ਪੰਜਾਬ ਵਿਚ ਦਮਨ ਦਾ ਗੇੜ: ਭਾਈ ਪਰਮਜੀਤ ਸਿੰਘ ਗਾਜ਼ੀ ਨਾਲ ਵਿਚਾਰ ਚਰਚਾ
ਭਾਈ ਪਰਮਜੀਤ ਸਿੰਘ ਗਾਜ਼ੀ | @psgazi
ਇੰਡੀਅਨ ਸੁਰੱਖਿਆ ਬਲਾਂ ਵੱਲੋਂ ੧੮ ਮਾਰਚ ੨੦੨੩ ਨੂੰ ਪੰਜਾਬ ਵਿਚ ਸ਼ੁਰੂ ਕੀਤੀ ਗਈ ਕਾਉਂਟਰ-ਇਨਸਰਜੈਂਸੀ ਕਾਰਵਾਈਆਂ ਬਾਰੇ ਚਰਚਾ ਕਰਨ ਲਈ ਅਸੀਂ ਲੰਘੇ ੧੬ ਅਪ੍ਰੈਲ ਨੂੰ ਭਾਈ ਪਰਮਜੀਤ ਸਿੰਘ ਗਾਜ਼ੀ ਨੂੰ ਮਿਲ ਕੇ ਗੱਲਬਾਤ ਕੀਤੀ।
ਵਿਚਾਰ ਚਰਚਾ ਓਹਨਾ ਸੂਖਮ ਸਮਝ ਦੇ ਤਲਾਂ ਤੇ ਡੂੰਘਿਆਂ ਉਤਰਦੀ ਹੈ ਜਿਥੇ ਲੰਘੇ ਕੁਝ ਹਫਤਿਆਂ ਵਿਚ ਜੋ ਕੁਝ ਵਾਪਰਿਆ ਦੀ ਪੁਣ ਛਾਣ ਹੁੰਦੀ ਹੈ। ਇਸ ਗੱਲਬਾਤ ਵਿਚ ਸਿੱਖ ਨੌਜਵਾਨੀ ਦੀ ਫੜੋ ਫੜਾਈ, ਦੇਸ਼ ਵਿਆਪੀ ਸੈਂਸਰਸ਼ਿਪ ਤੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ ਅਤੇ ਫੌਜੀ ਕਾਰਵਾਈਆਂ ਦੇ ਮਨੋਵਿਗਿਆਨਿਕ ਅਸਰਾਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਹੋਈ।
ਤੱਥਾਂ ਅਤੇ ਘਟਨਾਵਾਂ ਦੀ ਨੀਰਸ ਤਰਤੀਬ ਦੁਹਰਾਉਣ ਦੀ ਬਜਾਏ ਭਾਈ ਪਰਮਜੀਤ ਸਿੰਘ ਗਾਜ਼ੀ ਓਹਨ੍ਹਾਂ ਘਟਨਾਵਾਂ ਦੇ ਧੁਰ ਅੰਦਰ ਲਿਜਾ ਕੇ ਬਾਖੂਬੀ ਨਾਲ ਕਈ ਗੱਲਾਂ ਸਮਝਾਉਂਦੇ ਹਨ:
ਇੰਡੀਅਨ ਸਟੇਟ ਦੀ ਇਸ ਫੌਜੀ ਕਾਰਵਾਈ ਪਿੱਛੇ ਕਿਹੋ ਜਿਹੇ ਮਨਸੂਬੇ ਹਨ
ਸਾਨੂੰ ਨੇੜਲੇ ਭਵਿੱਖ ਵਿੱਚ ਕਿਹੋ ਜਿਹੇ ਖਤਰਿਆਂ ਨਾਲ ਟੱਕਰਨਾ ਪਵੇਗਾ
ਅਤੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਪੰਥ ਅਤੇ ਪੰਜਾਬ ਨੂੰ ਕਿਸ ਤਰ੍ਹਾਂ ਦੀ ਲਾਮਬੰਦੀ ਕਰਨੀ ਚਾਹੀਦੀ ਹੈ।
ਪਾਠਕਾਂ ਦੀ ਸਹੂਲਤ ਲਈ ਗੱਲਬਾਤ ਦੇ ਕੇਂਦ੍ਰੀ ਨੁਕਤੇ ਹੇਠਾਂ ਸਾਂਝੇ ਕੀਤੇ ਜਾ ਰਹੇ ਹਨ (ਪਾਠਕ ਧਿਆਨ ਦੇਣ ਕੇ ਇਹ ਲਿੱਖਤ ਪੰਥ-ਪੰਜਾਬ ਪ੍ਰਾਜੈਕਟ ਦੇ ਸੰਪਾਦਕੀ ਜਥੇ ਵੱਲੋਂ ਹੀ ਤਿਆਰ ਕੀਤੀ ਗਈ ਹੈ ਅਤੇ ਹੇਠ ਦਿੱਤੇ ਵਿਚਾਰਾਂ ਜਾਂ ਗਲਤੀਆਂ ਦੀ ਜਿੰਮੇਵਾਰੀ ਸਾਡੀ ਹੀ ਹੈ):
ਇੰਡੀਅਨ ਫਾਸ਼ੀਵਾਦ ਦਾ ਬਦਲ ਰਿਹਾ ਮੁਹਾਂਦਰਾ ਅਤੇ ਦਿੱਲੀ/ਹਿੰਦੂਤਵ ਖਿਲਾਫ ਸੰਘਰਸ਼ ਕਰ ਰਹੀਆਂ ਧਿਰਾਂ ਦਾ ਘਿਰਾਓ।
ਨੇਸ਼ਨ-ਬਿਲਡਿੰਗ (ਰਾਸ਼ਟਰ ਨਿਰਮਾਣ) ਦੇ ਨਿਸ਼ਾਨੇ ਤਹਿਤ ਬਾਗੀ ਸੁਰਾਂ ਨੂੰ ਕੁਚਲਣ ਲਈ ਪਹਿਲਾਂ ਦੀਆਂ ਸਰਕਾਰਾਂ ਮੁਕਾਬਲੇ ਭਾਜਪਾ ਦੀ ਨੀਤੀ ਮੁੱਢੋਂ ਵੱਖਰੀ ਰਹੀ ਹੈ। ਇਹ ਜਰੂਰੀ ਹੈ ਕਿ ਅਸੀਂ ਇਸ ਨੀਤੀ ਪੈਂਤੜੇ ਨੂੰ ਸਮਝੀਏ ਤਾਂ ਜੋ ਇਸ ਦੇ ਅਗਲੇ ਹਮਲਿਆਂ ਲਈ ਤਿਆਰੀ ਅਤੇ ਆਪਣੇ ਮਿੱਥੇ ਨਿਸ਼ਾਨਿਆਂ ਵੱਲ ਜਥੇਬੰਦ ਹੋ ਕੇ ਤੁਰ ਸਕੀਏ।
ਇਸੇ ਨੀਤੀ ਤਹਿਤ ਵਿਰੋਧੀ ਧੜਿਆਂ ਵਿੱਚਕਾਰ ਧਰੁਵੀਕਰਨ ਉਤੇਜਿਤ ਕਰਦਿਆਂ ਸੈਂਸਰਸ਼ਿਪ ਤੇ ਗਲਤ ਸੂਚਨਾਵਾਂ ਰਾਹੀਂ ਵਿਰੋਧੀ ਧਿਰਾਂ ਅੰਦਰ ਦੁਬਿਧਾ ਅਤੇ ਭੰਭਲਭੁਸੇ ਪੈਦਾ ਕੀਤੇ ਜਾਂਦੇ ਹਨ। ਕਸ਼ਮੀਰ ਵਰਗੇ ਇਲਾਕਿਆਂ ਵਿੱਚ ਸਾਫ ਦੇਖਣ ਨੂੰ ਮਿਲਿਆ ਹੈ ਕਿ ਨਤੀਜੇ ਵਜੋਂ ਹਿੰਦੁਤਵੀ ਹਮਲਿਆਂ ਦਾ ਵਿਰੋਧ ਕਰਨ ਦੀ ਸਮਰੱਥਾ ਤਾਂ ਇਕ ਪਾਸੇ, ਪੀੜ੍ਹਤ ਧਿਰ ਵੱਲੋਂ ਢੁਕਵਾਂ ਜਵਾਬ ਦੇਣ ਦੀ ਸਮਰੱਥਾ ਵੀ ਨਹੀਂ ਰਹਿੰਦੀ।
ਇਹੀ ਹਰਬਾ ਬੀਤੇ ਸਮੇ ਕਸ਼ਮੀਰ ਵਿਚ ਵਰਤਿਆ ਗਿਆ ਸੀ ਤੇ ਇਸੇ ਦੀ ਵਰਤੋਂ ਹੁਣ ਲੰਘੇ ਮਹੀਨਿਆਂ ਵਿਚ ਪੰਜਾਬ ਵਿਚ ਵੇਖਣ ਨੂੰ ਮਿਲ ਰਹੀ ਹੈ।
ਸੰਘਰਸਸ਼ੀਲ ਧੜਿਆਂ ਤੇ ਜਥੇਬੰਦੀਆਂ ਵਿੱਚਕਾਰ ਧਰੁਵੀਕਰਨ ਅਤੇ ਖਿੰਡਾਓ ਪੈਦਾ ਕਰ ਕੇ ਓਹਨਾ ਵਿੱਚ ਆਪਸੀ ਤਲਖੀ ਪੈਦਾ ਕਰ ਕੇ ਓਹਨਾ ਦੀ ਕਾਬਲੀਅਤ ਅਤੇ ਭਰੋਸੇਯੋਗਤਾ ਨੂੰ ਖੋਰਾ ਲਾਇਆ ਜਾਂਦਾ ਹੈ।
ਰਾਸ਼ਟਰਵਾਦੀ ਸਿਆਸੀ ਪਾਰਟੀਆਂ ਨੂੰ ਵੀ ਭ੍ਰਿਸ਼ਟ ਤੇ ਬੇਅਸਰ ਗਰਦਾਨ ਕੇ ਬਦਨਾਮ ਕੀਤਾ ਜਾਂਦਾ ਹੈ ਤਾਂ ਕਿ ਇਨ੍ਹਾਂ ਧਿਰਾਂ ਵਿੱਚ ਵੀ ਕਾਬਲੀਅਤ ਅਤੇ ਭਰੋਸੇਯੋਗਤਾ ਨਾਂ ਰਹੇ (ਪਹਿਲਾਂ ਇਹ ਸ਼ਿਰੋਮਣੀ ਅਕਾਲੀ ਦਲ ਨਾਲ ਤੇ ਕਾਂਗਰਸ ਨਾਲ ਵਾਪਰਿਆ ਤੇ ਹੁਣ ਆਮ ਆਦਮੀ ਪਾਰਟੀ ਨਾਲ ਵਾਪਰ ਰਿਹਾ ਹੈ)।
ਇਸ ਸਭ ਦਾ ਨਤੀਜਾ ਇਹੀ ਨਿਕਲ ਰਿਹਾ ਹੈ ਕੇ ਆਮ ਲੋਕ ਹਰ ਇੱਕ ਧਿਰ ਵਿਚ ਭਰੋਸਾ ਗੁਆ ਬੈਠਦੇ ਹਨ ਤੇ ਪੂਰੀ ਤਰ੍ਹਾਂ ਸਮਰੱਥਾਹੀਣ ਤੇ ਦਿਸ਼ਾਹੀਣ ਹੋ ਜਾਂਦੇ ਹਨ। ਆਪਸੀ ਸੰਵਾਦ ਤੇ ਏਕਤਾ ਦੀਆਂ ਸਾਰੀਆਂ ਸੰਭਾਵਨਾਵਾਂ ਬੰਦ ਹੋ ਜਾਂਦੀਆਂ ਹਨ ਅਤੇ ਇਸ ਨਾਲ ਪੀੜ੍ਹਤ ਧਿਰ ਵੱਲੋਂ ਹਲਾਤਾਂ ਬਾਰੇ ਸਾਂਝੀ ਰਾਏ ਅਤੇ ਜਵਾਬੀ ਕਾਰਵਾਈ ਬਾਰੇ ਸਾਂਝੀ ਰਣਨੀਤੀ ਨਹੀਂ ਸਿਰਜੀ ਜਾਂਦੀ। ਇਸ ਸਾਰੇ ਸਿਲਸਿਲੇ ਦਾ ਸਿੱਟਾ ਇਹੀ ਹੋ ਨਿਬੜਦਾ ਹੈ ਕਿ ਧੱਕੇ ਜਾਂ ਜ਼ੁਲਮ ਦੀ ਸ਼ਿਕਾਰ ਧਿਰ ਵਿੱਚਕਾਰ ਕਿਸੀ ਵੀ ਕਿਸਮ ਦੀ ਅਸਰਦਾਰ ਲੀਡਰਸ਼ਿੱਪ ਜਾਂ ਸੰਸਥਾਗੱਤ ਪ੍ਰਤੀਕਰਮ ਕਿਸੇ ਵੀ ਬੱਝਵੇਂ ਰੂਪ ਵਿੱਚ ਨਹੀਂ ਉਭਾਰਿਆ ਜਾਂਦਾ ਅਤੇ ਭਾਜਪਾਈ ਨਿਸ਼ਾਨਿਆਂ ਸਾਹਮਣੇ ਮੂਕ ਦਰਸ਼ਕ ਬਣਕੇ ਦੇਖਣਾ ਪੈਂਦਾ ਹੈ।
ਇਸ ਦੀ ਪ੍ਰਤੱਖ ਉਦਾਹਰਨ ਕਸ਼ਮੀਰ ਵਿੱਚ ਦੇਖਣ ਨੂੰ ਮਿਲੀ ਜਿੱਥੇ ਬੀਜੇਪੀ ਨੂੰ ਆਪਣੇ ਹਿੰਸਕ ਫ਼ਰਮਾਨ (ਧਾਰਾਂ ੩੭੦ ਨੂੰ ਖਾਰਜ ਕਰਨ, ਸੂਬੇ ਨੂੰ ੩ ਹਿਸਿਆਂ ਵਿੱਚ ਤੋੜਨ ਅਤੇ ਯੂਨੀਅਨ ਟੈਰਿਟੋਰੀ ਬਨਾਉਣ) ਲਾਗੂ ਕਰਵਾਉਣ ਵਿਚ ਬਹੁਤ ਥੋੜ੍ਹੇ ਜਾਂ ਨਾ ਬਰਾਬਰ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਸਰੀਰਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਮਨਾ ਨੂੰ ਕਾਬੂ ਕਰਨਾ
੧੮ ਮਾਰਚ ਤੋਂ ਬਾਅਦ ਵਾਪਰੇ ਘਟਨਾਕਰਮ ਵਿਚ ਹਿੰਸਕ ਕਾਰਵਾਈ ਅਤੇ ਬਗਾਵਤ ਦੀਆਂ ਸੁਰਾਂ ਵਾਲੇ ਸਰੀਰਾਂ ਨੂੰ ਕੁਚਲਣ ਦੀ ਓਨੀ ਅਹਿਮੀਅਤ ਨਹੀਂ ਸੀ ਜਿੰਨੀ ਕਿ ਲੋਕ ਮਨਾਂ ‘ਤੇ ਵਿਆਪਕ ਕਬਜਾ ਕਰਨਾ ਸੀ।
ਰਾਸ਼ਟਰੀ ਮੀਡੀਆ ਅਦਾਰਿਆਂ ਦੀ ਸਹਿਮਤੀ ਤੇ ਸਹਿਯੋਗ ਨਾਲ ਸੁਰੱਖਿਆ ਬਲਾਂ ਦੀ ਤਾਕਤ ਦੀ ਵਰਤੋਂ ਨੂੰ ਹਿੰਸਾ ਦੇ ਖੌਫਨਾਕ ਤਮਾਸ਼ੇ ਵਜੋਂ ਪੇਸ਼ ਕੀਤਾ ਗਿਆ। ਜਿੱਥੇ ਸੁਰੱਖਿਆ ਬਲਾਂ ਨੂੰ ਜਮੀਨੀ ਪੱਧਰ 'ਤੇ ਦਰਜਨਾਂ ਸਿੱਖ ਕਾਰਕੁਨਾਂ ਨੂੰ ਫੜਨ ਲਈ ਖੁੱਲ੍ਹ ਦਿੱਤੀ ਗਈ, ਉੱਥੇ ਇਸ ਕਾਰਵਾਈ ਦਾ ਮਨੋਰਥ ਹਰ ਉਸ ਨੌਜਵਾਨ ਨੂੰ ਨਿਸ਼ਾਨੇ 'ਤੇ ਲਿਆਉਣ ਦਾ ਮਕਸਦ ਸੀ ਜੋ ਪੰਥਕ ਸਰਗਰਮੀਆਂ ਨਾਲ ਹਮਦਰਦੀ ਵੀ ਜਤਾਉਣ ਦਾ ਹੀਆ ਕਰ ਰਿਹਾ ਸੀ। ਇੱਕ ਅਹਿਮ ਅਤੇ ਮਹੱਤਵਪੂਰਨ ਨੁਕਤਾ ਇਹ ਵੀ ਹੈ ਕਿ ਇਸ ਵਿਆਪਕ ਪੱਧਰ ਤੇ ਹੋਈ ਕਾਰਵਾਈ ਦੇ ਇੱਕ ਹਿੱਸੇ ਨੂੰ ਕਾਗਜ਼ਾਂ ਤੋਂ ਬਾਹਰ ਰੱਖਿਆ ਗਿਆ ਜਿਸ ਦੇ ਤਹਿਤ ਸੁਰੱਖਿਆ ਬਲ ਕੁੱਝ ਨੌਜਵਾਨਾਂ ਨੂੰ ਥਾਣੇ ਸੱਦ ਕੇ ਧਮਕਾਉਂਦੇ ਰਹੇ ਕਿ ਜੇ ਉਹ ਇਸੇ ਤਰ੍ਹਾਂ ਅਵਾਜ਼ ਉਠਾਉਂਦੇ ਰਹਿਣਗੇ ਅਤੇ ਸਰਕਾਰ ਵਿਰੋਧੀ ਕਿਸੀ ਵੀ ਸਰਗਰਮੀ ਦੇ ਹਿੱਸਾ ਬਣੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਇਹਦੇ ਨਾਲ ਨਾਲ ਹੀ ਅਜਾਦ ਤੇ ਆਲੋਚਨਾਤਮਕ ਮੀਡੀਆ ਅਦਾਰਿਆਂ ਅਤੇ ਪੱਤਰਕਾਰਾਂ ਨੂੰ ਸੈਂਸਰ ਕਰ ਕੇ ਚੁੱਪ ਕਰਵਾਇਆ ਗਿਆ ਜਦੋਂ ਕਿ ਫਿਰਕੂ ਅਤੇ ਰਾਸ਼ਟਰਵਾਦੀ ਅਦਾਰਿਆਂ ਨੂੰ ਪੂਰੀ ਖੁੱਲ੍ਹ ਦਿੱਤੀ ਗਈ ਕਿ ਉਹ ਭੜਕਾਊ ਸੁਰਖੀਆਂ ਨਾਲ ਨਫਰਤ ਬੀਜ ਸਕਣ ਅਤੇ ਗਲਤ ਜਾਣਕਾਰੀ ਦਾ ਸੰਚਾਰ ਕਰ ਸਕਣ। ਬਿਜਲ ਸੱਥ (ਸੋਸ਼ਲ ਮੀਡੀਆ) 'ਤੇ ਸਰਗਰਮ ਪੰਥਕ ਕਾਰਕੁੰਨਾਂ ਦੇ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ (ਜਿਹਦੇ ਵਿਚ ਪੰਥ-ਪੰਜਾਬ ਪ੍ਰੋਜੈਕਟ, ਸਿੱਖ ਸਿਆਸਤ ਅਤੇ ਭਾਈ ਪਰਮਜੀਤ ਸਿੰਘ ਦਾ ਨਿੱਜੀ ਬਿਜਲ ਖਾਤਾ ਵੀ ਸ਼ਾਮਲ ਸਨ) ਜਦ ਕਿ ਅੰਦਰੂਨੀ ਫੁੱਟ ਅਤੇ ਸਨਸਨੀ ਫਲਾਉਣ ਵਾਲੇ ਖਾਤੇ ਬੇਰੋਕ ਚਲਦੇ ਰਹੇ।
ਇਹ ਸਾਰੀ ਕਾਰਵਾਈ ਦੀਆਂ ਸਮੁੱਚੀਆਂ ਘੜੀਆਂ (ਭਾਵ ਸੈਂਕੜੇ ਨੌਜਵਾਨਾਂ ਦੀ ਫੜੋ ਫੜਾਈ, ਮੀਡੀਆਂ ਦੀ ਸੈਂਸਰਸ਼ਿੱਪ ਅਤੇ ਖਬਰਖਾਨੇ ਵੱਲੋਂ ਗਲਤ ਸੂਚਨਾਵਾਂ ਦਾ ਪਸਾਰ) ਇੱਕ ਗੰਭੀਰ ਮਨੋਵਗਿਆਨਿਕ ਹਮਲੇ ਦੀਆਂ ਵੱਖੋ ਵੱਖਰੀਆਂ ਤੰਦਾਂ ਹਨ ਜੋ ਤਿੰਨ ਮੁੱਖ ਮੰਤਵਾਂ ਦੀ ਪੂਰਤੀ ਲਈ ਉਲੀਕੇ ਗਏ ਸਨ।
ਤਮਾਮ ਪੰਜਾਬੀਆਂ ਨੂੰ ਡਰ ਅਤੇ ਸਹਿਮ ਵਿੱਚ ਦੁਬਾਰਾ ਡੋਬਣਾ ਖਾਸਕਰ ਸਿੱਖ ਨੌਜੁਆਨੀ ਜਿਹੜੀ ਆਪਣੇ ਹੱਕਾਂ ਲਈ ਜਾਗਰੂਕ ਹੋ ਰਹੀ ਹੈ ਅਤੇ ਓਹਨਾ ਹੱਕੀ ਮੰਗਾਂ ਦੀ ਹਰ ਪੱਧਰ ‘ਤੇ ਵਕਾਲਤ ਕਰ ਰਹੀ ਹੈ। ਇੱਕ ਗਿਣੀ ਮਿਥੀ ਵਿਓਂਤ ਦੇ ਤਹਿਤ ਸੁਰੱਖਿਆਂ ਬਲਾਂ ਨੂੰ ਪੰਜਾਬ ਵਿੱਚ ਵਿਸ਼ਾਲ ਰੂਪ ਵਿੱਚ ਤਾਇਨਾਤ ਕਰਕੇ ਦਿੱਲੀ ਤਖ਼ਤ ਸਿੱਖਾਂ ਦੇ ਮਨਾਂ ਵਿੱਚ ੯੦ਵਿਆਂ ਦੇ ਨਸਲਘਾਤੀ ਦਮਨ ਦੀਆਂ ਯਾਦਾਂ ਨੂੰ ਮੁੜ ਸੁਰਜੀਤ ਕਰਨਾ ਚਹੁੰਦੀ ਹੈ ਤਾਂ ਕਿ ਪੰਜਾਬ ਵਿੱਚ ਡਰ ਦੇ ਹੇਠ ਅਖੌਤੀ ਸ਼ਾਂਤੀ (ਅਰਥਾਤ ਕਬਰਾਂ ਦੀ ਚੁੱਪ) ਦੁਬਾਰਾ ਬਹਾਲ ਹੋਵੇ।
ਅੰਦਰੂਨੀ ਅਸਹਿਮਤੀਆਂ ਨੂੰ ਭੜਕਾ ਕੇ ਤੇ ਉਕਸਾ ਕੇ ਦਵੰਦ ਪੈਦਾ ਕਰ ਕੇ ਸਿੱਖ ਕਾਰਕੁਨਾਂ ਤੇ ਜਥੇਬੰਦੀਆਂ ਦੀ ਅਸਰਦਾਰ ਵਿਰੋਧ ਸਿਰਜਣ ਦੀ ਸਮਰੱਥਾ ਨੂੰ ਖੇਰੂੰ ਖੇਰੂੰ ਕਰਨਾ। ਕੁਝ ਕੁ ਨੂੰ ਫੜ ਕੇ ਅਤੇ ਬਾਕੀਆਂ ਦੇ ਪ੍ਰਤੀਕਰਮ ਕਰਨ ਦੇ ਸਾਧਨਾਂ ਤੇ ਸੈਂਸਰ ਲਾ ਕੇ ਆਪਣੇ ਕਰਿੰਦਿਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਗਈ ਕਿ ਉਹ ਆਪਣਾ ਰੁੱਖ ਪੰਥਕ ਸਖਸ਼ੀਅਤਾਂ ਤੇ ਜਥਿਆਂ ਵੱਲ ਕਰ ਕੇ ਅਜਿਹਾ ਬਿਰਤਾਂਤ ਸਿਰਜਣ ਜਿਹੜਾ ਅੰਦਰੂਨੀ ਅਸਹਿਮਤੀਆਂ ਨੂੰ ਤੂਲ ਦੇਵੇ ਤੇ ਦੁਫੇੜ ਨੂੰ ਹੋਰ ਪੱਕਿਆਂ ਕਰੇ।
ਪੰਜਾਬ ਅਤੇ ਸਿਖਾਂ ਨੂੰ ਬਦਨਾਮ ਕਰਕੇ ਨਿਸ਼ਾਨੇ 'ਤੇ ਲਿਆਉਣਾ ਤਾਂ ਜੋ ਨਸਲਘਾਤੀ ਹਿੰਸਾ ਨੂੰ ਭੜਕਾਇਆ ਤੇ ਸਹੀ ਸਿੱਧ ਕੀਤਾ ਜਾ ਸਕੇ ਜਿਵੇਂ ਕਿ ੧੯੭੭-੧੯੮੪ ਦੇ ਸਮੇਂ ਵਿਚ ਕੀਤਾ ਗਿਆ ਅਤੇ ੨੬ ਜਨਵਰੀ ੨੦੨੧ ਨੂੰ ਦਿੱਲੀ ਦੇ ਕਿਸਾਨ ਮਾਰਚ ਤੋਂ ਤੁਰੰਤ ਬਾਅਦ ਦੇ ਦਿਨਾਂ ਵਿਚ ਕੀਤਾ ਗਿਆ। ਸਿਖਾਂ ਨੂੰ ਅਸਰਦਾਇਕ ਤਰੀਕੇ ਨਾਲ ਨਿਖੇੜ ਕੇ ਅਤੇ ਪੂਰੇ ਮੁਲਕ ਵਿਚ ਡਰ ਦੀ ਲਹਿਰ ਉਕਸਾ ਕੇ ਇੰਡੀਅਨ ਸੁਰੱਖਿਆ ਬਲ ਸਿੱਖਾਂ ਨੂੰ ਇਕੱਲਿਆਂ ਕਰ ਕੇ ਵਿਆਪਕ ਸਹਿਮਤੀ ਜੁਟਾ ਕੇ ਸਿਖਾਂ ਦੀ ਨਸਲਕੁਸ਼ੀ ਨੂੰ ਸਹੀ ਸਿੱਧ ਕੀਤਾ ਜਾ ਸਕੇ। ਇਸ ਦੀ ਪ੍ਰਤੱਖ ਉਦਾਹਰਨ ਉਨ੍ਹਾਂ ਸਨਸਨੀਖੇਜ਼ ਖਬਰਾਂ ਵਿੱਚ ਦੇਖਣ ਨੂੰ ਮਿਲਦੀ ਹੈ ਜੋ ਸ਼ਰੇਆਮ ਹੀ ਸਿੱਖਾਂ ਖਿਲਾਫ ਹਿੰਸਕ ਕਾਰਵਾਈ ਦੀ ਮੰਗ ਕਰ ਰਹੇ ਸਨ (ਮਿਸਾਲ ਦੇ ਤੌਰ 'ਤੇ ਪੰਜਾਬੀ ਟ੍ਰਿਬਿਊਨ ਵਿੱਚ ਫਰਵਰੀ ਮਹੀਨੇ ਦੇ ਦੂਸਰੇ ਅੱਧ ਵਿੱਚ ਛਪੀਆਂ ਖਬਰਾਂ ਦੇਖੀਆਂ ਜਾ ਸਕਦੀਆਂ ਹਨ)।
ਸਿੱਖ ਪ੍ਰਤੀਕਰਮ ਕਿਵੇਂ ਦੇਣ?
ਭਾਈ ਪਰਮਜੀਤ ਸਿੰਘ ਨੇ ਤਿੰਨ ਘੇਰਿਆਂ ਵਿੱਚ ਕਰਨ ਵਾਲੇ ਕਾਰਜ ਗਿਣਾਏ ਹਨ ਜਿਸ ਰਾਹੀਂ ਸਿੱਖ ਨੌਜੁਆਨ ਤੇ ਜਥੇਬੰਦੀਆਂ ਅਜਿਹੇ ਸੰਭਾਵੀ ਹਮਲਿਆਂ ਨੂੰ ਬੇਅਸਰ ਕਰਨ ਲਈ ਧਿਆਨ ਦੇ ਸਕਦੀਆਂ ਹਨ।
ਯਕੀਨੀ ਬਣਾਇਆ ਜਾਵੇ ਕਿ ਸਾਡੇ ਵੱਲੋਂ ਸਿਰਜੇ ਅਤੇ ਪ੍ਰਸਾਰਿਤ ਕੀਤੇ ਜਾ ਰਹੇ ਬਿਰਤਾਂਤ ਤੱਥ ਅਧਾਰਤ ਹੋਣ ਅਤੇ ਮਜ਼ਲੂਮੀਅਤ ਜਾਂ ਡਰ ਨੂੰ ਉਭਾਰਨ ਦੀ ਬਜਾਏ ਚੜ੍ਹਦੀ ਕਲਾ ਵੱਲ ਸੇਧ ਹੋਣ
ਦਿੱਲੀ ਤਖ਼ਤ ਵੱਲੋਂ ਗਲਤ ਸੂਚਨਾਵਾਂ ਦੀ ਝੜੀ ਨਾਲ ਨਜਿੱਠਣ ਲਈ ਸਾਡੀ ਪਹੁੰਚ ਗੰਭੀਰ ਅਤੇ ਸੰਜੀਦਾ ਹੋਵੇ। ਜਮੀਨੀ ਪੱਧਰ ਦੀਆਂ ਠੋਸ ਹਕੀਕਤਾ ਅਤੇ ਤੱਥਾਂ 'ਤੇ ਗੱਲਬਾਤ ਕੇਂਦ੍ਰਿਤ ਰਹੇ ਅਤੇ ਮਜ਼ਲੂਮੀਅਤ ਦੀ ਥਾਂ 'ਤੇ ਚੜਦੀ ਕਲ੍ਹਾ ਸੁਰ ਹੋਵੇ। ਸਾਜਸ਼ੀ ਜਾਂ ਸਨਸਨੀਖੇਜ ਸੁਰਖੀਆਂ ਵਕਤੀ ਸਮੇਂ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਕਿਸੀ ਮੁਹਿੰਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਸਮਾਂ ਪਾ ਕੇ ਇਸ ਨੀਤੀ ਦਾ ਜਮੀਨ ਤੋਂ ਟੁਟਿਆ ਹੋਣ ਕਰਕੇ ਨੁਕਸਾਨ ਹੀ ਹੋਵੇਗਾ ਕਿਉਂਕਿ ਨਿਰਮੂਲ ਗੱਲਾਂ ਜਾਂ ਝੂਠ ਦੇ ਸਹਾਰੇ ਕੋਈ ਵੀ ਲੋਕ ਲਹਿਰ ਨਹੀਂ ਚਲਾਈ ਜਾ ਸਕਦੀ ਬਲਕਿ ਇਸ ਨਾਲ ਰਾਜਸੀ ਚੇਤਨਾ ਅਤੇ ਸਰਗਰਮੀ ਹੋਰ ਧੁੰਦਲੀ ਹੋ ਜਾਂਦੀ ਹੈ।
ਧਰਾਤਲ 'ਤੇ ਵਾਪਰ ਰਹੀਆਂ ਘਟਨਾਵਾਂ ਨੂੰ ਸਮਝਣ ਦੀ ਕਵਾਇਦ ਪੰਜਾਬ ਦੀਆਂ ਜਮੀਨੀ ਹਕੀਕਤਾਂ ਨਾਲ ਜੁੜੀਆਂ ਹੋਣ ਨਾਂ ਕਿ ਬਿਜਲ ਸੱਥ (ਸੋਸ਼ਲ ਮੀਡੀਆਂ) 'ਤੇ ਅਧਾਰਿਤ। ਇਹ ਜਰੂਰੀ ਹੈ ਕਿ ਇਸ ਮੰਤਵ ਲਈ ਅਸੀਂ ਆਪਣੇ ਘਰੋਂ ਬਾਹਰ ਨਿਕਲੀਏ ਤੇ ਜਮੀਨੀ ਹਕੀਕਤਾਂ ਦੇ ਰੂਬਰੂ ਹੋ ਕੇ ਪੰਜਾਬ ਦੀ ਇਸ ਧਰਤੀ ਨਾਲ ਆਪਣਾ ਰਿਸ਼ਤਾ ਮਜਬੂਤ ਅਤੇ ਪੱਕਿਆਂ ਕਰੀਏ ਤਾਂ ਕਿ ਸਾਡੀ ਸਰਗਰਮੀ ਹਵਾਈ ਕਿੱਲਿਆਂ ਨੂੰ ਉਸਾਰਨ ਜਾਂ ਮਹਿਜ਼ ਮਿਹਣੇ/ਖਾਹਿਸ਼ਾਂ ਨੂੰ ਜ਼ਾਹਰ ਕਰਨ ਤੱਕ ਮਹਿਦੂਦ ਨਾਂ ਰਹੇ ਧਰਾਤਲ 'ਤੇ ਵਿਚਰਦਿਆਂ ਠੋਸ ਕਦਮਾਂ ਨੂੰ ਪੁੱਟਣ ਦੀ ਲੋੜ ਹੈ।
ਸੰਭਾਵੀ ਸਹਿਯੋਗੀਆਂ ਨਾਲ ਸਾਂਝ ਅਤੇ ਤਾਲਮੇਲ ਵਧਾਉਣ ਲਈ ਠੋਸ ਉਪਰਾਲੇ ਕਰੀਏ
ਦਿੱਲੀ ਤਖ਼ਤ ਖਿਲਾਫ ਸੰਘਰਸ਼ ਕਰ ਰਹੀਆਂ ਹੋਰ ਜਥੇਬੰਦੀਆਂ ਅਤੇ ਕੌਮਾਂ ਨਾਲ ਏਕਾ ਇਸ ਖਿੱਤੇ ਵਿੱਚ ਜਿੱਤ ਹਾਸਲ ਕਰਨ ਲਈ ਜਰੂਰੀ ਹੈ। ਜੇ ਸਿਰਫ ਰਣਨੀਤਕ ਪੱਖ ਤੋਂ ਦੇਖਿਆ ਜਾਵੇ ਤਾਂ ਹੋਰਨਾਂ ਸੰਘੀਰਸ਼ੀਲ ਧਿਰਾਂ ਨਾਲ ਆਪਸੀ ਸਾਂਝ ਅਤੇ ਤਾਲਮੇਲ ਨੂੰ ਵਧਾਉਣਾ ਇੱਕ ਸਿਆਣੀ ਅਤੇ ਸਮਝਦਾਰ ਗੱਲ ਹੈ।
ਇਹਦਾ ਮਤਲਬ ਕਦਾਚਿਤ ਇਹ ਨਹੀਂ ਕੇ ਆਪਣਾ ਮਾਨ ਸਨਮਾਨ ਤਿਆਗ ਕੇ ਤੇ ਦੂਜੇ ਨੂੰ ਖੁਸ਼ ਕਰਨ ਲਈ ਕੋਈ ਕਾਰਜ ਕੀਤਾ ਜਾਵੇ ਅਤੇ ਨਾ ਹੀ ਇਹਦਾ ਮਤਲਬ ਇਹ ਹੈ ਕੇ ਆਪਣੀ ਲੜਾਈ ਦਾ ਬੋਝ ਕਿਸੇ ਦੇ ਰਹਿਮ ਦੇ ਆਸਰੇ 'ਤੇ ਰੱਖਿਆ ਜਾਵੇ। ਬਸ ਇਹ ਇਕ ਸਾਦਾ ਜਿਹਾ ਪੈਂਤੜਾ ਹੈ ਆਪਣੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਦਾ। ਇੱਕਾ ਦੁੱਕਾ ਵਿਚਾਰਧਾਰਕ ਵਿਰੋਧੀਆਂ 'ਤੇ ਹਮਲਾਵਰ ਹੋਣਾ ਸਾਨੂੰ ਜਿੱਤ ਦਾ ਥੋੜ ਚਿਰ ਅਹਿਸਾਸ ਤਾ ਦੇ ਸਕਦਾ ਹੈ ਪਰ ਇੰਡੀਅਨ ਤਾਨਾਸ਼ਾਹੀ ਖਿਲਾਫ ਇਕ ਅਸਰਦਾਰ ਲਹਿਰ ਬਣਾਉਣ ਜਾਂ ਸੁਤੰਤਰਤਾ ਵੱਲ ਨਹੀਂ ਲੈ ਕੇ ਜਾਂਦਾ।
ਕਿਸਾਨ ਮੋਰਚੇ ਤੇ ਉਸ ਤੋਂ ਬਾਅਦ ਦੇ ਸਾਂਝੇ ਸੰਘਰਸ਼ਾਂ (ਮੱਤੇਵਾੜਾ, ਜ਼ੀਰਾ, ਮੁੱਦਕੀ ਅਤੇ ਹੋਰ) ਨੇ ਇਸ ਪੈਂਤੜੇ ਦੀ ਸਾਰਥਿਕਤਾ 'ਤੇ ਮੁਹਰ ਲਾਈ ਹੈ। ਆਪਣੇ ਵਿਚਾਰਧਾਰਕ ਤੇ ਰਣਨੀਤਕ ਵਖਰੇਵਿਆਂ ਦੇ ਬਾਵਜੂਦ ਇਕ ਸਾਂਝੇ ਦੁਸ਼ਮਣ ਖਿਲਾਫ ਇਕ ਸਾਂਝੇ ਏਜੰਡੇ ‘ਤੇ ਇਕ ਹੱਦ ਤਕ ਨਾਲ ਤੁਰਨਾ ਸੰਭਵ ਹੈ। ਇਸ ਵਿਚ ਇਹ ਸੰਭਾਵਨਾ ਵੀ ਬਣੀ ਰਹਿੰਦੀ ਹੈ ਕੇ ਸਾਂਝੇ ਦੁਸ਼ਮਣ ਨਾਲ ਨਜਿੱਠ ਕੇ ਮੁੜ ਤੋਂ ਆਪਣੇ ਵਿਚਾਰਧਾਰਕ ਤੇ ਰਣਨੀਤਕ ਰਾਹ ਤੇ ਤੁਰਿਆ ਜਾ ਸਕੇ। ਕਿਸੇ ਵੀ ਲਹਿਰ ਦਾ ਇਹ ਮੂਲ ਪੈਂਤੜਾ ਹੁੰਦਾ ਹੈ।
ਸਾਂਝੀ ਅਗਵਾਈ ਸਿਰਜਣ 'ਤੇ ਧਿਆਨ ਕੇਂਦ੍ਰਿਤ ਕਰਨਾ।
ਅਖੀਰ ਨੂੰ ਇਨ੍ਹਾਂ ਸਾਰੀਆਂ ਗੱਲਾਂ ਅਤੇ ਕਾਰਜਾਂ ਦਾ ਕੇਂਦ੍ਰੀ ਧੁਰਾ ਇਹੀ ਹੈ ਕਿ ਭਰੋਸੇਯੋਗ, ਸਾਰਥਕ ਅਤੇ ਪਾਏਦਾਰ ਆਗਵਾਈ ਦੇ ਢਾਂਚੇ ਅਤੇ ਫੈਸਲੇ ਲੈਣ ਦੇ ਵਿਧੀ ਵਿਧਾਨ ਉਭਾਰੇ ਜਾਣ। ਸਿੱਖ ਅਗਵਾਈ - ਖਾਸਕਰ ਮੌਜੂਦਾ ਸਮੇ ਦੌਰਾਨ - ਕਿਸੇ ਇੱਕ ਵਿਅਕਤੀ ਵਿਸ਼ੇਸ ਦੇ ਦੁਆਲੇ ਨਹੀਂ ਉਸਾਰੀ ਜਾ ਸਕਦੀ ਕਿਓਂਕਿ ਇਕੱਲੇ ਇਕਲਾਪੇ ਨੂੰ, ਜੇਲ੍ਹੀਂ ਡੱਕਿਆ ਜਾ ਸਕਦਾ ਹੈ, ਖਰੀਦਿਆਂ ਜਾ ਸਕਦਾ ਹੈ, ਡਰਾਇਆ ਜਾਂ ਭਟਕਾਇਆ ਜਾ ਸਕਦਾ ਹੈ ਜਾਂ ਸਰਕਾਰ ਹੋਰ ਕਈ ਤਰੀਕੇ ਵਰਤ ਕੇ ਖਤਮ ਕਰ ਸਕਦੀ ਹੈ। ਵਿਕੇਂਦ੍ਰੀਕ੍ਰਿਤ ਜਥੇਬੰਦੀ ਅਤੇ ਸਾਂਝੀ ਅਗਵਾਈ ਦੇ ਢਾਂਚੇ ਇਸ ਗੱਲ ਨੂੰ ਪੱਕਿਆਂ ਕਰਦੇ ਹਨ ਕਿ ਸਿੱਖਾਂ ਦੀ ਸਮੂਹਕ ਸੋਝੀ ਅਗਾਂਹ ਦੇ ਪੈਂਤੜੇ ਤਹਿ ਕਰੇਗੀ ਜੋ ਕਿ ਸੌਖਿਆਂ ਦਬਾਈ ਜਾਂ ਕੁਚਲੀ ਨਾ ਜਾ ਸਕੇ।
ਪੰਥ ਸੇਵਕ ਸਖਸ਼ੀਅਤਾਂ ਦੇ ਪਿਛਲੇ ਕੁਝ ਸਮੇਂ ਵਿੱਚ ਕੀਤੇ ਇਸ ਕਿਸਮ ਦੇ ਸਾਂਝੇ ਉਪਰਾਲਿਆਂ ਦਾ ਹਵਾਲਾ ਦਿੰਦੇ ਹੋਏ ਭਾਈ ਪਰਮਜੀਤ ਸਿੰਘ ਦਸਦੇ ਹਨ ਕੇ ਜਿਨ੍ਹਾਂ ਜੁਝਾਰੂਆਂ ਨੇ ਇਹ ਉਪਰਾਲੇ ਅਰੰਭੇ ਹਨ ਉਨ੍ਹਾਂ ਨੇ ਚਾਰ ਮੁਖ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਹੈ ਜੋ ਸਾਡੇ ਮੌਜੂਦਾ ਸਮੇ ਦੀਆਂ ਫੌਰੀ ਤਰਜੀਹਾਂ ਹੋਣੀਆਂ ਚਾਹੀਦੀਆਂ ਹਨ:
ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟਾਂ ਵਾਲੇ ਪ੍ਰਬੰਧ ਤੋਂ ਮੁਕਤ ਕਰਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਦੀ ਬਹਾਲੀ।
ਸਥਾਨਕ ਗੁਰਦੁਆਰਾ ਸਾਹਿਬਾਨਾਂ (ਜਿਥੇ ਕਿਤੇ ਕੋਈ ਤਰੁੱਟੀ ਆਈ ਹੈ) ਦੇ ਪ੍ਰਬੰਧਨ ਨੂੰ ਸੁਧਾਰਿਆ ਜਾਵੇ ਤਾਂ ਕਿ ਸਾਡੇ ਜਮੀਨੀ ਪੱਧਰ ਦੇ ਤਾਕਤ ਦੇ ਸੋਮੇ ਮਜ਼ਬੂਤ ਹੋਣ।
ਖੇਤਰੀ ਰਾਜਨੀਤੀ ਵਿੱਚ ਖਦਮੁਖਤਿਆਰੀ ਅਧਾਰਿਤ ਰਾਜਸੀ ਪਹਿਲਕਦਮੀ ਬਾਰੇ ਸਾਂਝੀ ਰਾਏ ਉਸਾਰੀ ਜਾਵੇ।
ਖਾਲਿਸਤਾਨ ਦੀ ਸਥਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਲਾਮਬੰਦ ਕਰਨਾ ਤੇ ਅੱਗੇ ਤੋਰਨਾ।