ਨੀਹਾਂ ਨੂੰ ਚਿਣਦਿਆਂ: ਸੰਘਰਸ਼ ਦੇ ਅਗਲੇ ਪੜਾਅ ਲਈ ਤਿਆਰੀ
ਲੰਘੇ ੩੧ ਮਾਰਚ ਨੂੰ ਖਾਲਿਸਤਨ ਕੇਂਦਰ ਦੇ ਸੇਵਾਦਾਰਾਂ ਨੇ "ਨੀਹਾਂ ਨੂੰ ਚਿਣਦਿਆਂ: ਸੰਘਰਸ਼ ਦੇ ਅਗਲੇ ਪੜਾਅ ਲਈ ਤਿਆਰੀ" ਨਾਮਕ ਕਿਤਾਬਚਾ ਛਾਪਿਆ ਹੈ ਜੋ ਕਿ ਆਉਣ ਵਾਲੀ ਪੀੜੀ ਲਈ ਸਿੱਖ ਸੰਘਰਸ਼ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਹਾਇਕ ਹੋਵੇਗਾ। ਇਸ ਵਿੱਚਲੇ ਲੇਖ "ਸਿੱਖ ਸੰਘਰਸ਼: ਕਿਵੇਂ ਅਤੇ ਕਿਉਂ", "ਖਾਲਸਾ ਜੀ ਦੇ ਅਦਰਸ਼ ਅਤੇ ਸਿਧਾਂਤ", ਅਤੇ "ਸ਼ਹੀਦਾਂ ਦੀ ਪੈੜ" ਸੰਖੇਪ ਵਿੱਚ ਸਿੱਖ ਸੰਘਰਸ਼ ਦੀ ਮੁੱਢਲੀ ਜਾਣਕਾਰੀ ਦਿੰਦੇ ਹਨ। ਸਿਧਾਂਤਕ ਵਿਸ਼ਲੇਸ਼ਣ ਦੇ ਨਾਲ-ਨਾਲ ਕਿਤਾਬਚਾ ਨੌਜਵਾਨਾਂ ਲਈ ਕਰਨਯੋਗ ਕਾਰਜਾਂ ਬਾਰੇ ਵੀ ਚਾਨਣ ਪਾਉਂਦਾ ਹੈ। ਪੰਥ-ਪੰਜਾਬ ਦੇ ਇਸ ਅੰਕ ਵਿੱਚ ਅਸੀਂ ਇਸ ਕਿਤਾਬਚੇ ਦੀ ਭੂਮਿਕਾ ਚੋਂ ਕੁੱਝ ਅੰਸ਼ ਛਾਪ ਰਹੇ ਹਾਂ। ਕਿਤਾਬਚੇ ਦਾ ਅੰਗਰੇਜ਼ੀ ਰੂਪ www.khalistan.org/publications 'ਤੇ ਉਪਲਭਦ ਹੈ ਅਤੇ ਛੇਤੀ ਹੀ ਪੰਜਾਬੀ ਵਿੱਚ ਛਾਪਿਆ ਜਾਵੇਗਾ।
ਪੰਥ ਅਤੇ ਪੰਜਾਬ ਵਿੱਚ ਚੱਲ ਰਹੀ ਸਰਗਰਮੀ ਅਤੇ ਵੱਧ ਰਹੀ ਚੇਤਨਾ ਦੇ ਮੱਦੇਨਜ਼ਰ ਦੁਨੀਆ ਭਰ ਦੇ ਪੰਥਕ ਨੌਜਵਾਨਾਂ 'ਚ ਚੱਲ ਰਹੇ ਸੰਘਰਸ਼ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਬਣਦਾ ਯੋਗਦਾਨ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੀ ਸਹੂਲਤ ਲਈ ਖਾਲਿਸਤਾਨ ਕੇਂਦਰ ਵੱਲੋਂ ਛਾਪੇ ਵੱਖ-ਵੱਖ ਸ੍ਰੋਤਾਂ ਦਾ ਸੰਖੇਪ ਸੰਗ੍ਰਹਿ ਤਿਆਰ ਕੀਤਾ ਗਿਆ ਹੈ ਜੋ ਤਿੰਨ ਮਸਲਿਆਂ 'ਤੇ ਕੇਂਦ੍ਰਿਤ ਹੈ: ਮੌਜੂਦਾ ਦੌਰ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ, ਆਉਣ ਵਾਲੇ ਸਮੇਂ 'ਚ ਪੰਥ-ਪੰਜਾਬ ਦੇ ਸਨਮੁਖ ਕਿਹੜੀਆਂ ਕਿਹੜੀਆਂ ਚੁਣੌਤੀਆਂ ਹਨ, ਅਤੇ ਇਸ ਦੇ ਮੱਦੇਨਜ਼ਰ ਪੰਥਕ ਨੌਜਵਾਨਾਂ ਨੂੰ ਕਿਹੋ ਜਿਹੀ ਪਹਿਲਕਦਮੀ ਕਰਨੀ ਚਾਹੀਦੀ ਹੈ? ਇਸ ਕਿਤਾਬਚੇ ਵਿੱਚ ਸਿਰਫ ਮੁੱਢਲੀ ਜਾਣਕਾਰੀ ਹੀ ਹੋਵੇਗੀ ਤਾਂ ਕਿ ਨੌਜਵਾਨ ਇੰਡੀਅਨ ਸਟੇਟ ਦਾ ਦਮਨਕਾਰੀ ਮੁਹਾਂਦਰਾ ਪਛਾਣ ਸਕਣ ਅਤੇ ਖਾਲਸਾ ਜੀ ਦੇ ਖਾਲਿਸਤਾਨ ਦੀ ਸਥਾਪਤੀ ਲਈ ਚੱਲ ਰਹੇ ਸੰਘਰਸ਼ ਦੇ ਅਗਲੇਰੇ ਕਾਰਜਾਂ ਨੂੰ ਸਮਝਣ।
ਤਕਨੀਕ ਦੇ ਬਹੁਤ ਸਾਰੇ ਫਾਇਦਿਆਂ ਦੇ ਬਾਵਜੂਦ, ਇਹ ਹਕੀਕਤ ਨੂੰ ਪਛਾਨਣ ਦੀ ਲੋੜ ਹੈ ਕਿ ਪੰਥ ਵਿੱਚ ਚੱਲ ਰਹੀ ਨਵੀਂ ਸਫਬੰਦੀ ਨੂੰ ਨੇਪਰੇ ਚਾੜਨ ਲਈ ਸਾਨੂੰ ਇੱਕ ਦੂਜੇ ਦੇ ਸਨਮੁਖ ਸੰਗਤ-ਰੂਪ ਹੋ ਕੇ ਹੀ ਲਾਮਬੰਦ ਹੋਣਾ ਪਵੇਗਾ ਜੋ ਕਿ ਸਥਾਨਕ ਗੁਰਦੁਆਰੇ ਸਾਹਿਬਾਨਾਂ ਅਤੇ ਸਕੂਲਾਂ-ਕਾਲਜਾਂ ਵਿੱਚ ਹੀ ਹੋਵੇਗਾ। ਆਪਣੀਆਂ ਸਥਾਨਕ ਸਰਗਰਮੀਆਂ ਦੇ ਸਹਿਯੋਗ ਅਤੇ ਮਦਦ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ: fateh@khalistan.org।
ਇਹ ਕਿਤਾਬਚਾ ਸਿੱਖ ਸੰਘਰਸ਼ ਦੇ ਭਵਿੱਖ ਵੱਲ ਸੇਧਿਤ ਹੋ ਕੇ ਕੁੱਝ ਮੁੱਢਲੇ ਮਸਲਿਆਂ 'ਤੇ ਚਾਨਣਾ ਪਾਵੇਗਾ ਜਿਨ੍ਹਾਂ ਦੀ ਜਾਣਕਾਰੀ ਪਾਏਦਾਰ ਸਰਗਰਮੀ ਲਈ ਲਾਜ਼ਮੀ ਹੈ ਜਿਵੇਂ ਕਿ:
ਪੰਜਾਬ ਵਿੱਚ ੧੮ ਮਾਰਚ ਨੂੰ ਕੀ ਵਾਪਿਰਆਂ? ਕਿਉਂ ਵਾਪਰਿਆ?
ਇੰਡੀਅਨ ਸਟੇਟ ਦੀ ਨਸਲਘਾਤੀ ਹਿੰਸਾ ਨੂੰ ਅੰਜਾਮ ਦੇਣ ਲਈ ਕਿਹੜੇ ਢਾਂਚੇ ਅਤੇ ਕਿਹੜੀਆਂ ਪ੍ਰਕਿਰਿਆਵਾਂ ਦੀ ਭੂਮਿਕਾ ਹੈ?
ਸਿੱਖ ਸੰਘਰਸ਼ ਦਾ ਆਗਾਜ਼ ਕਿਸ ਤਰ੍ਹਾਂ ਅਤੇ ਕਿਉਂ ਹੋਇਆ?
ਗੁਰੂ ਖਾਲਸਾ ਪੰਥ ਦੇ ਰਾਜ ਦਾ ਸੰਕਲਪ ਕੀ ਹੈ?
ਚੱਲ ਰਹੇ ਸੰਘਰਸ਼ ਨੂੰ ਸਾਬਤ ਕਦਮੀਂ ਅੱਗੇ ਤੋਰਨ ਲਈ ਨੌਜਵਾਨ ਕਿਹੜੇ ਕਾਰਜ ਕਰਨ?
ਲੰਘੇ ੧੮ ਮਾਰਚ ਤੋਂ ਬਾਅਦ ਚੱਲੇ ਦਮਨ ਚੱਕਰ ਦਿੱਲੀ ਤਖਤ ਦੀ ਨਸਲਘਾਤੀ ਨੀਤੀ ਦੀ ਹੀ ਲਗਾਤਾਰਤਾ ਹੈ ਜੋ ਉਸ ਸਿੱਖ ਸਰਗਰਮੀ ਨੂੰ ਕੁਚਲਣ ਲਈ ਉਤਾਵਲਾ ਹੈ ਜੋ ਵੀ ਸਟੇਟ ਢਾਂਚਿਆਂ ਦੀ ਕੈਦ ਤੋਂ ਬਾਹਰ ਹੈ। ਤਾਕਤ ਦੀ ਵਰਤੋਂ ਅਤੇ ਮਨੋਵਗਿਆਨਿਕ ਹਮਲੇ ਸਿੱਖ ਨੌਜਵਾਨਾਂ ਵਿੱਚ ਦਿਨੋ ਦਿਨ ਵੱਧ ਰਹੀ ਚੇਤਨਾ ਅਤੇ ਸਰਗਰਮੀ ਨੂੰ ਠੱਲ ਪਾਉਣ ਲਈ ਹੀ ਨਹੀ ਸੀ ਬਲਕਿ ਦੁਨੀਆ ਭਰ ਦੇ ਸਿੱਖਾਂ ਨੂੰ ਵਿਆਪਕ ਹਿੰਸਾ ਦੀ ਇੱਕ ਝਲਕ ਦਿਖਾ ਕੇ ਡਰ ਅਤੇ ਸਹਿਮ ਵੱਲ ਧੱਕਣ ਦੀ ਵੀ ਇੱਕ ਕੋਸ਼ਿਸ਼ ਸੀ। ਮੌਜੂਦਾ ਦੌਰ ਦੇ ਮਨੋਵਗਿਆਨਿਕ ਹਮਲਿਆਂ ਨੂੰ ਸਮਝਦਿਆਂ ਹੋਇਆਂ (ਜੋ ਕਿ ਡਰ, ਸਹਿਮ, ਖਿੰਡਾਉ ਅਤੇ ਭੜਕਾਹਟ ਪੈਦਾ ਕਰਨ ਲਈ ਵਰਤੇ ਜਾਂਦੇ ਹਨ) ਇਹ ਅਤਿ ਜ਼ਰੂਰੀ ਹੈ ਕਿ ਨੌਜਵਾਨਾਂ ਇਨ੍ਹਾਂ ਝਾਂਸਿਆਂ ਵਿੱਚ ਆ ਕੇ ਸਟੇਟ ਦੇ ਹੀ ਸੰਦ ਨਾਂ ਬਣ ਜਾਣ। ਖਾਲਸਾ ਜੰਗ ਦਾ ਮੈਦਾਨ ਅਤੇ ਜੰਗ ਦਾ ਸਮਾਂ ਖੁੱਦ ਹੀ ਤਹਿ ਕਰਦਾ ਹੈ।
ਬਾਹਰੀ ਹਮਲਿਆਂ ਨੂੰ ਰੋਕਣ ਦੇ ਨਾਲ ਨਾਲ ਨੌਜਵਾਨਾਂ ਨੂੰ ਆਪਣੀ (ਨਿੱਜੀ ਅਤੇ ਪੰਥਕ) ਅੰਦਰੂਨੀ ਤਾਕਤ ਅਤੇ ਕਾਬਲੀਅਤ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਅਸੀਂ ਦੁਨੀਆ ਭਰ ਦੇ ਸਿੱਖ ਨੌਜਵਾਨਾਂ ਨੂੰ ਹੋਕਾ ਦਿੰਦੇ ਹਾਂ ਕਿ ਵਕਤੀ ਕਾਰਵਾਈਆਂ ਦੀ ਵਕਤੀ ਤਸੱਲੀ ਵਿੱਚ ਮਸ਼ਰੂਫ ਹੋ ਕੇ ਆਪਣੀ ਜਿੰਮੇਵਾਰੀਆਂ ਤੋਂ ਸੁਰਖੁਰੂ ਨਹੀਂ ਹੋਇਆ ਜਾ ਸਕਦਾ ਹੈ ਸਗੋਂ ਸਿੱਖ ਸੰਘਰਸ਼ ਦੇ ਅਗਲੇ ਪੜਾਅ ਵੱਲ ਤੇਜ਼ੀ ਨਾਲ ਵੱਧਦਿਆਂ ਸਮੇਂ ਦੀ ਨਾਜ਼ੁਕਤਾ ਨੂੰ ਸੰਜੀਦਗੀ ਨਾਲ ਸਮਝਣਾ ਚਾਹੀਦਾ ਹੈ। ਇੱਕ ਇੱਕ ਕਦਮ ਕਰਕੇ ਛੋਟੀਆਂ ਛੋਟੀਆਂ ਪ੍ਰਾਪਤੀਆਂ ਦੇ ਆਸਰੇ ਸਾਨੂੰ ਵੱਡੀ ਜੰਗ ਵੱਲ ਵੱਧਣਾ ਪਵੇਗਾ। ਰਾਤੋ ਰਾਤ ਪ੍ਰਾਪਤੀ ਕਰਨ ਦੇ ਸੁਪਨਿਆਂ ਨੂੰ ਨਕਾਰਦਿਆਂ ਸਾਨੂੰ ਪੰਥ ਦੇ ਸਾਂਝੇ ਹਿਤ ਲਈ ਲੰਬੇ ਸਮੇਂ ਲਈ ਹੱਡ ਤੋੜ ਮਸ਼ੱਕਤ ਕਰਨ ਵਿੱਚੋਂ ਰਸ ਲਭਣਾ ਪਵੇਗਾ। ਇਸ ਤਰ੍ਹਾਂ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਲੰਬੇ ਸਮੇਂ ਲਈ ਲੋੜੀਂਦੀਆਂ ਸੰਸਥਾਵਾਂ ਅਤੇ ਢਾਂਚਿਆਂ ਦੀ ਉਸਾਰੀ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ।
ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਕਰਨ ਲਈ ਕਈ ਪਹਿਲੂਆਂ 'ਤੇ ਸਾਨੂੰ ਕੰਮ ਕਰਨ ਦੀ ਲੋੜ ਹੈ:
ਨਿੱਜੀ, ਜਥੇਬੰਦਕ ਅਤੇ ਸਮੂਹਿਕ ਰੂਪ ਵਿੱਚ ਸਾਡੀ ਅੰਦਰੂਨੀ ਤਾਕਤ ਅਤੇ ਕਾਬਲੀਅਤ ਨੂੰ ਵਧਾਉਣ ਦੀ ਲੋੜ ਹੈ। ਇਹ ਗੱਲ ਨਾਮ ਬਾਣੀ ਦਾ ਅਭਿਆਸ ਰਾਹੀਂ ਆਪਣੇ ਅਧਿਆਤਮਕ ਜੀਵਨ ਤੋਂ ਸ਼ੁਰੂ ਹੋ ਕੇ ਪੰਥਕ ਲਾਮਬੰਦੀ ਦੇ ਹਰ ਪਹਿਲੂ 'ਤੇ ਢੁੱਕਦੀ ਹੈ। ਇਸ ਵਿੱਚ ਗਿਆਨ ਵਿੱਚ ਵਾਧਾ ਕਰਨ, ਨਵੇਂ ਤਕਨੀਕ ਅਤੇ ਮੁਹਾਰਤ ਹਾਸਲ ਕਰਨ, ਅਤੇ ਪਾਏਦਾਰ ਸੰਸਥਾਵਾਂ ਨੂੰ ਖੜ੍ਹੀਆਂ ਕਰਨੀਆਂ ਸ਼ਾਮਲ ਹਨ।
ਸਥਾਨਕ ਜਥਿਆਂ ਵਿੱਚਕਾਰ ਆਪਸੀ ਸੰਚਾਰ ਅਤੇ ਤਾਲਮੇਲ ਨੂੰ ਵਧਾਉਂਦੇ ਹੋਏ ਆਲਮੀ ਪੱਧਰ 'ਤੇ ਸਾਂਝ ਅਤੇ ਤਾਲਮੇਲ ਨੂੰ ਵਧਾਉਣ ਦੀ ਲੋੜ ਹੈ। ਸਾਨੂੰ ਪੱਛਮੀ ਤਰਜ਼ ਦੀਆਂ "ਅਫਸਰਸ਼ਾਹੀ" (ਬਿਊਰੌਕਰੇਸੀ) 'ਤੇ ਅਧਾਰਿਤ ਜਥੇਬੰਦੀਆਂ ਦੀ ਲੋੜ ਨਹੀਂ ਜੋ ਅਹੁਦੇਦਾਰ ਅਤੇ ਦਰਜਾਬੰਦੀ ਦੇ ਦੁਆਲੇ ਬਣੇ ਹੋਣ। ਸਾਨੂੰ ਸਥਾਨਕ ਪੱਧਰ ਦੇ ਜਥਿਆਂ ਦੇ ਲਚਕੀਲੇਪਣ ਨੂੰ ਬਰਕਰਾਰ ਰੱਖਦਿਆਂ ਆਪਸ ਵਿੱਚ ਸਾਂਝ ਅਤੇ ਸੰਚਾਰ ਵਧਾਉਣ ਦੀ ਹੀ ਲੋੜ ਹੈ। ਇਸ ਨਾਲ ਜਮੀਨੀ ਪੱਧਰ ਤੋਂ ਵਿਕਸਤ ਹੋਈ ਸਾਂਝੀ ਅਗਵਾਈ ਇੱਕ ਵਿਕੇਂਦ੍ਰੀਕ੍ਰਿਤ ਜਥੇਬੰਦਕ ਢਾਂਚੇ ਰਾਹੀਂ ਉਸਾਰੀ ਜਾ ਸਕਦੀ ਹੈ।
ਪੰਥਕ ਹਲਕਿਆਂ ਵਿੱਚ ਸਾਂਝੀ ਰਾਏ ਅਤੇ ਸਾਂਝੀ ਸੁਰਤ ਨੂੰ ਲਿਆਉਣ ਲਈ ਕਦਮ ਪੁੱਟੇ ਜਾਣ ਤਾਂ ਕਿ ਸਾਰਥਕ ਭਵਿੱਖਤ ਰਣਨੀਤੀ ਨੂੰ ਉਲਕਿਆ ਜਾ ਸਕੇ। ਇਸ ਦੇ ਲਈ ਤਿੰਨ ਨੁਕਤਿਆਂ ਦੀ ਖਾਸ ਜ਼ਰੂਰਤ ਹੈ:
ਰਾਜ ਦੇ ਸਿੱਖ ਸੰਕਲਪ ਅਤੇ ਖਾਲਸਾ ਜੀ ਦੇ ਅਦਰਸ਼ਾਂ ਬਾਰੇ ਸਪੱਸ਼ਟ ਸਮਝ;
ਮੌਜੂਦਾ ਦੌਰ ਦੇ ਰਾਜਸੀ ਹਲਾਤਾਂ ਦੀ ਹਕੀਕੀ ਸਮਝ ਜਿਸ ਨਾਲ ਖਤਰਿਆਂ ਅਤੇ ਸੰਭਾਵਨਾਵਾਂ ਦੀ ਸਹੀ ਨਿਸ਼ਾਨਦੇਹੀ ਹੋ ਸਕੇ; ਅਤੇ
ਇਨ੍ਹਾਂ ਹਲਾਤਾਂ ਦੀ ਠੋਸ ਸਮਝ ਅਨੁਸਾਰ ਆਪਣੇ ਮਿੱਥੇ ਨਿਸ਼ਾਨੇ ਵੱਲ ਵੱਧਣ ਲਈ ਪਾਏਦਾਰ ਢਾਂਚੇ, ਰਣਨੀਤੀ, ਅਤੇ ਦਾਅ-ਪੇਚ।
ਜਦੋਂ ਕਿ ਇੰਡੀਅਨ ਸਟੇਟ ਨੇ ਸੁਤੰਤਰ ਸਿੱਖ ਸੋਚ ਅਤੇ ਸਰਗਰਮੀ ਨੂੰ ਕੁਚਲਣ ਲਈ ਹਰ ਹੀਲਾ ਵਰਤਣਾ ਹੈ ਸਾਡਾ ਅਡੋਲ ਨਿਸਚਾ ਹੈ ਕਿ ਦੁਨੀਆ ਭਰ ਦੇ ਸਿੱਖ ਨੌਜਵਾਨ ਖਾਲਸਾਈ ਜਾਹੋ ਜਲਾਲ ਨੂੰ ਪ੍ਰਗਟਾਉਂਦਿਆਂ ਭਵਿੱਖ ਦਾ ਇਤਿਹਾਸ ਆਪਣੇ ਪੁਰਖਿਆਂ ਵਾਂਗ ਸੁਨਹਿਰੀ ਅੱਖਰਾਂ ਵਿੱਚ ਲਿਖਣਗੇ।
ਮੰਨੂ ਅਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।