ਪੰਜਾਬ ਦੀ ਸੱਭਿਅਤਾ ਨੂੰ ਬਚਾਉਣ ਦੀ ਜੱਦੋ-ਜਹਿਦ: ਪਾਣੀ ਦੇ ਪ੍ਰਦੂਸ਼ਣ ਵਿਰੁਧ ਲੱਗਦੇ ਮੋਰਚੇ
ਕੁਝ ਮਹੀਨੇ ਪਹਿਲਾਂ ਚਮਕੌਰ ਸਾਹਿਬ ਦੇ ਇਲਾਕੇ ਦੀ ਸੰਗਤ ਗੁਰਦੁਆਰਾ ਬੀਰ ਜੰਡ ਸਾਹਿਬ ਵਿਖੇ ਰੁਚੀਨਾ ਪੇਪਰਜ਼ ਵੱਲੋਂ ਬਣ ਰਹੀ ਪੇਪਰ ਮਿੱਲ ਦਾ ਵਿਰੋਧ ਕਰਨ ਲਈ ੨੮ ਅਗੱਸਤ, ੨੦੨੨ ਨੂੰ ਇਕੱਤਰ ਹੋਈ। ਇਸ ਇਕੱਠ ਵਿੱਚ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਲਗਦੇ ਮੋਰਚਿਆਂ ਬਾਰੇ ਆਪਣੇ ਵਿਚਾਰ ਰੱਖੇ ਜਿਸ ਵਿੱਚ ਪੰਜਾਬ ਦੇ ਜਲ ਸੰਕਟ ਦੀ ਗੰਭੀਰਤਾ ਨੂੰ ਉਜਾਗਰ ਕੀਤਾ। ਇਸ ਨੂੰ ਹੱਲ ਕਰਨ ਬਾਰੇ ਉਨ੍ਹਾਂ ਨੇ ਬਹੁਤ ਸਰਲ ਅਤੇ ਸਪੱਸ਼ਟ ਤਰੀਕੇ ਨਾਲ ਆਪਣੇ ਵਿਚਾਰ ਦਿੱਤੇ। ਭਾਈ ਪਰਮਜੀਤ ਸਿੰਘ ਮੁਤਾਬਿਕ ਪੰਜਾਬ ਦੀ ਸਭਿਅਤਾ ਨੂੰ ਬਚਾਉਣ ਲਈ ਲੋਕਾਂ ਵੱਲੋਂ ਵਿੱਢੇ ਸਾਂਝੇ ਸੰਘਰਸ਼ ਹੀ ਸਫਲ ਹੋਣਗੇ ਅਤੇ ਇਸੇ ਨਕਸ਼ 'ਤੇ ਚੱਲਦਿਆਂ ਹਾਲ ਹੀ ਮੁੱਦਕੀ ਮੋਰਚੇ ਨੇ ਵੀ ਜਿੱਤ ਹਾਸਲ ਕੀਤੀ ਹੈ। ਚੱਲ ਰਹੇ ਛੋਟੇ ਮੋਰਚਿਆਂ ਰਾਹੀਂ ਹੀ ਆਪਾਂ ਵੱਡੀਆਂ ਲੜਾਈਆਂ ਲੜਨ ਦੇ ਸਮਰੱਥ ਹੋਵਾਂਗੇ। -ਸੰਪਾਦਕ
ਪਾਣੀ ਸਭ ਤੋਂ ਬੁਨਿਆਦੀ ਚੀਜ਼ ਹੈ। ਜ਼ਿੰਦਗੀ ਦਾ ਆਧਾਰ ਹੀ ਪਾਣੀ ਹੈ ਸਿਰਫ਼ ਮਨੁੱਖ ਵਾਸਤੇ ਹੀ ਨਹੀਂ ਸਗਲ ਬਨਸਪਤੀ ਪਸ਼ੂ ਪੰਛੀ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਿੰਦਗੀ ਪਾਣੀ ਕਰਕੇ ਹੈ।
ਪੰਜਾਬ ਦੇ ਪਾਣੀ ਸੰਕਟ ਦੀ ਗਹਿਰਾਈ ਜਾਨਣ ਲਈ ਕੇਂਦਰੀ ਭੂ-ਜਲ ਬੋਰਡ ਨੇ ੨੦੧੭ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਅੰਦਾਜ਼ਾ ਲਗਾਇਆ ਕਿ ਪੰਜਾਬ ਦੀ ਧਰਤੀ ਹੇਠਾਂ ਤਿੰਨ ਪੱਤਣਾਂ ਦੀ ਇੱਕ ਹਜ਼ਾਰ ਫੁੱਟ ਦੀ ਡੂੰਘਾਈ ਤੱਕ ੨੬੦੦ ਲੱਖ ਏਕੜ ਫੁੱਟ ਜਲ ਪਾਣੀ ਦਾ ਭੰਡਾਰ ਹੈ। ਇੱਕ ਏਕੜ ਜ਼ਮੀਨ ਵਿੱਚ ਜੇਕਰ ਇੱਕ ਫੁੱਟ ਪਾਣੀ ਖੜਾ ਦੇਈਏ ਤਾਂ ਉਹ ਇੱਕ ਏਕੜ ਫੁੱਟ ਬਣਦਾ ਹੈ।
ਹਰ ਸਾਲ ਅਸੀਂ ਜ਼ਮੀਨ ਹੇਠੋਂ ਜੋ ਅਸੀਂ ਪਾਣੀ ਬਾਹਰ ਕੱਢਦੇ ਹਾਂ ਉਹ ੨੯੦ ਲੱਖ ਏਕੜ ਫ਼ੁੱਟ ਹੁੰਦਾ ਹੈ। ੧੭੫ ਲੱਖ ਏਕੜ ਫੁੱਟ ਪਾਣੀ ਹਰ ਸਾਲ ਸਿੰਮ ਕੇ ਧਰਤੀ ਹੇਠ ਚਲਾ ਜਾਂਦਾ ਹੈ। ਇਸ ਤਰਾਂ ੨੬੦੦ ਲੱਖ ਏਕੜ ਦੇ ਜਲ ਭੰਡਾਰ ਵਿੱਚ ਹਰ ਸਾਲ ੧੧੫ ਲੱਖ ਏਕੜ ਫੁੱਟ ਦਾ ਘਾਟਾ ਪੈ ਜਾਂਦਾ ਹੈ। ਇਹ ਕੇਂਦਰੀ ਭੂ-ਜਲ ਬੋਰਡ ਸਮੇਤ ਕੇਂਦਰ ਅਤੇ ਪੰਜਾਬ ਦੇ ਸਰਕਾਰੀ ਮਹਿਕਮਿਆਂ ਦੇ ਅੰਕੜੇ ਹਨ। ਜਿਹੜੀ ਗੱਲ ਆਪਾਂ ਆਮ ਸੁਣਦੇ ਹਾਂ ਕਿ ਪੰਜਾਬ ਕੋਲ ਸਿਰਫ਼ ੧੭ ਸਾਲ ਦਾ ਪਾਣੀ ਰਹਿ ਗਿਆ ਹੈ ਉਸਦਾ ਆਧਾਰ ਅਸਲ ਵਿੱਚ ਇਹ ਰਿਪੋਰਟ ਹੈ। ਸਾਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੀ ਜਿਹੜੀ ਪਾਣੀ ਨੂੰ ਬਚਾਉਣ ਦੀ ਲੜਾਈ ਹੈ ਉਹ ਸਾਫ਼ ਪਾਣੀ ਨਹੀਂ ਸਗੋਂ ਪਲੀਤ ਹੋ ਚੁੱਕੇ ਪਾਣੀ ਨੂੰ ਬਚਾਉਣ ਦੀ ਲੜਾਈ ਹੈ।
ਪਿੱਛੇ ਜਿਹੇ ਸੰਗਰੂਰ ਲਾਗੇ ਮੋਟਰ ਵਿੱਚੋਂ ਲਾਲ ਪਾਣੀ ਨਿਕਲਣ ਦੀ ਖ਼ਬਰ ਆਈ। ਜ਼ੀਰੇ ਲਾਗੇ ੫੫੦ ਫ਼ੁੱਟ ਡੂੰਘੇ ਬੋਰ ਵਿੱਚੋਂ ਲਾਹਣ ਨਿਕਲ ਰਹੀ ਸੀ। ਇਸੇ ਕਰਕੇ ਮੈਲਬਰੋਸ (Melbros) ਫੈਕਟਰੀ ਦੀ ਲੋਕਾਂ ਇੱਕ ਮਹੀਨੇ ਤੋਂ ਤਾਲਾਬੰਦੀ ਕਰ ਰੱਖੀ ਹੈ। ਇਹ ਫੈਕਟਰੀਆਂ ਵਾਲੇ ਪੈਸੇ ਅਤੇ ਤਕਨੀਕ ਦੇ ਜ਼ੋਰ ਨਾਲ ਆਪਣੀ ਕਾਰਖਾਨਿਆਂ ਦੇ ਗੰਦੇ ਪਾਣੀ ਨੂੰ ੫੦੦-੭੦੦ ਫੁੱਟ ਡੂੰਘਾ ਬੋਰ ਕਰਕੇ ਧਰਤੀ ਵਿੱਚ ਪਾ ਰਹੇ ਸਨ। ਹੁਣ ਜਦੋਂ ਪਾਣੀ ਲਗਾਤਾਰ ਡੂੰਘੇ ਹੋਣ ਜਾ ਰਹੇ ਹਨ ਤਾਂ ਲੋਕਾਂ ਦੀਆਂ ਪੀਣ ਵਾਲਾ ਪਾਣੀ ਕੱਢਣ ਵਾਲੀਆਂ ਮੋਟਰਾਂ ਉਹਨਾਂ ਪੱਤਣਾਂ ਤੱਕ ਪਹੁੰਚ ਚੁੱਕੀਆਂ ਹਨ ਜਿੱਥੇ ਫੈਕਟਰੀਆਂ ਵਾਲੇ ਚਿਰਾਂ ਤੋਂ ਜ਼ਹਿਰਾਂ ਘੋਲ ਰਹੇ ਸਨ।
ਕੁਦਰਤ ਬੜੀ ਬੇਅੰਤ ਹੈ ਜੋ ਇਸਨੂੰ ਦਿੰਦੇ ਹਾਂ ਇਹ ਵਾਪਸ ਕਰ ਦਿੰਦੀ ਹੈ। ਜਿੱਥੇ ਵੀ ਫੈਕਟਰੀਆਂ ਦਾ ਜਹਿਰੀਲਾ ਪਾੱਣੀ ਅਤੇ ਗੈਰ ਕਾਨੂੰਨੀ ਕਲੋਨੀਆਂ ਦੇ ਮਲ਼-ਮੂਤਰ ਨੂੰ ਡੂੰਘੇ ਬੋਰਾਂ ਰਾਹੀਂ ਧਰਤੀ ਵਿੱਚ ਪਾਇਆ ਜਾ ਰਿਹਾ ਹੈ, ਉੱਥੇ ਜ਼ੀਰੇ ਵਰਗੇ ਹਾਲਾਤ ਵਾਪਰਨੇ ਹਨ। ਤੁਹਾਡੇ ਕੋਲ ਮੌਕਾ ਹੈ ਕਿ ਆਪਣੇ ਇਲਾਕੇ ਵਿੱਚ ਇਹ ਗੱਲ ਵਾਪਰਨ ਤੋਂ ਪਹਿਲਾਂ ਰੋਕ ਸਕਦੇ ਹੋ।
ਹੁਣ ਸਮੱਸਿਆ ਇਹ ਹੈ ਕਿ ਇਹਨਾਂ ਮਸਲਿਆਂ ਦੇ ਹੱਲ ਕਿਵੇਂ ਲੱਭੇ ਜਾਣ।
ਇੱਕ ਤਰੀਕਾ ਹੁੰਦਾ ਵਿਧਾਨ ਪਾਲਿਕਾ ਰਾਹੀਂ ਜਿਹੜੇ ਆਪਾਂ ਨੁਮਾਇੰਦੇ ਚੁਣ ਕੇ ਭੇਜਦੇ ਹਾਂ ਉਹ ਸਮਾਜ ਸਾਹਮਣੇ ਆਏ ਮਸਲੇ ਤੇ ਨੀਤੀ ਬਣਾਉਂਦੇ ਹਨ ਫ਼ਿਰ ਨੀਤੀ ਬਾਰੇ ਸਲਾਹ ਮਸ਼ਵਰੇ ਤੋਂ ਬਾਅਦ ਬਿੱਲ ਤੇ ਕਾਨੂੰਨ ਲਾਗੂ ਕਰ ਮਸਲਾ ਹੱਲ ਕੀਤਾ ਜਾਂਦਾ। ਪਰ ਜੋ ਪੰਜਾਬ ਜਾਂ ਇੰਡੀਆ ਵਿੱਚ ਵੇਖੀਏ ਪਿਛਲੇ ਸਮੇਂ ਤੋਂ ਕਾਨੂੰਨ ਹੀ ਉਹ ਆ ਰਹੇ ਹਨ ਜੋ ਇਹ ਮਸਲਿਆਂ ਨੂੰ ਪੈਦਾ ਕਰ ਰਹੇ ਹਨ। ਅਸੀਂ ਜੋ ਸ਼ਾਨਦਾਰ ਕਿਸਾਨੀ ਸੰਘਰਸ਼ ਲੜਿਆ ਉਹ ਵੀ ਸਾਨੂੰ ਤਾਂ ਲੜ੍ਹਨਾ ਪਿਆ ਕਿਉਂਕਿ ਵਿਧਾਨ ਪਾਲਿਕਾ ਕੋਲ਼ੋਂ ਇਹ ਮਸਲੇ ਹੱਲ ਨਹੀਂ ਹੋ ਰਹੇ।
ਦੂਜਾ ਤਰੀਕਾ ਕਾਰਜ ਪਾਲਿਕਾ ਦਾ, ਜਿਸਨੂੰ ਅਫਸਰਸ਼ਾਹੀ ਕਹਿੰਦੇ ਹਨ। ਉਹਨਾਂ ਵੇਖਣਾ ਹੁੰਦਾ ਸਮਾਜ ਸਾਹਮਣੇ ਆਏ ਮਸਲਿਆਂ ਦਾ ਹੱਲ ਕਿਵੇਂ ਕੀਤਾ ਜਾਵੇ। ਅਫਸਰਸ਼ਾਹੀ ਦੀ ਭੂਮਿਕਾ ਸਾਡੇ ਸਾਹਮਣੇ ਹੈ ਜਿਵੇਂ ਅਸੀਂ ਮੱਤੇਵਾੜਾ ਦੇ ਮਸਲੇ ਵਿੱਚ ਵੇਖਿਆ ਕਿ ਪ੍ਰਸ਼ਾਸਨ ਨੇ ਕਿਵੇਂ ਪਿੰਡ ਵਾਲਿਆਂ ਦੇ ਵਿਰੋਧ ਦੇ ਬਾਵਜੂਦ ਉਹਨਾਂ ਤੇ ਦਬਾਅ ਪਾ ਕੇ ਜ਼ਮੀਨ ਜਬਰੀ ਲਿਖਾ ਲਈ ਸੀ ਜਿਸਦੀ ਲੜਾਈ ਸੇਖੇਵਾਲ ਵਾਲੇ ਅਜੇ ਵੀ ਲੜ੍ਹ ਰਹੇ ਹਨ। ਸਰਕਾਰ ਦੇ ਕਹਿਣ ਦੇ ਬਾਵਜੂਦ ਕਿ ਪ੍ਰਾਜੈਕਟ ਰੱਦ ਹੋ ਗਿਆ ਹੈ ਤੇ ਜ਼ਮੀਨ ਵਾਪਸ ਕਰ ਦਿਆਂਗੇ ਉਹ ਜ਼ਮੀਨ ਅਜੇ ਤੱਕ ਵਾਪਸ ਨਹੀਂ ਹੋਈ। ਅਫ਼ਸਰਸ਼ਾਹੀ ਬਸਤੀਵਾਦੀ ਹਾਕਮਾਂ ਦੇ ਪਿਆਦਿਆਂ ਵਾਂਗ ਭੂਮਿਕਾ ਨਿਭਾ ਰਹੀ ਹੈ।
ਤੀਸਰਾ ਸਰਕਾਰਾਂ ਜਾਂ ਪੋਲੀਟੀਕਲ ਕਲਾਸ ਵੇਖਦੀ ਹੈ ਕਿ ਜੋ ਮਸਲੇ ਸਮਾਜ ਦੇ ਦਰਪੇਸ਼ ਹਨ ਉਹਨਾਂ ਦਾ ਹੱਲ ਲੱਭਿਆ ਜਾਵੇ। ਪਰ ਇੱਥੇ ਸਰਕਾਰਾਂ ਬਦਲਣ ਨਾਲ ਨੀਤੀ ਨਹੀਂ ਬਦਲਦੀ। ਇਸੇ ਕਰਕੇ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਲੱਗਣ ਵਾਲਾ ਪ੍ਰਾਜੈਕਟ ਆਮ ਆਦਮੀ ਪਾਰਟੀ ਨੇ ਅਪਣਾ ਲਿਆ ਸੀ।
ਚੌਥਾ ਤਰੀਕਾ ਸੰਘਰਸ਼ ਰਾਹੀਂ ਮਸਲਾ ਹੱਲ ਕਰਨ ਦਾ ਹੁੰਦਾ ਹੈ। ਅਸੀਂ ਵੇਖਿਆ ਸਾਡੇ ਸਾਰੇ ਮਸਲੇ ਚਾਹੇ ਖੇਤੀ ਕਾਨੂੰਨਾਂ ਦਾ ਹੋਵੇ ਜਾਂ ਮੱਤੇਵਾੜਾ ਦਾ ਉਹ ਸਾਰੇ ਸੰਘਰਸ਼ ਰਾਹੀਂ ਹੀ ਹੱਲ ਹੋਏ ਹਨ। ਅੱਜ ਪੰਜਾਬ ਦੇ ਲੋਕ ਜਿੰਨੇ ਜਾਗਰੂਕ ਅਤੇ ਬੇਚੈਨ ਹਨ ਅਤੇ ਇਹ ਮਸਲੇ ਜਿੰਨੇ ਗੰਭੀਰ ਹਨ ਇਹਨਾਂ ਦੇ ਹੱਲ ਲਈ ਸੰਘਰਸ਼ ਲਾਜ਼ਮੀ ਹੈ।
ਕਿਸੇ ਵੀ ਸੰਘਰਸ਼ ਨੂੰ ਜਿੱਤਣ ਵਾਸਤੇ ਏਕਤਾ ਦੀ ਜ਼ਰੂਰਤ ਹੈ। ਸਾਡੀ ਏਕਤਾ ਲਈ ਵੱਖ ਵੱਖ ਵਖਰੇਵਿਆਂ ਦੇ ਬਾਵਜੂਦ ਕਿਸੇ ਸਾਂਝੇ ਨੁਕਤੇ ਨੂੰ ਟੀਚਾ ਬਣਾ ਕੇ ਸੰਘਰਸ਼ ਲੜਿਆ ਜਾ ਸਕਦਾ ਹੈ। ਅਜੇ ਤੇ ਸੰਘਰਸ਼ਾਂ ਦੀ ਗੱਲ ਸ਼ੁਰੂ ਹੋਈ ਹੈ ਜਦੋਂ ਸਰਕਾਰਾਂ ਨੇ ਦਖ਼ਲ ਦੇਣੇ ਉਦੋਂ ਸਾਡੇ ਸਿਰੜ ਸਿਦਕ ਦੀ ਪਰਖ਼ ਹੋਣੀ ਹੈ। ਜੇਕਰ ਅਸੀਂ ਸਾਰੀਆਂ ਪਰਖਾਂ ਵਿੱਚੋਂ ਲੰਘ ਕੇ ਸਾਬਤ ਖਲੋਤੇ ਰਹੇ ਫਿਰ ਸਾਨੂੰ ਜਿੱਤ ਨਸੀਬ ਹੋਣੀ ਹੈ। ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਵੇਲੇ ਹੋਇਆ। ਇਹਨਾਂ ਛੋਟੀਆਂ ਛੋਟੀਆਂ ਜਿੱਤਾਂ ਨੇ ਹੀ ਸਾਨੂੰ ਵੱਡੇ ਮਸਲੇ ਹੱਲ ਕਰਨ ਦੇ ਸਮਰੱਥ ਬਣਾਉਣਾ ਹੈ।
ਅੱਜ ਪੰਜਾਬ ਵਿੱਚ ਚਾਹੇ ਜ਼ੀਰੇ ਧਰਨਾ ਲੱਗਾ ਹੈ ਚਾਹੇ ਆਪਾਂ ਇੱਥੇ ਚਮਕੌਰ ਸਾਹਿਬ ਇਕੱਠੇ ਹੋਏ ਹਾਂ ਅਸੀਂ ਇਹ ਸਮਝ ਲਈਏ ਕਿ ਅਸੀਂ ਸਿਰਫ ਆਪਣੀ ਸਿਹਤ ਦੀ ਹੀ ਨਹੀਂ ਬਲਕਿ ਪੰਜਾਬ ਦੀ ਸੱਭਿਅਤਾ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਆਪਾਂ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਹਾਂ ਤੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਕੇ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਸਿਦਕ ਵੀ ਪਰਖੇ ਜਾਣ ਸਿਰੜ ਵੀ ਪਰਖਿਆ ਜਾਵੇ ਤੇ ਸਾਡਾ ਏਕਾ ਵੀ ਪਰਖਿਆ ਜਾਵੇ। ਸਾਰੀਆਂ ਪਰਖਾਂ ਵਿੱਚੋਂ ਨਿਕਲ ਕੇ ਜਿੱਤ ਵੀ ਨਸੀਬ ਹੋਵੇ ਤੇ ਪੰਜਾਬ ਦਾ ਪੌਣ ਪਾਣੀ ਬਚ ਸਕੇ।
-ਪਰਮਜੀਤ ਸਿੰਘ ਗਾਜ਼ੀ | @psgazi