ਨੀਹਾਂ ਨੂੰ ਚਿਣਦਿਆਂ: ਸਰਗਰਮੀ, ਦਮਨ, ਅਤੇ ਭਵਿੱਖ ਦੀ ਅਧਾਰ
ਖਾਲਿਸਤਨ ਕੇਂਦਰ | @KhalistanCentre
੩੧ ਮਾਰਚ, ੨੦੨੩ ਨੂੰ ਖਾਲਿਸਤਨ ਕੇਂਦਰ ਦੇ ਸੇਵਾਦਾਰਾਂ ਨੇ "ਨੀਹਾਂ ਨੂੰ ਚਿਣਦਿਆਂ: ਸੰਘਰਸ਼ ਦੇ ਅਗਲੇ ਪੜਾਅ ਲਈ ਤਿਆਰੀ" ਨਾਮਕ ਕਿਤਾਬਚਾ ਛਾਪਿਆ ਹੈ ਜੋ ਕਿ ਆਉਣ ਵਾਲੀ ਪੀੜੀ ਲਈ ਸਿੱਖ ਸੰਘਰਸ਼ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਹਾਇਕ ਹੋਵੇਗਾ। ਇਸ ਵਿੱਚਲੇ ਲੇਖ "ਸਿੱਖ ਸੰਘਰਸ਼: ਕਿਵੇਂ ਅਤੇ ਕਿਉਂ", "ਖਾਲਸਾ ਜੀ ਦੇ ਅਦਰਸ਼ ਅਤੇ ਸਿਧਾਂਤ", ਅਤੇ "ਸ਼ਹੀਦਾਂ ਦੀ ਪੈੜ" ਸੰਖੇਪ ਵਿੱਚ ਸਿੱਖ ਸੰਘਰਸ਼ ਦੀ ਮੁੱਢਲੀ ਜਾਣਕਾਰੀ ਦਿੰਦੇ ਹਨ। ਸਿਧਾਂਤਕ ਵਿਸ਼ਲੇਸ਼ਣ ਦੇ ਨਾਲ-ਨਾਲ ਕਿਤਾਬਚਾ ਨੌਜਵਾਨਾਂ ਲਈ ਕਰਨਯੋਗ ਕਾਰਜਾਂ ਬਾਰੇ ਵੀ ਚਾਨਣ ਪਾਉਂਦਾ ਹੈ। ਪੰਥ-ਪੰਜਾਬ ਦੇ ਇਸ ਅੰਕ ਵਿੱਚ ਅਸੀਂ ਇਸ ਕਿਤਾਬਚੇ ਚੋਂ ਕੁੱਝ ਅੰਸ਼ ਛਾਪ ਰਹੇ ਹਾਂ। ਕਿਤਾਬਚੇ ਦਾ ਅੰਗਰੇਜ਼ੀ ਰੂਪ www.khalistan.org/publications 'ਤੇ ਉਪਲਭਦ ਹੈ ਅਤੇ ਛੇਤੀ ਹੀ ਪੰਜਾਬੀ ਵਿੱਚ ਛਾਪਿਆ ਜਾਵੇਗਾ।
ਪਿਛਲੇ ੧੦ ਸਾਲਾਂ ਦੌਰਾਨ ਪੰਥ-ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨੇ ਇਹ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਅਤੇ ਦੁਨੀਆ ਭਰ ਵਿੱਚ ਸਿੱਖ ਸਰਗਰਮੀ ਅਤੇ ਲਾਮਬੰਦੀ ਦੀ ਨਵਉਸਾਰੀ ਚੱਲ ਰਹੀ ਹੈ ਜਿਸਦਾ ਜਥੇਬੰਦਕ ਅਧਾਰ ਅਤੇ ਅਗਵਾਈ ਦੇ ਢਾਂਚੇ ਇਸ ਸਮੇਂ ਦਿਆਂ ਕਠਿਨ ਰਾਜਨੀਤਿਕ ਸੰਘਰਸ਼ਾਂ, ਆਪਸੀ ਸੰਵਾਦ, ਅਤੇ ਰਾਜ ਦੇ ਜਬਰ ਨਾਲ ਟੱਕਰਦਿਆਂ ਵਿਕਸਤ ਹੋ ਰਹੇ ਹਨ। ਇਸ ਦੀ ਸਭ ਤੋਂ ਸਪੱਸ਼ਟ ਮਿਸਾਲ ਕਿਸਾਨੀ ਸੰਘਰਸ਼ ਵਿੱਚੋਂ ਦੇਖੀ ਜਾ ਸਕਦੀ ਹੈ ਜਦੋਂ ਦੁਨੀਆ ਭਰ ਦੇ ਸਿੱਖ ਨੌਜਵਾਨ ਕਿਸੇ ਨਾਂ ਕਿਸੇ ਰੂਪ ਵਿੱਚ ਸਰਗਰਮ ਹੋਏ ਅਤੇ ਸੁਰੱਖਿਆ ਬਲਾਂ ਨਾਲ ਝੜਪਾਂ ਹੋਣ ਦੇ ਬਾਵਜੂਦ ਮੋਰਚੇ ਨੂੰ ਕਾਇਮ ਰੱਖਿਆ ਗਿਆ ਜੋ ਅਖੀਰ ੨੦੨੧ ਵਿੱਚ ਅਖੌਤੀ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾ ਕੇ ਦਿੱਲੀ ਦਰਬਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਲਿਆ।
ਇੰਡੀਅਨ ਵੋਟ ਤੰਤਰ ਦੀਆਂ ਬੰਦਸ਼ਾਂ ਅਤੇ ਖਾਲਿਸਤਾਨ ਦੀ ਖੁੱਲੀ ਅਤੇ ਸਪੱਸ਼ਟ ਵਕਾਲਤ ਕਰਨ ਕਰਕੇ ਗੰਭੀਰ ਸਿੱਟੇ ਭੁਗਤਣ ਦੀ ਹਕੀਕਤ ਕਾਰਨ ਅੱਜ ਸਿੱਖ ਨੌਜਵਾਨਾਂ ਦੀ ਸੰਭਾਵੀ ਤਾਕਤ ਨੂੰ ਸਹੀ ਮਾਇਨਿਆਂ ਵਿੱਚ ਸਮਝਣ ਲਈ ਜ਼ਮੀਨੀ ਪੱਧਰ ਤੋਂ ਸਿਆਸਤ ਅਤੇ ਸੰਘਰਸ਼ ਦੇ ਵਿਆਪਕ ਖੇਤਰ ਦਾ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ। ਭਾਵੇਂ ਕਿ ਪੰਜਾਬ ਦੇ ਬਹੁਤੇ ਅੰਦੋਲਨਾਂ ਵਿੱਚ ਸਪਸ਼ਟ ਰੂਪ ਵਿੱਚ ਖਾਲਿਸਤਾਨ ਦੀ ਗੱਲ ਜਾਂ ਹੋਰ ਸਿੱਖ ਮਸਲੇ ਜ਼ਾਹਰ ਤੌਰ ਤੇ ਨਹੀਂ ਉਭਾਰੇ ਜਾਂਦੇ, ਇੱਹ ਗੱਲ ਸਾਫ ਹੈ ਖਾਲਸਾ ਜੀ ਕੇ ਬੋਲ ਬਾਲੇ ਅਤੇ ਹਲੇਮੀ ਰਾਜ, ਖਾਲਿਸਤਾਨ, ਦੀ ਸਥਾਪਤੀ ਲਈ ਚੱਲ ਰਹੇ ਸਿੱਖ ਸੰਘਰਸ਼ ਦੀ ਰੂਹ ਹੀ ਪੰਜਾਬ ਦੇ ਹਰ ਮੋਰਚਾ ਅਤੇ ਅੰਦੋਲਨ ਵਿੱਚੋਂ ਝਲਕਦੀ ਹੈ ਅਤੇ ਉਹੀ ਮਸਲੇ ਅੱਜ ਵੀ ਕੇਂਦਰ ਬਿੰਦੂ ਰਹਿੰਦੇ ਹਨ।
੨੦੧੨ ਵਿੱਚ ਲੰਮੇ ਸਮੇਂ ਤੋਂ ਫਾਂਸੀਆਂ ਉਡੀਕ ਰਹੇ ਸਿੱਖ ਸਿਆਸੀ ਕੈਦੀਆਂ ਦੀ ਫਾਂਸੀ ਵਿਰੁੱਧ ਵਿਦਰੋਹ ਅਤੇ ੨੦੧੪ ਤੋਂ ਲੈ ਕੇ ਹੁਣ ਤੱਕ ਲੱਗੇ ਰਿਹਾਈਆਂ ਦੇ ਮੋਰਚੇ ਇਸ ਦੀਆਂ ਤਾਜ਼ਾ ਉਦਾਹਰਨਾਂ ਹਨ। ਇੰਡੀਅਨ ਵੋਟ ਤੰਤਰ ਦੇ ਖੇਤਰ ਤੋਂ ਬਾਹਰ ਇਨ੍ਹਾਂ ਸੰਘਰਸ਼ਾਂ ਨੇ ਕਈ ਮੌਕਿਆਂ 'ਤੇ ਆਮ ਹੜਤਾਲਾਂ ਦੁਆਰਾ ਪੰਜਾਬ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਅਤੇ ਸਿੱਖ ਪ੍ਰਭੂਸੱਤਾ ਨੂੰ ਮੁੜ੍ਹ ਕੇ ਪੰਥ-ਪੰਜਾਬ ਦੀ ਸਿਆਸਤ ਵਿੱਚ ਕੇਂਦਰ ‘ਤੇ ਲਿਆਂਦਾ। ਇਨ੍ਹਾਂ ਉਭਾਰਾਂ ਵਿੱਚ ਉਹ ਸਿੱਖ ਜੁਝਾਰੂ ਕੇਂਦ੍ਰਿਤ ਰਹੇ ਜਿਨ੍ਹਾਂ ਨੇ ਨਿਧੜਕ ਹੋ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਵਿੱਢਿਆ ਅਤੇ ਅੱਜ ਵੀ ਉਸੇ ਹੀ ਟੀਚੇ ਨੂੰ ਪ੍ਰਣਾਏ ਹੋਏ ਹਨ। ਇਨ੍ਹਾਂ ਦੀ ਹੀ ਰਿਹਾਈ ਲਈ ਪੰਜਾਬ ਦੇ ਤਕਰੀਬਨ ਹਰ ਵਰਗ ਨੇ ਇਨ੍ਹਾਂ ਮੋਰਚਿਆਂ ਦਾ ਸਾਥ ਜਾਂ ਹਮਾਇਤ ਕੀਤੀ ਹੈ।
ਪੰਜਾਬ ਵਿੱਚ ਸਿੱਖ ਰਾਜਨੀਤਿਕ ਸਰਗਰਮੀਆਂ ਵਿੱਚ ਨਵੇਂ ਸਿਰਿਓਂ ਹੋਏ ਵਾਧੇ ਦੇ ਜਵਾਬ ਵਿੱਚ ਇੰਡੀਆ ਦੀਆਂ ਅਖੌਤੀ “ਸੁਰੱਖਿਆ ਫੋਰਸਾਂ” ਨੇ ਪੰਜਾਬ ਅਤੇ ਵਿਦੇਸ਼ੀ ਸਿੱਖਾਂ ਉੱਪਰ ਦਮਨ ਦੇ ਘੇਰੇ ਨੂੰ ਕੱਸ ਰਹੀ ਹੈ। ੨੦੧੭ ਤੋਂ ਲੈ ਕੇ ਹੁਣ ਤੱਕ ਲਗਭਗ ੩੦੦ ਨੌਜ਼ਵਾਨਾਂ ਨੂੰ ਇੰਡੀਆ ਦੇ ਕਾਲੇ ਕਾਨੂੰਨਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਿੱਖ ਨੌਜਵਾਨ ਉਹ ਹਨ ਜੋ ਸੁਤੰਤਰ ਖਾਲਿਸਤਾਨ ਦੀ ਪ੍ਰਾਪਤੀ ਅਤੇ ਖਾਲਸਾ ਜੀ ਕੇ ਬੋਲ ਬਾਲੇ ਲਈ ਇੰਡੀਅਨ ਵੋਟ ਤੰਤਰ ਤੋਂ ਬਾਹਰ ਰਹਿ ਕੇ ਵੀ ਖਾਲਿਸਤਾਨ ਦੀ ਪ੍ਰਾਪਤੀ ਲਈ ਜੁਝਾਰੂ ਕਾਰਵਾਈਆਂ ਜਾਂ ਆਪਣੇ ਲੋਕਾਂ ਨੂੰ ਸੰਗਠਿਤ ਕਰਨ ਲਈ ਸਰਗਰਮ ਸਨ।
੨੦੧੫-੨੦੧੭ ਦੌਰਾਨ ਹੋਈਆਂ ਖਾੜਕੂ ਵਾਰਦਾਤਾਂ ਨੂੰ ਅਧਾਰ ਬਣਾ ਕੇ ਇੰਡੀਅਨ “ਸੁਰੱਖਿਆਂ” ਬਲਾਂ ਨੇ ਪੰਜਾਬ ਵਿੱਚ ਖਾਲਿਸਤਾਨ ਅਤੇ ਸਿੱਖ ਰਾਜ ਲਈ ਜ਼ਮੀਨੀ ਪੱਧਰ 'ਤੇ ਵਿਆਪਕ ਪ੍ਰਚਾਰ ਪ੍ਰਸਾਰ ਨੂੰ ਬਹਾਨੇ ਵਜੋਂ ਵਰਤਦਿਆਂ ਸਿੱਖ ਸਰਗਰਮੀਆਂ ਨੂੰ ਦੇਸ਼ ਧ੍ਰੋਹ ਅਤੇ ਅੱਤਵਾਦ ਵਜੋਂ ਅਪਰਾਧ ਦੱਸਕੇ ਸਿੱਖ ਰਾਜਨੀਤਿਕ ਸਰਗਰਮੀ ਨੂੰ ਕੁਚਲਣ ਦੀ ਚਾਲ ਚਲਾ ਰਹੀ ਹੈ। ਇੱਕ ਨਿਰਧਾਰਿਤ ਤਰੀਕਾਕਾਰ ਰਾਹੀੰ ਸਿੱਖ ਨੌਜਵਾਨਾਂ ਨੂੰ ਬੇਅਸਰ ਅਤੇ ਕਾਬੂ ਕਰਨ ਲਈ ਇੰਡੀਅਨ ਸੁਰੱਖਿਆ ਬਲਾਂ ਨੇ ਅੱਧਘੜੇ “ਵਿਦੇਸ਼ੀ ਸਾਜ਼ਿਸ਼ਾਂ” ਦਾ ਦੋਸ਼ ਲਾ ਕੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀ ਆ ਰਹੀ ਹੈ।
ਇਸ ਦੇ ਨਤੀਜੇ ਵਜੋਂ ਵੱਖ ਵੱਖ ਖੇਤਰਾਂ ਅਤੇ ਮੰਚਾਂ ‘ਤੇ ਸਰਗਰਮ ਨੌਜਵਾਨ, ਜਿਵੇਂ ਕਿ ਸੋਸ਼ਲ ਮੀਡੀਆ ਰਾਹੀਂ ਸਿੱਖ ਮੁੱਦਿਆਂ ਦੀ ਵਕਾਲਤ, ਸਿੱਖੀ ਪ੍ਰਚਾਰ ਤੋਂ ਲੈ ਕੇ ਰਾਜਨੀਤਿਕ ਸਫ਼ਬੰਦੀ ਵਰਗੀਆਂ ਸਰਗਰਮੀਆਂ ਕਰ ਰਹੇ ਨੌਜ਼ਵਾਨਾਂ ਨੂੰ ਗ੍ਰਿਫਤਾਰੀਆਂ, ਤਸ਼ੱਦਦ, ਅਤੇ ਲੰਮੀਆੰ ਕੈਦਾਂ ਅਤੇ ਫ਼ਿਰ ਰਿਹਾਈ ਤੋਂ ਬਾਅਦ ਲਗਾਤਾਰ ਨਿਗਰਾਨੀਆਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ “ਅਪਰਾਧਾਂ” ਵਿੱਚ ਖਾਲਿਸਤਾਨ ਪੱਖੀ ਸੋਸ਼ਲ ਮੀਡੀਆ ਲਿੱਖਤਾਂ ਨੂੰ ਪਸੰਦ ਕਰਨਾ, ਸਿੱਖ ਸਾਹਿਤ ਪੜ੍ਹਨਾਂ ਜਾਂ ਕੋਲ ਰੱਖਣਾ ਅਤੇ ਵਟਸਐਪ ਗਰੁੱਪਾਂ ਵਿੱਚ ਹਿੱਸਾ ਲੈਣਾ ਸ਼ਾਮਲ ਹਨ।
ਇਨ੍ਹਾਂ ਘਟਨਾਵਾਂ ਤੋਂ ਇੰਡੀਅਨ ਸੁਰੱਖਿਆ ਬਲਾਂ ਦਾ ਤਰੀਕਾਕਾਰ ਸਪੱਸ਼ਟ ਦਿਸਦਾ ਹੈ ਕਿ ਉਹ ਕਿਵੇਂ ਨੌਜਵਾਨਾਂ ਉੱਪਰ ਨਿਗਰਾਨੀ ਰੱਖਦੇ ਹਨ ਅਤੇ ਕਾਲੇ ਕਾਨੂੰਨਾਂ ਰਾਹੀਂ ਉਨ੍ਹਾਂ ਉੱਪਰ ਮਨਮਾਨੇ ਗ਼ੈਰਰਕਾਨੂੰਨੀ ਹਿੰਸਾ ਕਰਦੇ ਹਨ। ਇੱਕ ਵਾਰ ਜਦੋਂ ਨੌਜਵਾਨ ਇੰਡੀਅਨ “ਨਿਆ ਪ੍ਰਣਾਲੀ” ਦੇ ਅੜਿੱਕੇ ਆਉਂਦੇ ਹਨ ਤਾਂ ਉਹਨਾਂ ਨੂੰ ਜ਼ਮਾਨਤਾਂ ਤੋਂ ਬਿਨਾਂ ਕਈ ਸਾਲਾਂ ਦੀ ਕੈਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲੰਮੀ ਕੈਦ ਉ੍ਹਨਾਂ ਨੂੰ ਮੁਕੱਦਮਾ ਚਲਾਏ ਜਾਣ ਤੋਂ ਪਹਿਲਾਂ ਜਾਂ ਕਿਸੇ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹੀ ਕੱਟਣੀ ਪੈਂਦੀ ਹੈ। ਹੋਰ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੇ ਕਿ ਇੰਡੀਅਨ ਸਥਾਪਤੀ ਦਾ ਸਮੁੱਚਾ ਤੰਤਰ ਇਨ੍ਹਾਂ (ਅਖੌਤੀ) “ਅਤਿਵਾਦ ਵਿਰੋਧੀ” ਕਾਲੇ ਕਾਨੂੰਨਾਂ ਦੀ ਆੜ ਹੇਠ ਸਿੱਖ ਨੌਜ਼ਵਾਨਾਂ ਦੀ ਸੰਘਰਸ਼ਸ਼ੀਲ ਸਰਗਰਮੀ ਨੂੰ ਸੀਮਤ ਅਤੇ ਕਾਬੂ ਕਰਨ ਲਈ ਮਨਮਾਨੇ ਢੰਗ ਨਾਲ ਅਤੇ ਇੱਕ ਸਿਆਸੀ ਮਨੋਰਥ ਲਈ ਹਿਰਾਸਤਾਂ ਵਿਚ ਲੈ ਕੇ ਉਨ੍ਹਾਂ ਨੂੰ ਸਿੱਖ ਸੰਗਤਾਂ ਤੋਂ ਵੱਖ ਕੀਤਾ ਜਾਂਦਾ ਹੈ।
ਪਰ ਹਕੀਕਤ ਇਹ ਹੈ ਕਿ ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਨੌਜਵਾਨ ਸਤਿਗੁਰੂ ਵੱਲੋਂ ਬਖਸ਼ੇ ਹੋਏ ਪਾਤਸ਼ਾਹੀ ਦਾਵੇ ਦੀ ਤਾਕਤ ਦੇ ਅਧਾਰ 'ਤੇ ਸਟੇਟ ਦੀ ਹਿੰਸਾ ਦਾ ਟਾਕਰਾ ਕਰਕੇ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰਨ ਲਈ ਵਚਨਬੱਧ ਹੈ। ਪੰਜਾਬ ਵਿੱਚ ਚੱਲੇ ਸੰਘਰਸ਼ਾਂ ਦਾ ਭਵਿੱਖ ਇਸੇ ਗੱਲ 'ਤੇ ਟਿਕੀਆਂ ਹਨ ਕਿ ਦੁਸ਼ਮਣ ਦੀਆਂ ਮਾਰਾਂ ਨੂੰ ਪਛਾਨਣ ਅਤੇ ਰੋਕਣ ਦੇ ਨਾਲ ਨਾਲ ਗੁਰਮਤਿ ਨੂੰ ਪਹਿਲ ਦਿੰਦਿਆਂ ਹੋਇਆਂ ਅਤੇ ਪੰਥਕ ਰਵਾਇਤਾਂ ਦੀ ਰੌਸ਼ਨੀ ਵਿੱਚ ਆਪਣੀ ਲਾਮਬੰਦੀ ਹੋਵੇ। ਕਾਹਲ ਅਤੇ ਮਹਿਜ਼ ਰਾਜਸੀ ਗਤੀਵਿਧੀਆਂ ਦੀ ਬਜਾਏ ਆਪਸੀ ਸੰਵਾਦ, ਠਰੰਮਾ, ਅਤੇ ਸਿਧਾਂਤਕ ਸਪੱਸ਼ਟਤਾ ਨਾਲ ਆਪਣੇ ਨਿਸ਼ਾਨੇ ਵੱਲ ਵੱਧਦੇ ਹੋਏ ਨਿਸ਼ਕਾਮ ਸੰਘਰਸ਼ ਕਰਨ।