਲਮ ਨੂੰ ਰੋਕਣ ਲਈ ਮੈਦਾਨ ਵਿਚ ਨਿੱਤਰਦਾ ਹੈ ਅਤੇ ਵੱਡੇ ਵੱਡੇ ਹਾਕਮਾਂ ਦੀ ਪ੍ਰਵਾਹ ਨਹੀਂ ਕਰਦਾ।
ਜਿੱਥੋਂ ਤਕ ਸਿੱਖਾਂ ਦੇ ਅੱਤਵਾਦੀ ਹੋਣ ਦਾ ਸੁਆਲ ਹੈ, ਉਹ ਸਿੱਖ ਪ੍ਰੰਪਰਾ ਵਿਚੋਂ ਇਸ ਕਿਸਮ ਦਾ ਨਹੀਂ ਜਿਸ ਕਿਸਮ ਦਾ ਅੱਜ ਦੀ ਸਰਕਾਰ ਅਤੇ ਉਸ ਦੀ ਅਫਸਰਸ਼ਾਹੀ ਪ੍ਰਚਾਰ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਜਾਤ ਨਾਲ ਨਹੀਂ ਸਗੋਂ ਉਸ ਦੇ ਜ਼ੁਲਮਾਂ ਕਰਕੇ ਉਸ ਨੂੰ ਜਾਬਰ ਕਿਹਾ ਸੀ। ਮਸੂਮ ਲੁਕਾਈ ਉਪਰ ਬਾਬਰ ਦੀ ਵਹਿਸ਼ੀ ਫੌਜ ਵਲੋਂ ਕੀਤੇ ਜ਼ੁਲਮਾਂ ਨੂੰ ਜ਼ੁਲਮ ਕਰਨ ਵਾਲੇ ਉਸ ਦੇ ਸਾਥੀਆਂ ਨੂੰ ਪਾਪ ਦੀ ਜੰਝ ਅਤੇ ਬਾਬਰ ਨੂੰ ਇਸ ਪਾਪ ਦੀ ਜੰਝ ਦਾ ਲਾੜਾ ਕਿਹਾ ਸੀ। ਦਸ ਗੁਰੂ ਸਾਹਿਬਾਨਾਂ ਨੇ ਆਪਣੇ ਸਰਗੁਣ ਜੀਵਨ ਕਾਲ ਦੇ ਸਮੇਂ ਵਿਚ ਨਿਮਾਣਿਆਂ, ਨਿਤਾਣਿਆਂ, ਲਿਤਾੜਿਆਂ ਦੀ ਰੱਖਿਆ ਲਈ ਕੰਮ ਕੀਤੇ, ਕਿਸੇ ਨਾਲ ਕੋਈ ਪੁਰਾਣਾ ਵੈਰ ਨਹੀਂ ਕੱਢਿਆ ਪਰ ਹੱਕ ਜ਼ਰੂਰ ਲਿਆ ਹੈ। ਚੰਦੂ ਦੇ ਨੱਕ ਵਿਚ ਨਕੇਲ ਪਾਉਣੀ, ਜਾਤੀ ਵੈਰ ਦੀ ਮਿਸਾਲ ਨਹੀਂ, ਸਗੋਂ ਉਸਦੇ ਕੀਤੇ ਕਰਮਾਂ ਦਾ ਫਲ ਭੁਗਤਾਉਣਾ ਸੀ। ਜੇ ਸਤਿਗੁਰੂ ਜੀ ਦੀ ਕਿਸੇ ਵਿਅਕਤੀ ਨਾਲ ਵਿਸ਼ੇਸ਼ ਤੌਰ ਤੇ ਦੁਸ਼ਮਣੀ ਹੁੰਦੀ ਤਾਂ ਛੇਵੇਂ ਪਾਤਸ਼ਾਹ ਮਹਾਰਾਜ ਅਕ੍ਰਿਤਘਣ ਪੈਂਦੇ ਖਾਨ ਤੇ ਮੈਦਾਨਿ ਜੰਗ ਵਿਚ ਕਦੇ ਢਾਲੇ ਦੀ ਹੱਥੀਂ ਛਾਂ ਨਾ ਕਰਦੇ।
ਅੱਜ ਦੇ ਸਮੇਂ, ਜਿਥੋਂ ਇਹ ਸਵਾਲ ਹੈ ਕਿ ਸਿੱਖ ਅੱਤਵਾਦੀ ਹੈ ਕਿ ਨਹੀਂ ਉਥੇ ਇਹ ਸਪਸ਼ਟ ਕਰਨ ਦੀ ਲੋੜ ਹੈ ਕਿ ਸਿੱਖ ਦਾ ਨਿਸ਼ਾਨਾ ਕੀ ਹੈ? ਅਤੇ ਨਿਸ਼ਾਨਾ ਨਿਜੀ ਹੈ ਤਾਂ ਉਹ ਸਿੱਖ ਸੁਆਰਥੀ ਹੈ ਤੇ ਉਹ ਕੋਈ ਵੀ ਵੱਡੇ ਤੋਂ ਵੱਡਾ ਉੱਦਮ ਕਰੋ ਉਸ ਵਿਚੋਂ ਸੁਆਰਥ ਦੀ ਝਲਕ ਪ੍ਰਤੱਖ ਦਿਸੇਗੀ। ਪਰ ਜੇ ਕਿਸੇ ਉੱਚੇ ਕੌਮੀ-ਧਰਮੀ ਮੰਤਵ ਨੂੰ ਲੈ ਕੇ ਆਪਣਾ ਜੀਵਨ ਦਾਅ ਤੇ ਲਾਉਣਾ ਹੈ ਤਾਂ ਉਸ ਨੂੰ ਅੱਤਵਾਦੀ ਨਹੀਂ ਬਲਕਿ ਧਰਮੀ ਅਤੇ ਫਰਜ਼-ਸ਼ਨਾਂਸ ਪੁਰਸ਼ ਕਹਿਣਾ ਚਾਹੀਦਾ ਹੈ। 18ਵੀਂ ਸਦੀ ਦੇ ਸਿੱਖਾਂ ਦੀ ਗੁਰੀਲਾ (ਛਾਪਾ ਮਾਰ) ਕਿਸਮ ਦੀ ਲੜਾਈ ਭਾਵੇਂ ਸਮਕਾਲੀ ਸਰਕਾਰ ਦੀਆਂ ਨਜ਼ਰਾਂ ਵਿਚ ਬਾਗੀਆਨਾ ਰੁਚੀਆਂ ਦਾ ਅੱਤਵਾਦੀ ਪ੍ਰਗਟਾਵਾ ਸੀ ਪਰ, ਮੁਗਲੀਆ ਹਕੂਮਤ ਨੂੰ ਜੁਲਮ ਕਰਨੋਂ ਹਟਾਉਣ ਲਈ ਇਹੋ ਢੰਗ ਹੀ ਕਾਰਗਰ ਸੀ। ਅਸਲ ਵਿਚ ਉਹ ਕੰਮ ਤੇ ਧਰਮ ਦੀ ਸਹੀ ਸੇਵਾ ਸੀ ਤੇ ਇਸੇ ਕਰਕੇ ਅੱਜ ਅਸੀਂ ਉਨ੍ਹਾਂ ਜੁਝਾਰੂ ਸਿੰਘਾਂ ਨੂੰ ਬੜੇ ਸਤਿਕਾਰ ਭਰੇ ਸ਼ਬਦਾਂ ਨਾਲ ਯਾਦ ਕਰਦੇ ਹਾਂ ਅਤੇ ਉਨ੍ਹਾਂ ਦੇ ਕੀਤੇ ਕਾਰਨਾਮਿਆਂ ਦਾ ਸੁਨਹਿਰੀ ਅੱਖਰਾਂ ਵਿਚ ਜ਼ਿਕਰ ਕਰਨਾ ਫਖਰ ਦੀ ਗੱਲ ਸਮਝਦੇ ਹਾਂ।
ਅਠਾਰਵੀਂ ਸਦੀ ਦੇ ਸਿੰਘਾਂ ਵਲੋਂ ਸਰਹੰਦ ਦੇ ਸੂਬੇਦਾਰ ਵਜੀਦੇ ਨੂੰ ਹਾਥੀ ਮਗਰ ਧੂਹ ਕੇ ਮਾਰਨਾ, ਲੱਖੂ ਨੂੰ ਉਨ੍ਹਾਂ ਦੇ ਕੀਤੇ ਧੋਖੇ ਵਾਲੇ ਕਰਮਾਂ ਦਾ ਫਲ ਭੁਗਤਾਉਂਣਾਂ, ਸੁੱਚਾ ਨੰਦ ਦੀਆਂ ਝੂਠੀਆਂ ਤੁਹਮਤਾਂ ਕਾਰਨ ਉਸ ਨੂੰ ਸਜ਼ਾ ਦੇਣੀ ਆਦਿਕ ਮਿਸਾਲਾਂ, ਸਿੰਘਾਂ ਦੀ ਹੱਕ ਤੇ ਸੱਚ ਦੀ ਲੜਾਈ ਦੇ ਪ੍ਰਤੀਕ ਹਨ। ਅਣਖ ਵਾਲੀਆਂ ਕੌਮਾਂ ਕਦੀ ਕਿਸੇ ਦੀ ਦੁਬੇਲ ਬਣਕੇ ਨਹੀਂ ਜਿਉਂਦੀਆਂ। ਜਿੰਨਾ ਚਿਰ ਕਿਸੇ ਜ਼ਾਲਮ ਹਾਕਮ ਨੂੰ ਉਸ ਦੇ ਕੀਤੇ ਕਰਮਾਂ ਦਾ ਫਲ ਭੁਗਤਾਉਣ ਦੀ ਲੀਹ ਨਾ ਪਾਈ ਜਾਏ, ਉੱਨਾ ਚਿਰ ਉਹ ਰਾਜ ਮਦ ਦੇ ਨਸ਼ੇ ਵਿਚ ਚੂਰ ਹੋਣ ਕਰਕੇ ਕਦੇ ਵੀ ਜ਼ੁਲਮਾਂ ਤੋਂ ਬਾਜ ਨਹੀਂ ਆ ਸਕਦਾ। ਇਸ ਲਈ ਜੋ ਵੀ ਕੁਰਬਾਨੀਆਂ ਸਿੱਖ ਗੁਰੂ ਸਾਹਿਬਾਨਾਂ ਨੇ ਕੀਤੀਆਂ ਤੇ ਜੋ ਤੇਗਾਂ ਸਿੰਘਾਂ ਨੇ ਮਾਰੀਆਂ ਉਸੇ ਸਦਕਾ ਅੱਜ ਹਿੰਦੁਸਤਾਨ ਦੀ ਬਹੁ-ਗਿਣਤੀ ਰਾਜ-ਭਾਗ ਦੀ ਮਾਲਕ ਬਣੀ ਬੈਠੀ ਹੈ। ਉਸ ਵੇਲੇ ਹਿੰਦੁਸਤਾਨ ਦੀ ਬਹੁਗਿਣਤੀ ਮਜ਼ਲੂਮ ਸੀ ਤਾਂ ਗੁਰੂ ਸਾਹਿਬਾਨ ਅਤੇ ਸਿੰਘਾਂ ਨੇ ਇਨ੍ਹਾਂ ਦੀ ਰੱਖਿਆ ਲਈ ਆਪਾ ਕੁਰਬਾਨ ਕੀਤਾ। ਪਰ ਅੱਜ ਸਥਿਤੀ ਉਲਟ ਹੈ। 17ਵੀਂ ਸਦੀ ਦੀ ਇਨ੍ਹਾਂ ਮਜ਼ਲੂਮਾਂ ਦੀ ਰੱਖਿਆ ਕਰਨ ਵਾਲੇ ਗੁਰੂ ਸਾਹਿਬਾਨ ਦੀ ਸੰਤਾਨ ਅੱਜ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਤੌਰ 'ਤੇ ਇਨ੍ਹਾਂ ਦੀ ਗੁਲਾਮ ਹੈ। ਅੱਜ ਟਕਰਾਅ ਹਿੰਦੂ ਸਿੱਖ ਦਾ ਨਹੀਂ ਸਗੋਂ ਜ਼ਾਲਮ ਅਤੇ ਮਜ਼ਲੂਮ ਦਾ ਹੈ। ਇਸ ਨਿੱਤ ਦੇ ਵਧ ਰਹੇ ਜ਼ੁਲਮਾਂ ਨੂੰ ਰੋਕਣ ਲਈ ਸਿੱਖ ਯਤਨਸ਼ੀਲ ਹੈ। ਸਿੱਖ ਕਦੀ ਕਿਸੇ ਦੁਨਿਆਵੀ ਸ਼ਕਤੀ ਦੇ ਰਹਿਮ ਤੇ ਨਹੀਂ ਜਿਊਂਦਾ, ਕਿਉਂਕਿ ਇਹ ਅਕਾਲ-ਪੁਰਖ ਦੀ ਫੌਜ ਹੈ। ਜਬਰ ਜਾਂ ਸਰਕਾਰ ਦੇ ਰਹਿਮ ਤੋਂ ਜੀਊਣ ਵਾਲੀਆਂ ਕੌਮਾਂ ਜ਼ਿਆਦਾ ਚਿਰ ਨਹੀਂ ਜਿਉਂ ਸਕਦੀਆਂ।
ਅੱਜ ਦੀ ਦਿੱਲੀ ਸਰਕਾਰ ਸਿੱਖਾਂ ਨੂੰ ਆਪਣੇ ਰਹਿਮ ਤੇ ਜੀਉਣ ਲਈ ਮਜਬੂਰ ਕਰ ਰਹੀ ਹੈ। ਸੰਸਾਰ ਦੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਦਿੱਲੀ ਸਰਕਾਰ ਨੇ ਆਪਣੇ ਤਾਬੇਦਾਰ ਸਿੰਘ ਨਾਮ ਅਤੇ ਸ਼ਕਲ ਵਾਲੇ ਕੁਝ ਸਿੱਖ ਜਮੂਰਿਆਂ ਨੂੰ ਕੁਝ ਸਰਕਾਰੀ ਪਦਵੀਆਂ ਤੇ ਬਿਠਾਇਆ ਹੋਇਆ ਹੈ, ਜਿਹੜੇ ਕੇਵਲ ਸਰਕਾਰ ਦੇ ਜ਼ੁਲਮਾਂ ਦੇ ਨਾਟਕ ਤੋਂ ਪਰਦਾ ਖਿੱਚਣ ਵਾਲੇ ਹਨ। ਰਾਸ਼ਟਰਪਤੀ ਦੇ ਉੱਚੇ ਅਹੁਦੇ ਤੇ ਹੋ ਕੇ ਵੀ ਗਿਆਨੀ ਜ਼ੈਲ ਸਿੰਘ ਸਰਕਾਰੀ ਬੋਲੀ ਵਿਚ ਸਿੱਖਾਂ ਨੂੰ ਵੀ ਹਿੰਦੂਆਂ ਦਾ ਹੀ ਇਕ ਅੰਗ ਦੱਸਦਾ ਹੈ। ਸਰਕਾਰੀ ਤਾਬੇਦਾਰੀ ਕਰਦਿਆਂ ਉਮਰ ਬਤੀਤ ਹੋਣ ਕਾਰਨ ਸਭ ਤੋਂ ਉੱਚੇ ਅਹੁਦੇ ਤੇ ਬੈਠ ਕੇ ਵੀ ਉਸ ਦੀ ਜਹਿਨੀਅਤ ਵਿਚੋਂ ਸਰਕਾਰੀ ਤਾਬੇਦਾਰੀ ਤੇ ਗੁਲਾਮੀ ਦਾ ਪ੍ਰਭਾਵ ਨਹੀਂ ਗਿਆ। ਉੱਚ ਅਹੁਦੇ ਤੇ ਹੋ ਕੇ ਵੀ ਉਹ ਬਿਆਨ ਦੇ ਰਿਹਾ ਹੈ ਜਿਸ ਨਾਲ ਬਹੁਗਿਣਤੀ ਪ੍ਰਸੰਨ ਹੋਵੇ। ਭਲਾ ਕੋਈ ਪੁੱਛੇ ਕਿ ਗੁਰੂ ਸਾਹਿਬਾਨ ਵਲੋਂ ਸਾਜੀ ਖਾਲਸਾ ਕੌਮ ਬਾਰੇ ਤੇਰੇ ਸਰਟੀਫੀਕੇਟ ਦੀ ਕੀ ਲੋੜ ਹੈ?
15 ਅਗਸਤ 1947 ਦਾ ਦਿਨ ਹਿੰਦੁਸਤਾਨ ਦੀ ਬਹੁਗਿਣਤੀ ਦੀ ਅਜ਼ਾਦੀ ਅਤੇ ਸਿਖਾਂ ਦੀ ਗੁਲਾਮੀ ਦਾ ਦਿਨ ਸੀ। ਸਿੱਖ ਭੁਲੇਖੇ ਦਾ ਸ਼ਿਕਾਰ ਹੋਇਆ। ਪਾਕਿਸਤਾਨ ਦੇ ਬਾਨੀ, ਮਿਸਟਰ ਜਿਨਾਹ ਦੇ ਸਿੱਖਾਂ ਨੂੰ ਕਹੇ ਹੋਏ ਇਹ ਸ਼ਬਦ ਕਿ “ਤੁਸਾਂ ਹਿੰਦੂ ਨੂੰ ਗੁਲਾਮ ਦੇ ਰੂਪ ਵਿਚ ਵੇਖਿਆ ਹੈ, ਜਦੋਂ ਹਾਕਮ ਦੇ ਰੂਪ ਵਿਚ ਦੇਖੋਗੇ ਤਾਂ ਪਛਤਾਉਗੇ”। ਅਗਰ ਚੇਤੇ ਰਖਦੇ ਤਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਕਿਸਮਤ ਦਾ ਪਟਾ ਬਹੁਗਿਣਤੀ ਨੂੰ ਨਾ ਲਿਖ ਕੇ ਦਿੰਦੇ। ਸਿੱਖਾਂ ਨਾਲ ਵਿਸ਼ਵਾਸ਼ਘਾਤ ਹੋਇਆ। ਰਾਜ ਭਾਗ ਤਾਂ ਕੀ ਉਸ ਦਾ ਧਰਮ ਵੀ ਸੁਰੱਖਿਅਤ ਨਹੀਂ। ਅਸੀਂ ਗੁਰੂ ਸਾਹਿਬਾਨ ਦੇ ਉਹ ਸ਼ਬਦ ਵੀ ਭੁਲ ਗਏ ਕਿ “ਰਾਜ ਬਿਨਾਂ ਨਾ ਧਰਮ ਚਲੇ ਹੈ। ਧਰਮ ਬਿਨਾਂ ਸਭ ਦਲੇ ਮ ਹੈਂ”। ਜਿਸ ਕਰਕੇ ਕੇਂਦਰੀ ਸਰਕਾਰ ਅੱਜ ਰਾਜ ਦੇ ਬਲਬੋਤੇ ਤੇ ਗੋਲੀਆਂ ਨਾਲ ਸਾਡੀ ਹੋਂਦ ਨੂੰ ਖਤਮ ਕਰ ਰਹੀ ਹੈ। ਸਿੱਖੀ ਨੂੰ ਚੈਲਿੰਜ ਕਰਨ ਲਈ ਕਦੇ ਦਿੱਲੀ ਤੋਂ ਨਿਰੰਕਾਰੀਆਂ ਨੂੰ ਰਾਜਸੀ ਅਸ਼ੀਰਵਾਦ ਦੇ ਕੇ ਪੰਜਾਬ ਤੋਰਿਆ ਜਾਂਦਾ ਹੈ, ਅਤੇ ਕਦੇ ਰਾਧਾ ਸੁਆਮੀਆਂ ਨੂੰ ਸਰਕਾਰੀ ਸਹੂਲਤਾਂ ਦੇ ਕੇ ਵੱਡੇ ਵੱਡੇ ਹਸਪਤਾਲ ਬਣਵਾ ਕੇ ਭੁੱਲੇ ਭਟਕੇ ਸਾਧਾਰਨ ਲੋਕਾਂ ਨੂੰ ਦੇਹਧਾਰੀ ਪਖੰਡਵਾਦ ਦੇ ਟੀਕੇ ਲਾਉਣ ਲਈ ਉਤਸਾਹਤ ਕੀਤਾ ਜਾਂਦਾ ਹੈ। ਰੇਡੀਉ, ਟੈਲੀਵੀਜ਼ਨ, ਅਖਬਾਰਾਂ, ਫਿਲਮਾਂ, ਸਟੇਜਾਂ ਤੇ ਵਿਦਿਆ, ਸਾਰਿਆਂ ਨੂੰ ਸਰਕਾਰੀ ਕੁੰਡੇ ਥਲੇ ਸਿੱਖੀ ਦੇ ਖਿਲਾਫ ਖੁੱਲ੍ਹ ਖੇਡਣ ਦਾ ਹੁਕਮ ਮਿਲਿਆ ਹੋਇਆ ਹੈ। ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਪਰ ਗੁਰੂ ਸਹਿਬਾਨ ਤੇ ਪਵਿੱਤਰ ਬਾਣੀ ਦੀ, ਗੁਰਧਾਮਾਂ ਤੇ ਸਿੱਖੀ ਰਵਾਇਤਾਂ ਦੀ ਨਿੰਦਾ ਨਹੀਂ ਸਹਿ ਸਕਦਾ। ਸਿੱਖ ਆਪਣੇ ਵਿਰਸੇ ਦੇ ਸਤਿਕਾਰ ਬਦਲੇ ਆਪਣਾ ਘਰ ਘਾਟ ਛੱਡ ਕੇ ਜੰਗਲਾਂ ਵਿਚ ਜਾ ਸਕਦਾ ਹੈ, ਪਰ ਗੁਰੂ ਦੀ ਨਿੰਦਾ ਕੰਨੀਂ ਨਹੀਂ ਸੁਣ ਸਕਦਾ। ਸਰਕਾਰ ਦੀ ਮਨਸ਼ਾ ਹੈ ਕਿ ਸਿੱਖ ਸਭ ਕੁਝ ਸੁਣ ਕੇ ਵੀ ‘ਸਭ ਅੱਛਾ’ ਦਾ ਹੁੰਗਾਰਾ ਭਰਦੇ ਰਹਿਣ। ਕੇਂਦਰੀ ਸਰਕਾਰ ਨੂੰ ਇਹ ਵੀ ਗਿਲਾ ਹੈ ਸਿੱਖ ਦਿੱਲੀ ਦਰਬਾਰ ਵਿਚ ਭਿਖਾਰੀ ਬਣਕੇ ਨਹੀਂ ਆਉਂਦਾ। ਇਹੋ ਕਾਰਨ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੇ ਦ੍ਰਿੜ ਇਰਾਦੇ ਦੇ ਆਗੂ ਹੱਕ ਦੀ ਪ੍ਰਾਪਤੀ ਲਈ ਅਵਾਜ਼ ਉਠਾਉਣ, ਤਾਂ ਉਹਨਾਂ ਨੂੰ ਅੱਤਵਾਦੀ ਸਿੱਖ-ਨੇਤਾ ਕਿਹਾ ਜਾਂਦਾ ਹੈ। ਸ੍ਰ: ਤਲਵਿੰਦਰ ਸਿੰਘ, ਸ੍ਰ: ਤਰਸੇਮ ਸਿੰਘ, ਸ: ਅਮਰਜੀਤ ਸਿੰਘ ਖੇਮ ਕਰਨ, ਸ੍ਰ: ਜਸਵੰਤ ਸਿੰਘ, ਸ੍ਰ: ਗਜਿੰਦਰ ਸਿੰਘ, ਸ੍ਰ: ਵਧਾਵਾ ਸਿੰਘ, ਸ: ਗੁਰਨਾਮ ਸਿੰਘ ਭੂਰੇ, ਸ੍ਰ: ਲੱਖਾ ਸਿੰਘ ਨਾਗੋਕੇ, ਸ੍ਰ: ਮੇਜਰ ਸਿੰਘ ਨਾਗੋਕੇ, ਸ੍ਰ: ਰਣਜੀਤ ਸਿੰਘ, ਸ੍ਰ: ਕਾਬਲ ਸਿੰਘ, ਸ੍ਰ: ਦਲਬੀਰ ਸਿੰਘ, ਸ੍ਰ: ਗੁਰਮੁਖ ਸਿੰਘ ਭੂਰੇ, ਸ੍ਰ: ਠਾਕੁਰ ਸਿੰਘ ਆਦਿ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਹਨ ਤੇ ਭਾਈ ਕੁਲਵੰਤ ਸਿੰਘ ਨਾਗੋਕੇ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਗੁਰਮੀਤ ਸਿੰਘ, ਭਾਈ ਮੁਸੀਬਤ ਸਿੰਘ, ਭਾਈ ਕਸ਼ਮੀਰ ਸਿੰਘ, ਭਾਈ ਭੋਲਾ ਸਿੰਘ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ ਆਦਿ ਨੌਜੁਆਨਾਂ ਦੀਆਂ ਜੁਆਨੀਆਂ ਗੋਲੀਆਂ ਦੇ ਲੇਖੇ ਲਗਦੀਆਂ ਹਨ।
ਚਲ ਰਿਹਾ ਮੌਜੂਦਾ ਪੰਥਕ ਸੰਘਰਸ਼ ਅਨੰਦਪੁਰ ਮਤੇ ਦੀ ਬਾਇਜ਼ਤ ਪ੍ਰਾਪਤੀ ਲਈ ਹੈ। ਪੰਥ ਦੀ ਜਵਾਨੀ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਦਿੱਲੀ ਦੇ ਤਾਜਦਾਰ ਭਾਵੇਂ ਅੰਮ੍ਰਿਤਸਰ ਆ ਜਾਣ, ਅਸੀਂ ਦਿੱਲੀ ਦੇ ਗੇੜੇ ਨਹੀਂ ਕੱਢਣੇ, ਤੇ ਇਹ ਵਾਰਤਾਲਾਪ ਵੀ ਸਿਰਫ ਕੌਫੀ ਜਾਂ ਜੂਸ ਦੀਆਂ ਘੁੱਟਾਂ ਰਾਹੀਂ ਹੀ ਅੰਦਰ ਨਹੀਂ ਲੰਘੇਗੀ ਸਗੋਂ ਗਿਣ ਗਿਣ ਕੇ ਹੱਕ ਲਏ ਜਾਣਗੇ, ਨੌਜਵਾਨ ਜੇਲ੍ਹਾਂ ਨਹੀਂ ਰੁਲਣ ਦਿੱਤੇ ਜਾਣਗੇ, ਗੋਲੀਆਂ ਖਾ ਕੇ ਜੁਆਨੀਆਂ ਚੁਪ ਨਹੀਂ ਹੋ ਸਕਣਗੀਆਂ। ਬਸ ਇਹੀ ਕਾਰਨ ਹੈ ਕਿ ਹਰ ਸਿੱਖ ਨੌਜੁਆਨ ਅੱਜ ਸਰਕਾਰ ਦੀ ਨਿਗਾਹ ਵਿਚ ਅੱਤਵਾਦੀ ਹੈ। ਸਿੱਖ ਮਾਸੂਮਾਂ ਦਾ ਕਾਤਿਲ ਨਹੀਂ, ਬੇਗੁਨਾਹਾਂ ਦੀਆਂ ਜਾਨਾਂ ਦਾ ਵੈਰੀ ਨਹੀਂ। ਉਹ ਤਾਂ ਮਾਸੂਮਾਂ ਤੇ ਬੇਗੁਨਾਹਾਂ ਦਾ ਰਖਵਾਲਾ ਬਣ ਕੇ ਆਪਣਾ ਘਰ ਫੂਕ ਤਮਾਸ਼ਾ ਵੇਖਦਾ ਹੈ। ਪਰ ਜਦੋਂ ਬੇਗੁਨਾਹ ਤੇ ਮਾਸੂਮ ਗੁਰੂ ਨਿੰਦਕ ਬਣ ਜਾਵੇ, ਸਿੱਖਾਂ ਦਾ ਖੂਨ ਪੀਵੇ, ਤਾਂ ਉਸ ਦੀ ਮੌਤ ਟਿਕਾਣੇ ਲਿਆਉਣ ਲਈ ਹੱਥ ਪੈਰ ਜ਼ਰੂਰ ਹਿਲਾਉਂਦਾ ਹੈ। ਸਿੱਖ ਪਾਪ ਦਾ ਵਿਰੋਧੀ ਹੈ, ਪਾਪੀ ਨੂੰ ਸਿੱਧਾ ਰਾਹ ਦੱਸਦਾ ਹੈ। ਸਿੱਖ ਕਿਸੇ ਨੂੰ ਮਾਰਦਾ ਨਹੀਂ, ਸਮਝਾਉਂਦਾ ਜਾਂ ਸੋਧਦਾ ਜ਼ਰੂਰ ਹੈ। ਗੁਰੂ ਸਾਹਿਬਾਨ ਅਤੇ ਸਿੱਖਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ। ਗੁਰੂ ਹਰਿਗੋਬਿੰਦ ਜੀ ਨੇ ਦੁਸ਼ਮਣ ਦੇ ਤਿੰਨ ਵਾਰ ਸਹਿ ਕੇ ਜਵਾਬੀ ਵਾਰ ਕੀਤਾ ਸੀ ਤੇ ਉਸ ਨੂੰ ਦੱਸਿਆ ਸੀ ਕਿ ਵਾਰ ਇੰਜ ਨਹੀਂ ਇਉਂ ਕਰੀਦਾ ਹੈ। ਜੇਕਰ ਵੈਰ ਭਾਵਨਾ ਹੁੰਦੀ ਤਾਂ ਦਸਮ ਪਾਤਸ਼ਾਹ ਜੀ ਮਹਾਰਾਜ ਭਾਈ ਘਨਈਆ ਜੀ ਨੂੰ ਕਦੇ ਵੀ ਆਪਣਿਆਂ ਤੇ ਬਿਗਾਨਿਆਂ ਦੀ ਇਕੋ ਜਹੀ ਸੇਵਾ ਪੁਰ ਸ਼ਾਬਾਸ਼ ਨਾ ਦੇਂਦੇ।
ਸਿੱਖ ਕਿਸੇ ਦਾ ਉਧਾਰ ਨਹੀਂ ਰੱਖਦਾ, ਕਰਜ਼ਾ ਵਿਆਜ ਸਮੇਤ ਮੋੜਦਾ ਹੈ। ਸਿੱਖ ਨੂੰ ਨਿਰਵੈਰਤਾ ਤੇ ਨਿਰਭੈਤਾ ਅਕਾਲ ਪੁਰਖ ਤੋਂ ਪ੍ਰਾਪਤ ਹੋਈ ਹੈ। ਸਿੱਖ ਸੱਚੇ ਮਾਰਗ ਨੂੰ ਕਦੇ ਨਹੀਂ ਛੱਡਦਾ। ਅੱਜ ਵੀ ਭਾਵੇਂ ਕਿੰਨਾ ਖੂਨ ਵਹਾਉਣਾ ਪਵੇ, ਵਿਰੋਧੀ ਪ੍ਰੈਸ ਜੋ ਮਰਜ਼ੀ ਕਹੇ, ਸਿੱਖ ਗਭਰੂ ਇਸ ਨੁਕਤੇ ਤੋਂ ਖਲੋਤੇ ਹਨ ਕਿ ਹੁਣ ਅੱਗੋਂ ਕੁੱਟ ਨਹੀਂ ਖਾਣੀ। ਇਸ ਲਈ ਖਾਲਸਾ ਜੀ ਤਿਆਰ ਬਰ ਤਿਆਰ ਹੋਈਏ, ਪੁਰਾਤਨ ਰਵਾਇਤਾਂ ਸੁਰਜੀਤ ਕਰੀਏ, ਮੰਨੂੰ ਦੀ ਦਾਤਰੀ ਜੋ ਹੁਣ ਕੇਂਦਰੀ ਤੇ ਪੰਜਾਬ ਸਰਕਾਰ ਨੇ ਫੜੀ ਹੋਈ ਹੈ—ਉਸ ਦੇ ਦੰਦੇ ਤੋੜੀਏ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਨੂੰ ਕਦੇ ਮੁਆਫ ਨਹੀਂ ਕਰਨਗੀਆਂ।