ਦੱਖਣੀ ਏਸ਼ੀਆ ਵਿੱਚ ਰਾਜਨੀਤਕ ਬਦਲਾਅ ਅਤੇ ਸਿੱਖ ਰਣਨੀਤੀ
ਭਾਈ ਜਸਪਾਲ ਸਿੰਘ ਮੰਝਪੁਰ ਨਾਲ ਖਾਸ ਗੱਲਬਾਤ
To read the original English version, https://www.panthpunjab.com/p/counter-insurgency-as-state-policy
ਇੰਡੀਅਨ ਸਟੇਟ ਪੂਰੇ ਉਪ-ਮਹਾਦੀਪ ਵਿੱਚ ਵਿਰੋਧ ਦੀਆਂ ਉੱਠ ਰਹੀਆਂ ਆਵਾਜ਼ਾਂ ਦਾ ਗਲਾ ਘੁੱਟਣ ਦਾ ਵਰਤਾਰਾ ਦਿਨੋਂ-ਦਿਨ ਵਧਾ ਰਿਹਾ ਹੈ। ਇਸ ਮਾਹੌਲ ਦੇ ਵਿੱਚ ਅਸੀਂ ਲੰਘੇ ੮ ਜੂਨ ਨੂੰ ਭਾਈ ਜਸਪਾਲ ਸਿੰਘ ਮੰਝਪੁਰ ਨਾਲ ਦਿੱਲੀ ਤਖਤ ਦੇ ਸਿੱਖ ਲਹਿਰ ਪ੍ਰਤੀ ਵਤੀਰੇ ਨੂੰ ਇਤਿਹਾਸਕ ਪਰਿਪੇਖ ਵਿੱਚ ਅਤੇ ਇਸ ਵਿੱਚ ਆਏ ਬਦਲਾਅ ਨੂੰ ਸਮਝਣ ਲਈ ਗੱਲਬਾਤ ਕੀਤੀ। ਇਸ ਵਿਚਾਰ-ਚਰਚਾ ਵਿੱਚ ਇੰਡੀਅਨ ਰਾਜ ਦੇ ਦਮਨਕਾਰੀ ਚਿਹਰੇ 'ਤੇ ਚਾਨਣਾ ਪਾਉਂਦੇ ਹੋਏ ਜਬਰ ਕਰਨ ਦੇ ਕਨੂੰਨੀ ਸੰਦ ਅਤੇ ਭਾਜਪਾ ਦੀ ਭਿੰਨਤਾ ਅਤੇ ਵਿਰੋਧ ਪ੍ਰਤੀ ਨਵੀਂ ਪਹੁੰਚ ਬਾਰੇ ਖਾਸ ਚਰਚਾ ਕੀਤੀ ਗਈ।
ਕਈ ਸਿੱਖ ਸਿਆਸੀ ਕੈਦੀਆਂ ਦੇ ਵਕੀਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਭਾਈ ਜਸਪਾਲ ਸਿੰਘ ਮੰਝਪੁਰ – ਜੋ ਆਪ ਵੀ ਕਿਸੇ ਸਮੇਂ ਸਿੱਖ ਸਿਆਸੀ ਕੈਦੀ ਰਹੇ ਹਨ – ਨੂੰ ਇੰਡੀਅਨ ਅਜੰਸੀਆਂ ਵਲੋਂ ਸਿੱਖ ਨੌਜਵਾਨਾਂ ਉੱਤੇ ਜਬਰ ਲਈ ਵਰਤੇ ਜਾਂਦੇ ਵੱਖੋ-ਵੱਖਰੇ – ਕਨੂੰਨੀ ਅਤੇ ਗੈਰ-ਕਨੂੰਨੀ - ਤਰੀਕਿਆਂ ਦੀ ਡੂੰਘੀ ਸਮਝ ਹੈ।
ਸਾਡੇ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਲਈ ਤਿਆਰੀ ਕਰਨ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਸਾਨੂੰ ਪੰਜਾਬ ਦੀਆਂ ਅਜੋਕੀਆਂ ਜਮੀਨੀ ਹਕੀਕਤਾਂ ਬਾਰੇ ਠੋਸ ਸਮਝ ਹੋਵੇ ਤਾਂ ਕਿ ਮਹਿਜ਼ ਬਿਆਨਬਾਜ਼ੀ ਜਾਂ ਸਾਜਸ਼ੀ ਨਜ਼ਰੀਏ (ਕੌਨਸਪੀਰੇਸੀ) ਤੋਂ ਅੱਗੇ ਲੰਘਦੇ ਹੋਏ ਸਾਡਾ ਨੀਤੀ ਪੈਂਤੜਾ ਤੱਥਾਂ ਉੱਤੇ ਅਧਾਰਤ ਹੋਵੇ। ਇਹ ਨੁਕਤਾ ਪੰਜਾਬ ਤੋਂ ਬਾਹਰ ਰਹਿੰਦੇ ਸਿੱਖ ਹਿਜਰਤੀ ਅਤੇ ਜਲਾਵਤਨੀ ਭਾਈਚਾਰੇ (ਡਾਇਸਪੋਰਾ) ਲਈ ਖਾਸ ਮਹੱਤਤਾ ਰੱਖਦਾ ਹੈ।
ਪਾਠਕਾਂ ਦੀ ਸਹੂਲਤ ਲਈ ਗੱਲਬਾਤ ਦੇ ਕੇਂਦ੍ਰੀ ਨੁਕਤਿਆਂ 'ਤ ਵਿਚਾਰ ਕਰਨ ਲਈ ਇਸ ਲੜੀ ਵਿੱਚ ਇਹ ਤੀਜੀ ਅਤੇ ਅਖੀਰਲੀ ਕਿਸ਼ਤ ਹੈ। ਪਹਿਲੀ ਅਤੇ ਦੂਜੀ ਕਿਸ਼ਤ ਪੜਨ ਦੇ ਲਈ:
੧. www.panthpunjab.com/p/aman-kanoon-di-arh-heth
੨. www.panthpunjab.com/p/deradicalisation-ate-police-de-cyber-cell
ਪੂਰੀ ਗੱਲਬਾਤ ਨੂੰ ਸੁਣਨ ਦੇ ਲਈ ਇੱਥੇ ਕਲਿੱਕ ਕਰੋ।
ਇੰਡੀਅਨ ਸੁਰੱਖਿਆ ਬਲਾਂ ਦੇ ਤਹਿਸ਼ੁਦਾ ਤਰੀਕਾਕਾਰ ਰਾਹੀਂ ਉਹ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਦਬਾਉਣ ਅਤੇ ਰਾਜਸੀ ਵਿਰੋਧ ਨੂੰ ਡੱਕਣ ਦਾ ਕੰਮ ਕਰਦੇ ਹਨ। ਇਹ ਕਾਰਵਾਈ ਬੜੀ ਤੇਜ਼ੀ ਨਾਲ ਹੀ ਹੋ ਨਿਬੜਦੀ ਹੈ ਤਾਂ ਜੋ ਪੰਥਕ ਸਰਗਰਮੀ ਇੱਕ ਪੂਰੀ ਤਰ੍ਹਾਂ ਜਥੇਬੰਦ ਅਤੇ ਨੀਤੀਬੱਧ ਰਾਜਨਤਿਕ ਲਹਿਰ ਦੇ ਤੌਰ ‘ਤੇ ਨਾ ਉੱਭਰ ਸਕੇ।
ਪਿੱਛਲੇ ਸਾਲ ਦੇ ਸਮੁੱਚੇ ਘਟਨਾਕ੍ਰਮ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਅਜੋਕੀ ਹਕੂਮਤ ਦਾ ਰਵਈਆ ਪਹਿਲਾਂ ਰਹੇ ਸ਼ਾਸ਼ਕਾਂ ਨਾਲੋਂ ਵੱਖਰਾ ਹੈ। ਮੌਜੂਦਾ ਦੌਰ ਵਿੱਚ ਵਿਆਪਕ ਨਸਲਘਾਤੀ ਹਿੰਸਾ ਦੇ ਥਾਂ 'ਤੇ ਫਿਲਹਾਲ ਸਿੱਖ ਜੁਝਾਰੂਆਂ ਨੂੰ ਚੁਣ ਕੇ ਕਤਲ ਕਰਨ ਵੱਲ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਨਾਲ ਹੀ ਮਨੋਵਗਿਆਨਕ ਹਮਲੇ, ਮਾਨਸਿਕ ਤਣਾਅ ਅਤੇ ਅੰਦਰੂਨੀ ਖਿੰਡਾਅ ਵਧਾਉਣ ਨੂੰ ਵੱਧ ਅਹਿਮੀਅਤ ਦਿੱਤੀ ਜਾ ਰਹੀ ਹੈ। ਮੌਜੂਦਾ ਸਥਿੱਤੀ ਦਾ ਜਾਇਜ਼ਾ ਲੈਂਦਿਆਂ, ਭਾਈ ਜਸਪਾਲ ਸਿੰਘ ਸਪੱਸ਼ਟ ਸ਼ਬਦਾਂ ਵਿੱਚ ਜ਼ਿਕਰ ਕਰਦੇ ਹਨ ਕਿ ਭਾਜਪਾ ਦੀ ਨੀਤੀ ਤਹਿਤ ਸਿੱਖ ਧਿਰਾਂ ਵਿੱਚਕਾਰ ਤਣਾਅ ਅਤੇ ਕਲੇਸ਼ ਨੂੰ ਤੂਲ ਦੇਣ ਦੀ ਨੀਤੀ ਜਾਰੀ ਹੈ ਤਾਂ ਕਿ "ਕੰਟ੍ਰੌਲਡ ਕੇਔਸ" (controlled chaos) ਪੈਦਾ ਕੀਤਾ ਜਾ ਸਕੇ।
ਮਿਸਾਲ ਦੇ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜ਼ਿਕਰ ਕਰਦੇ ਹਨ ਕਿ ਭਾਜਪਾ ਅੰਦਰੂਨੀ ਫੁੱਟ ਅਤੇ ਧੜੇਬੰਦੀ ਨੂੰ ਹਵਾ ਦੇ ਰਹੀ ਹੈ ਤਾਂ ਜੋ ਕੇਂਦਰੀ ਸਿੱਖ ਸੰਸਥਾਵਾਂ ਨੂੰ ਆਪਣੇ ਅਸਿੱਧੇ ਕਬਜੇ ਜਾਂ ਅਸਰ ਹੇਠ ਰੱਖਿਆ ਜਾ ਸਕੇ। ਅੰਦਰੂਨੀ ਧੜ੍ਹੇਬੰਦੀ ਨੂੰ ਵਧਾ ਕੇ ਭਾਜਪਾ ਵੱਡੀਆਂ ਸਿੱਖ ਸੰਸਥਾਵਾਂ ਦੇ ਪ੍ਰਬੰਧ ਵਿੱਚ ਖਿਲਾਰਾ ਪਾ ਰਹੀ ਹੈ ਅਤੇ ਨਾਲ ਦੀ ਨਾਲ ਇੱਕ ਇੱਕ ਧੜ੍ਹੇ ਨੂੰ ਆਪਣੇ ਦਾਬੇ ਹੇਠ ਰੱਖਕੇ ਸਿੱਖ ਸੰਸਥਾਵਾਂ ਨੂੰ ਅਸਿੱਧੇ ਤੌਰ ਤੇ ਆਪਣੇ ਹੇਠ ਲਿਆ ਰਹੀ ਹੇ।
ਇਨ੍ਹਾਂ ਹਾਲਾਤਾਂ ਵਿੱਚ ਭਾਈ ਜਸਪਾਲ ਸਿੰਘ ਸਿੱਖ ਨੌਜਵਾਨਾਂ ਨੂੰ ਆਪਣੇ ਨਿੱਜੀ ਅਤੇ ਹੋਰਨਾਂ ਆਗੂਆਂ ਦੇ ਤਜ਼ਰਬੇ ਵਿੱਚੋ ਕੁੱਝ ਨੁਕਤੇ ਸਾਂਝੇ ਕਰਦੇ ਹੋਏ ਆਪਣੀ ਗੱਲ ਨੂੰ ਖਤਮ ਕਰਦੇ ਹਨ ਕਿ ਵਿਦੇਸ਼ ਵਿੱਚ ਰਹਿੰਦੇ ਸਿੱਖ ਨੌਜਵਾਨਾਂ ਸਥਾਨਕ ਪੱਧਰ ਉੱਤੇ ਜਥੇਬੰਦ ਹੋ ਕੇ ਭੂ-ਰਾਜਨੀਤਕ ਪੱਧਰ ਉੱਤੇ ਹੁੰਦੇ ਬਦਲਾਅ ਨੂੰ ਧਿਆਨ ਵਿੱਚ ਰੱਖਣ ਅਤੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਪੰਜਾਬ ਦੀ ਅਤੇ ਦੱਖਣੀ ਏਸ਼ੀਆਈ ਖਿੱਤੇ ਦੀ ਸਿਆਸਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਉਹ ਇਸ ਗੱਲ ਉੱਤੇ ਵੀ ਜ਼ੋਰ ਦਿੰਦੇ ਹਨ ਕਿ ਪੰਥਕ ਅਗਵਾਈ ਦਾ ਵਿਕੇਂਦਰੀਕਰਨ ਸਮੇਂ ਦੀ ਮੁੱਖ ਲੋੜ ਹੈ ਅਤੇ ਦਰਜਾਬੰਦੀ ਅਧਾਰਿਤ ਜਥੇਬੰਦੀਆਂ ਦੀ ਬਣਤਰ ਤੋਂ ਪਾਸਾ ਵੱਟਣਾ ਚਾਹੀਦਾ ਹੈ ਜੋ ਕਿ ਅਫਸਰਸ਼ਾਹੀ ਦੀ ਤਰਜ਼ ਉੱਤੇ ਅਗਵਾਈ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਹ ਵਿਕੇਂਦਰੀਕਰਨ ਵਾਲਾ ਮਾਡਲ ਸਟੇਟ ਦੀ ਨੀਤੀ ਦੇ ਸਨਮੁੱਖ ਸਾਡੀ ਤਾਕਤ ਵਿੱਚ ਕਈ ਗੁਣਾਂ ਵਾਧਾ ਕਰੇਗਾ ਅਤੇ ਸਟੇਟ ਵੱਲੋਂ ਵਰਤੇ ਜਾਂਦੇ ਮਾਰੂ ਹੀਲਿਆਂ ਨੂੰ ਵੀ ਥੰਮ੍ਹਣ ਵਿੱਚ ਕਾਰਗਰ ਹੋਵੇਗਾ।
ਸਾਰੇ ਪੰਥਕ ਜਥਿਆਂ ਅਤੇ ਜਥੇਬੰਦੀਆਂ ਨੂੰ ਇੱਕੋ ਸਾਂਚੇ ਵਿੱਚ ਫਿੱਟ ਕਰਨ ਦੀ ਥਾਂ ਭਾਈ ਮੰਝਪੁਰ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਇੱਕੋ ਸਮੇਂ ਵੱਖ-ਵੱਖ ਜਥਿਆਂ ਨੂੰ ਆਪਣੇ ਪੱਧਰ ਉੱਤੇ ਸਿੱਖ ਲਹਿਰ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪੁਰਾਤਨ ਰਵਾਇਤ ਅਨੁਸਾਰ ਚੰਗਾ ਆਪਸੀ ਤਾਲਮੇਲ ਸਥਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਅਖੀਰ ਵਿੱਚ ਉਹ ਸਿੱਖ ਨੌਜਵਾਨਾਂ ਨੂੰ ਬੇਨਤੀ ਕਰਦੇ ਹਨ ਕਿ ਜਿਹੜੇ ਨੌਜਵਾਨ ਸੁਰੱਖਿਅਤ ਤਰੀਕੇ ਨਾਲ ਪੰਜਾਬ ਆ ਸਕਦੇ ਹਨ ਉਹ ਪੰਜਾਬ ਵਿੱਚ ਕੁੱਝ ਸਮੇਂ ਲਈ ਵਿਚਰਨ ਦੀ ਕੋਸ਼ਿਸ਼ ਜ਼ਰੂਰ ਕਰਨ। ਭਾਈ ਮੰਝਪੁਰ ਦੱਸਦੇ ਹਨ ਸਿੱਖ ਨੌਜਵਾਨ ਪੰਜਾਬ ਦੀਆਂ ਜਮੀਨੀ ਹਕੀਕਤਾਂ ਨੂੰ ਸਮਝਣ ਅਤੇ ਇਨ੍ਹਾਂ ਤੋਂ ਸੇਧ ਲੈ ਕੇ ਠੋਸ ਰਾਏ ਬਣਾਉਣ ਤਾਂ ਜੋ ਉਹ ਸਾਰਥਕ ਪੰਥਕ ਲਹਿਰ ਸਿਰਜਣ ਵਿੱਚ ਬਣਦਾ ਯੋਗਦਾਨ ਪਾ ਸਕਣ।