੧ ਜਨਵਰੀ ੧੯੯੩: ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਸਜ਼ਾਵਾਂ ਕਦੋਂ?
ਭਾਈ ਜਸਪਾਲ ਸਿੰਘ ਮੰਝਪੁਰ | @manjhpur
੨੦੧੧ ਚ ਕੇਂਦਰੀ ਜੇਲ਼ ਲੁਧਿਆਣਾ ਦੀ ਨਜ਼ਰਬੰਦੀ ਦੌਰਾਨ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਬਾਰੇ ਭਾਈ ਮੰਝਪੁਰ ਵੱਲੋਂ ਲੇਖ ਲਿਖਿਆ ਸੀ। ਉਸ ਸਮੇਂ ਜਥੇਦਾਰ ਜੀ ਦਾ ਸ਼ਹੀਦੀ ਦਿਹਾੜਾ ਕੇਂਦਰੀ ਜੇਲ, ਲੁਧਿਆਣਾ ਦੇ ਨਵੀਆਂ ਬੈਰਕਾਂ ਦੇ ਗੁਰੂ ਘਰ ਵਿਚ ਮਨਾਇਆ ਸੀ ਜਿਸਦੀ ਖਬਰ ਅਜੀਤ ਅਖਬਾਰ ਵਿਚ ਜਨਰਲ ਪੇਜ ਉੱਪਰ ਲੱਗ ਗਈ। ਕੁਝ ਦਿਨਾਂ ਬਾਅਦ ਉੱਪਰੋਂ ਆਏ ਹੁਕਮਾਂ ਮੁਤਾਬਕ ਭਾਈ ਮੰਝਪੁਰ ਵਾਲੀ ੬ ਨੰਬਰ ਬੈਰਕ ਪੱਟ ਦਿੱਤੀ ਗਈ ਸੀ ਤੇ ਉਨ੍ਹਾਂ ਨੂੰ ਮੈਕਸੀਮਮ ਸਕਿਓਰਟੀ ਜੇਲ ਨਾਭਾ ਭੇਜ ਦਿੱਤਾ ਸੀ।
ਜਥੇਦਾਰ ਕਾਉਂਕੇ ਦੀ ਸ਼ਹਾਦਤ ਤੋਂ ਲੈ ਕੇ ਹੁਣ ਤੱਕ ਇਸ ਨਾਲ ਜੁੜੇ ਸਮੁੱਚੇ ਘਟਨਾਕ੍ਰਮ ਤੋਂ ਇੱਹ ਗੱਲ ਸਪੱਸ਼ਟ ਹੈ ਕਿ ਕਤਲੇਆਮ ਅਤੇ ਨਸਲਕੁਸ਼ੀ ਦੇ ਨੰਗੇ ਰੂਪ ਦੇ ਨਾਲ ਨਾਲ ਇੰਡੀਅਨ ਤੰਤਰ ਸਿੱਖਾਂ ਦੀਆਂ ਸਰਗਰਮ ਹਸਤੀਆਂ, ਸੰਸਥਾਵਾਂ ਅਤੇ ਜਥਿਆਂ ਨੂੰ ਦਬਾ ਕੇ ਰੱਖਣ ਦੀ ਹਰ ਕੋਸ਼ਿਸ਼ ਕਰਦਾ ਰਹੇਗਾ। ਇਸ ਲੇਖ ਅਤੇ ਇਸ ਵਿੱਚ ਉਜਾਗਰ ਕੀਤੇ ਗਏ ਤੱਥਾਂ ਮੁਤਾਬਿਕ ਮਸਲਾ ਸਿਰਫ ਸਜਾਵਾਂ ਦੀ ਨਹੀਂ ਸਗੋਂ ਸਮੁੱਚੇ ਸਟੇਟ ਤੰਤਰ ਦੀ ਸਿੱਖ ਨਸਲਕੁਸ਼ੀ ਵਿੱਚ ਹਿੱਸੇਦਾਰੀ ਨੂੰ ਪਰਦਾਫਾਸ਼ ਕਰਕੇ ਸੁਤੰਤਰ ਤੌਰ 'ਤੇ ਪੰਥਕ ਰਵਾਇਤ ਮੁਤਾਬਿਕ ਅਗਲਾ ਪੈਂਡਾ ਸਰ ਕਰਨ ਦਾ ਹੈ।
ਜੋ ਵੀ ਸਿੱਖ ਜਨਤਕ ਤੌਰ ‘ਤੇ ਖਾਲਸਾ ਜੀ ਦੇ ਬੋਲ ਬਾਲੇ ਅਤੇ ਖਾਲਿਸਤਾਨ ਦੇ ਸੰਘਰਸ਼ ਲਈ ਵਚਨਬੱਧ ਹੋ ਕੇ ਘਰੋਂ ਤੁਰੇਗਾ ਉਸ ਨੂੰ ਛੇਤੀ ਹੀ ਸੁਰੱਖਿਆਂ ਬਲਾ ਰਾਹੀ ਇੰਡਆਨ ਜਮਹੂਰੀਅਤ ਦੀ ਅਸਲੀਅਤ ਬਾਰੇ ਹਿੰਸਾ ਰਾਹੀਂ ਹੀ ਸਮਝਾਇਆ ਜਾਂਦਾ ਹੈ। ਇਸ ਤਰ੍ਹਾਂ ਹਥਿਆਰਬੰਦ ਸ਼ੰਘਰਸ਼ ਤੋਂ ਬਾਅਦ ਜਬਰ ਨਾਲ ਲਾਗੂ ਕੀਤੀ ਅਖੌਤੀ ਸ਼ਾਂਤੀ ਕਿਸੇ ਰਾਜਨੀਤਿਕ ਸੰਧੀ ਕਰਕੇ ਨਹੀਂ, ਸਗੋਂ ਦਮਨਕਾਰੀ ਰਾਜ ਦੇ ਹਿੰਸਾ ਨੂੰ ਸਰਵ-ਵਿਆਪਕ ਬਣਾ ਕੇ ਹੀ ਕਾਇਮ ਕੀਤੀ ਗਈ ਹੈ। ਅਖੌਤੀ ਸ਼ਾਂਤੀ ਦੇ ਵਹਿਮ ਅਤੇ ਇੰਡੀਆ ਦੇ ਕਾਨੂੰਨੀ ਨਿਆਂ ਦੀ ਆਸ ਨੂੰ ਪਾਲਣ ਦੀ ਬਜਾਏ ਭਾਈ ਮੰਝਪੁਰ ਦੀ ਲਿਖਤ ਇਸ ਹਕੀਕਤ ਬਾਰੇ ਸਾਨੂੰ ਚੰਗੀ ਤਰ੍ਹਾਂ ਸਮਝਾਂਉਦੀ ਹੈ। -ਸੰਪਾਦਕ
“੧ ਜਨਵਰੀ ੧੯੯੩ ਦੀ ਸ਼ਾਮ ਨੂੰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸਦਰ ਪੁਲਿਸ ਠਾਣੇ ਜਗਰਾਓਂ ਤੋਂ ਚੁੱਕ ਕੇ ਕਿਸੇ ਹੋਰ ਥਾਂ ’ਤੇ ਲਿਜਾਇਆ ਗਿਆ। ਉਸ ਸਮੇਂ ਉਹ ਲਗਭਗ ਮਰਿਆ ਹੋਇਆ ਸੀ, ਕਿਉਂਕਿ ਜਿੰਨਾ ਤਸ਼ੱਦਦ ਉਸ ’ਤੇ ਹੋਇਆ ਸੀ, ਉਹ ਬਿਆਨ ਕਰਨਾ ਔਖਾ ਹੈ।” ਇਹ ਬਿਆਨ ਮਨੁੱਖੀ ਹੱਕਾਂ ਦੇ ਕਾਰਕੁੰਨ ਰਾਮ ਨਰਾਇਣ ਕੁਮਾਰ ਦੀ ਪੁਸਤਕ “ਪੰਜਾਬ ਵਿੱਚ ਦਹਿਸ਼ਤ” ਵਿਚ ਉਸ ਸਮੇਂ ਡਿਊਟੀ ’ਤੇ ਤਾਇਨਾਤ ਇੱਕ ਐਸ. ਐਸ. ਪੀ ਨਾਲ ਮੁਲਾਕਾਤ ਦੇ ਹਵਾਲੇ ਰਾਹੀਂ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਧਾਰਮਿਕ ਸਖਸ਼ੀਅਤ ਜਥੇਦਾਰ ਕਾਉਂਕੇ ਨੂੰ ਉਸ (ਐਸ. ਐਸ. ਪੀ) ਦੀ ਮੌਜੂਦਗੀ ਵਿੱਚ ਸਦਰ ਪੁਲਿਸ ਠਾਣੇ ਜਗਰਾਓਂ ਵਿੱਚ ਤਸ਼ੱਦਦ ਕਰਕੇ ਮੌਤ ਦੇ ਨੇੜੇ ਪਹੁੰਚਾਇਆ ਗਿਆ। ਐਸ. ਐਸ. ਪੀ ਜਗਰਾਓਂ ਸਵਰਨ ਘੋਟਨਾ ਨੇ ਜਥੇਦਾਰ ਕਾਉਂਕੇ ਨੂੰ ਇਸ ਕਰਕੇ ਮਾਰਨ ਦਾ ਫੈਸਲਾ ਕੀਤਾ ਕਿ ਉਸਦਾ ਤਬਾਦਲਾ ਰੁਕ ਜਾਵੇ। ਪੁਸਤਕ ਦੇ ਲੇਖਕ ਨੇ ਜਿਸ ਐਸ. ਐਸ. ਪੀ ਨਾਲ ਮੁਲਾਕਾਤ ਕੀਤੀ ਉਸ ਦਾ ਨਾਂ ਕਿਤਾਬ ਵਿੱਚ ਜ਼ਾਹਰ ਨਹੀਂ ਕੀਤਾ।
ਇਸ ਮੁਲਾਕਾਤ (ਇੰਟਰਵਿਊ) ਮੁਤਾਬਕ ‘੧ ਜਨਵਰੀ ੧੯੯੩ ਦੀ ਸ਼ਾਮ ਨੂੰ ਉਸਨੇ ਦੇਖਿਆ ਕਿ ਜਥੇਦਾਰ ਕਾਉਂਕੇ ਸਦਰ ਪੁਲਿਸ ਠਾਣਾ ਜਗਰਾਓਂ ਦੇ ਇੱਕ ਸੈੱਲ ਵਿੱਚ ਫਰਸ਼ ਉੱਤੇ ਗੁੱਛਾ-ਮੁੱਛਾ ਬਣ ਕੇ ਲੇਟਿਆ ਹੋਇਆ ਸੀ। ਇਸੇ ਦੌਰਾਨ ਸਵਰਨ ਸਿੰਘ ਐੱਸ. ਐੱਸ. ਪੀ ਜਗਰਾਓਂ ਨੇ ਜਥੇਦਾਰ ਕਾਉਂਕੇ ਉੱਤੇ ਪਾਇਆ ਹੋਇਆ ਕੰਬਲ ਲਾਹ ਕੇ ਸੁੱਟ ਦਿੱਤਾ ਤੇ ਡੀ. ਐਸ. ਪੀ ਸੋਢੀ ਤੇ ਇੱਕ ਪੁਲਿਸ ਮੁਲਾਜ਼ਮ ਚਾਨਣ ਸਿੰਘ ਨੇ ਉਸਦੇ ਠੁੱਢੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਉਸਦਾ ਖੂਨ ਵਗਣਾ ਸ਼ੁਰੂ ਹੋਇਆ ਤਾਂ ਸਵਰਨ ਸਿੰਘ ਨੇ ਮੇਰੇ ਵੱਲ ਵੇਖਿਆ ਤੇ ਕਿਹਾ “ਤੁਹਾਡੇ ਜਥੇਦਾਰ ਦਾ …’’। ਉਸਨੇ ਵਾਰ-ਵਾਰ ਇਹ ਗੱਲ ਕਹੀ ਕਿਉਂਕਿ ਜਥੇਦਾਰ ਕਾਉਂਕੇ ਨਾਲ ਹਮਦਰਦੀ ਕਾਰਨ ਉਹ ਮੈਨੂੰ ਟਾਂਚਬਾਜ਼ੀ ਕਰ ਰਿਹਾ ਸੀ’।
ਐਸ. ਐਸ. ਪੀ ਮੁਤਬਿਕ ਜਥੇਦਾਰ ਕਾਉਂਕੇ ਦੇ ਕਿਸੇ ਵੀ ਕੇਸ ਵਿੱਚ ਸ਼ਾਮਿਲ ਹੋਣ ਬਾਰੇ ਕੋਈ ਪੱਕਾ ਸਬੂਤ ਨਹੀਂ ਸੀ ਮਿਲ ਰਿਹਾ ਅਤੇ ਉਸਨੇ ਸਮੇਂ ਦੇ ਐਸ. ਐਸ. ਪੀ ਸਵਰਨ ਘੋਟਨਾ ਨਾਲ ਇਸ ਮਸਲੇ ’ਤੇ ਝਗੜਾ ਵੀ ਕੀਤਾ। ਉਸ ਸਮੇਂ ਠਾਣਾ ਸਦਰ ਜਗਰਾਓਂ ਦੇ ਐਸ. ਐਚ. ਓ. ਗੁਰਮੀਤ ਸਿੰਘ ਨੇ ਉਸ ’ਤੇ ਤਰਸ ਖਾ ਕੇ ਕਾਉਂਕੇ ਦੇ ਸੈਲ ਵਿੱਚ ਇਕ ਕੰਬਲ ਤੇ ਹੀਟਰ ਲਾ ਦਿੱਤਾ। ਉਸਦੀ ਇਸ ਹਮਦਰਦੀ ਕਾਰਨ ਐਸ. ਐਸ. ਪੀ ਸਵਰਨ ਘੋਟਨਾ ਨੇ ਉਸਨੂੰ ਗਾਲਾਂ ਤੱਕ ਕੱਢੀਆਂ ਤੇ ਇਸ ਪਿੱਛੋਂ ਉਸ ’ਤੇ ਫਿਰ ਤਸ਼ੱਦਦ ਕੀਤਾ ਗਿਆ ਜਿਸ ਨਾਲ ਉਸ ਦਾ ਲੱਕ ਤੋਂ ਹੇਠਲਾ ਹਿੱਸਾ ਟੁੱਟ ਗਿਆ ਤੇ ਬੁਰੀ ਤਰ੍ਹਾਂ ਖੂਨ ਵਹਿਣਾ ਸ਼ੁਰੂ ਹੋ ਗਿਆ।
ਅਸਲ ਵਿੱਚ ੨੫ ਦਸੰਬਰ ੧੯੯੨ ਨੂੰ ਜਥੇਦਾਰ ਕਾਉਂਕੇ ਨੂੰ ਹਜ਼ਾਰਾਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡੋਂ ਚੁੱਕਿਆ ਗਿਆ ਸੀ ਤੇ ੪ ਜਨਵਰੀ ੧੯੯੩ ਦੀਆਂ ਅਖਬਾਰਾਂ ਵਿੱਚ ਉਸਦੀ ਫਰਾਰੀ ਦੀਆਂ ਖਬਰਾਂ ਲੱਗ ਗਈਆਂ। ਇਸ ਦਰਮਿਆਨ ਦੀ ਵਾਪਰੀ ਸੱਚਾਈ ਉੱਤੋਂ ਪਰਦਾ ਚੁੱਕਣ ਲਈ ਮੁੱਖ ਮੰਤਰੀ ਪਰਕਾਸ਼ ਬਾਦਲ ਵੱਲੋਂ ੧੯੯੭ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਏ. ਡੀ. ਜੀ. ਪੀ ਬੀ. ਪੀ. ਤਿਵਾੜੀ ਨੂੰ ਇਸ ਕਾਂਡ ਦੀ ਜਾਂਚ ਸੌਂਪੀ ਗਈ ਜਿਸ ਨੇ ਜਥੇਦਾਰ ਕਾਉਂਕੇ ਦੇ ਕਤਲ ਲਈ ਪੁਲਿਸ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਪਰ ਬਾਦਲ ਸਰਕਾਰ ਨੇ ਇਸ ਰਿਪੋਰਟ ਦੇ ਅਧਾਰ ’ਤੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ, ਹਾਲਾਂ ਕਿ ਸ਼੍ਰੀ ਤਿਵਾੜੀ ਦੇ ੨੨ ਫਰਵਰੀ ੨੦੦੦ ਨੂੰ ਛਪੇ ਬਿਆਨ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਸ ਕਾਂਡ ਵਿੱਚ ਪੁਲਿਸ ਪੂਰੀ ਤਰ੍ਹਾਂ ਦੋਸ਼ੀ ਹੈ।
ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਮਾਮਲੇ ਦੀ ਮੁੜ ਜਾਂਚ ਸੰਨ ੨੦੦੩ ਵਿੱਚ ਪੁਲਿਸ ਦੇ ਆਈ. ਜੀ. ਐੱਸ. ਕੇ. ਸ਼ਰਮਾ, ਜਗਰਾਓਂ ਦੇ ਐੱਸ. ਐੱਸ. ਪੀ ਸੁਖਵਿੰਦਰ ਸਿੰਘ ਛੀਨਾ ਤੇ ਦੋ ਹੋਰ ਪੁਲਿਸ ਕਪਤਾਨਾਂ ਤੋਂ ਕਰਵਾਈ। ਨਵੀਂ ਜਾਂਚ ਵਿੱਚ ਪੁਲਿਸ ਨੂੰ ‘ਕਲੀਨ ਚਿੱਟ’ ਦੇ ਦਿੱਤੀ ਗਈ ਤੇ ਨਾਲ ਹੀ ਪੁਲਿਸ ਨੂੰ ਹਿਦਾਇਤ ਕੀਤੀ ਗਈ ਕਿ ਉਹ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਲੱਭੇ ਤੇ ਗ੍ਰਿਫਤਾਰ ਕਰੇ।
ਪਿਛਲੇ ਦਿਨੀਂ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਨੂੰ ਪੰਜਾਬ ਵਿਚਲੇ ਅਠਾਰਾਂ ਹਜ਼ਾਰ ਭਗੌੜਿਆ ਵਿੱਚੋਂ ਅੱਧੇ ਭਗੌੜਿਆਂ ਨੂੰ ੬ ਮਹੀਨਿਆਂ ਵਿੱਚ ਗ੍ਰਿਫਤਾਰ ਕਰਨ ਲਈ ਕਿਹਾ ਹੈ। ਪਰ ਇਹਨਾਂ ਭਗੌੜਿਆਂ ਵਿੱਚੋਂ ਬਹੁਤਿਆਂ ਦੀ ਸੱਚਾਈ ਜਥੇਦਾਰ ਕਉਂਕੇ ਵਰਗੀ ਹੈ, ਜਿਨ੍ਹਾਂ ਨੂੰ ਪੁਲਿਸ ਨੇ ਮਾਰ ਕੇ ਖਪਾ ਦਿੱਤਾ ਹੈ, ਲੇਕਿਨ ਪੁਲਿਸ ਰਿਕਾਰਡ ਵਿੱਚ ਉਹ ਅਜੇ ਵੀ ਭਗੌੜੇ ਕਰਾਰ ਦਿੱਤੇ ਹੋਏ ਹਨ।
ਸੋ ਮਨੁੱਖੀ ਹੱਕਾਂ ਦੀ ਪੈਰਵੀ ਕਰਨ ਵਾਲੀਆਂ ਜਥੇਬੰਦੀਆਂ ਦੀ ਇਹ ਜ਼ਿੰਮੇਵਾਰੀ ਬਣੀ ਹੈ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ੧੮ਵੀਂ ਬਰਸੀ ਮੌਕੇ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਆਵਾਜ਼ ਬੁਲੰਦ ਕਰਨ। ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀ; ਕਿਉਂਕਿ ਉਨਹਾਂ ਦੇ ਹਮ-ਰੁਤਬਾ ਤੇ ਕੌਮ ਦੀ ਸਿਰਮੌਰ ਹਸਤੀ ਨੂੰ ਪੁਲਿਸ ਵੱਲੋਂ ਮਾਰ ਕੇ ਖਪਾ ਦਿੱਤਾ ਗਿਆ ਹੈ ਤੇ ਕਾਤਲ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ।